LED ਕੰਪਨੀ ਦੇ ਸਟਾਫ ਨੇ ਹੀ ਹਜ਼ਾਰਾਂ ਸਟ੍ਰੀਟ ਲਾਈਟਾਂ ਦੀਆਂ ਤਾਰਾਂ ਨੂੰ ਕੱਟ ਦਿੱਤਾ, ਅੱਧਾ ਸ਼ਹਿਰ ਹਨੇਰੇ ’ਚ ਡੁੱਬਿਆ

01/09/2023 3:36:26 PM

ਜਲੰਧਰ (ਖੁਰਾਣਾ)- ਸ਼ਹਿਰ ਦੀ ਪੁਰਾਣੀ ਹੋ ਚੁੱਕੀਆਂ ਸਟ੍ਰੀਟ ਲਾਈਟਾਂ ਨੂੰ ਬਦਲਣ ਦੇ ਕੰਮ ’ਤੇ 50-60 ਕਰੋੜ ਰੁਪਏ ਖ਼ਰਚ ਕਰਨ ਦੇ ਬਾਵਜੂਦ ਵੀ ਜਲੰਧਰ ਸ਼ਹਿਰ ਦੇ ਸਟ੍ਰੀਟ ਲਾਈਟ ਸਿਸਟਮ ’ਚ ਕੋਈ ਸੁਧਾਰ ਨਹੀਂ ਆਇਆ ਹੈ। ਜ਼ਿਕਰਯੋਗ ਹੈ ਕਿ ਸਮਾਰਟ ਸਿਟੀ ਦੇ ਲਗਭਗ 50 ਕਰੋੜ ਦੇ ਪ੍ਰਾਜੈਕਟ ਤਹਿਤ ਪੁਰਾਣੀ ਲਾਈਟਾਂ ਨੂੰ ਬਦਲ ਤਾਂ ਦਿੱਤਾ ਗਿਆ ਪਰ ਇਸ ਪ੍ਰਾਜੈਕਟ ਦੀ ਨਿਗਰਾਨੀ ਕਿਸੇ ਅਧਿਕਾਰੀ ਨੇ ਨਹੀਂ ਕੀਤੀ ਤੇ ਕੰਪਨੀ ਨੇ ਵੀ ਬੇਹੱਦ ਦੇਸੀ ਤਰੀਕੇ ਨਾਲ ਸਿਰਫ ਲਾਈਟਾਂ ਨੂੰ ਹੀ ਬਦਲਣ ਦਾ ਕੰਮ ਕੀਤਾ, ਜਿਸ ਕਾਰਨ ਸਾਰੇ ਸਿਆਸੀ ਦਲ ਦੇ ਪ੍ਰਤੀਨਿਧੀਆਂ ’ਚ ਐੱਲ. ਈ. ਡੀ. ਕੰਪਨੀ ਵਿਰੁੱਧ ਰੋਸ ਹੈ।
ਸਮਾਰਟ ਸਿਟੀ ਦੇ ਇਸ ਪ੍ਰਾਜੈਕਟ ਦਾ ਪੰਜਾਬ ਸਰਕਾਰ ਨੇ ਥਰਡ ਪਾਰਟੀ ਆਡਿਟ ਵੀ ਕਰਵਾਇਆ ਸੀ, ਜਿਸ ਦੌਰਾਨ ਕਈ ਗੜਬੜੀਆਂ ਪਾਈਆਂ ਗਈਆਂ ਤੇ ਹੁਣ ਸਮਾਰਟ ਸਿਟੀ ਦੇ ਬਚੇ-ਖੁਚੇ ਅਧਿਕਾਰੀ ਇਨ੍ਹਾਂ ਗੜਬੜੀਆਂ ਨੂੰ ਦੂਰ ਕਰਵਾਉਣ ’ਚ ਲੱਗੇ ਹੋਏ ਹਨ। ਇਸ ਦਰਮਿਆਨ ਦਿੱਲੀ ਦੀ ਐੱਚ. ਪੀ. ਐੱਲ. ਕੰਪਨੀ ਨੇ ਆਪਣੇ 50 ਤੋਂ ਵੱਧ ਕਰਮਚਾਰੀਆਂ ਨੂੰ ਪਿਛਲੇ ਚਾਰ-ਪੰਜ ਮਹੀਨੇ ਤੋਂ ਤਨਖਾਹ ਨਹੀਂ ਦਿੱਤੀ ਹੈ, ਜੋ ਫੀਲਡ ’ਚ ਜਾ ਕੇ ਲਾਈਟਾਂ ਨੂੰ ਜਲਾਉਣ ਬੁਝਾਉਣ ਜਾਂ ਠੀਕ ਆਦਿ ਕਰਨ ਦਾ ਕੰਮ ਕਰਦੇ ਹਨ।

ਇਨ੍ਹਾਂ ਸਟਾਫ ਮੈਂਬਰਾਂ ਨੇ ਬੀਤੇ ਦਿਨੀਂ ਕੌਂਸਲਰ ਹਾਊਸ ਦੀ ਬੈਠਕ ਦੇ ਬਾਹਰ ਰੋਸ ਪ੍ਰਦਰਸ਼ਨ ਵੀ ਕੀਤਾ ਸੀ ਅਤੇ ਨਿਗਮ ਕਮਿਸ਼ਨਰ ਨਾਲ ਵੀ ਉਨ੍ਹਾਂ ਦੀ ਕਾਫੀ ਬਹਿਸਬਾਜ਼ੀ ਹੋਈ ਸੀ। ਕਿਹਾ ਜਾਂਦਾ ਹੈ ਕਿ ਕਮਿਸ਼ਨਰ ਸਾਹਮਣੇ ਰੋਸ ਪ੍ਰਦਰਸ਼ਨ ਕਰਨ ਤੋਂ ਬਾਅਦ ਕੰਪਨੀ ਦੇ ਸਟਾਫ ਨੇ ਸ਼ਾਮ ਦੇ ਸਮੇਂ ਸ਼ਹਿਰ ਦੇ ਕਈ ਸਥਾਨਾਂ ’ਤੇ ਜਾ ਕੇ ਸਟ੍ਰੀਟ ਲਾਈਟਾਂ ਨੂੰ ਜਲਾਉਣ ਵਾਲੀਆਂ ਤਾਰਾਂ ਆਦਿ ਨੂੰ ਕੱਟ ਦਿੱਤਾ ਤੇ ਕਈ ਥਾਵਾਂ ਤੋਂ ਸਵਿਚ ਆਦਿ ਬੰਦ ਕਰ ਦਿੱਤੇ। ਰਾਤ ਹੁੰਦੇ ਹੀ ਜਦੋਂ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ’ਚ ਹਨੇਰਾ ਹੋਣ ਲੱਗਾ ਤਾਂ ਨਿਗਮ ਅਧਿਕਾਰੀਆਂ ਦੇ ਫੋਨ ਦੀਆਂ ਘੰਟੀਆਂ ਵੱਜਣ ਲੱਗੀਆਂ। ਅਜਿਹੇ ’ਚ ਨਿਗਮ ਸਟਾਫ ਨੂੰ ਫੀਲਡ ’ਚ ਭੇਜਿਆ ਗਿਆ ਜਿਨ੍ਹਾਂ ਨੇ ਦਰਜਨ ਭਰ ਥਾਵਾਂ ’ਤੇ ਜਾ ਕੇ ਸਟ੍ਰੀਟ ਲਾਈਟਾਂ ਨੂੰ ਚਾਲੂ ਕੀਤਾ।

ਇਹ ਵੀ ਪੜ੍ਹੋ : ਵਿਦੇਸ਼ੀ ਧਰਤੀ ’ਤੇ ਪਹੁੰਚਣ ਲਈ ਕਾਹਲੀ ਪੰਜਾਬ ਦੀ ਜਵਾਨੀ, ਆਪਣਿਆਂ ਨੂੰ ਉਡੀਕਣ ਲੱਗੇ 'ਬੰਦ ਘਰ'

ਛੋਟੀ ਬਾਰਾਦਰੀ ਦੇ ਸੀ. ਸੀ. ਟੀ. ਵੀ. ਕੈਮਰੇ ’ਚ ਕੈਦ ਹੋ ਗਈ ਘਟਨਾ
ਦਿੱਲੀ ਦੀ ਐੱਲ. ਈ. ਡੀ. ਕੰਪਨੀ ਦੇ ਕਰਮਚਾਰੀਆਂ ਨੇ ਕਿਵੇਂ ਸ਼ਾਮ ਦੇ ਸਮੇਂ ਵੱਖ-ਵੱਖ ਥਾਵਾਂ ’ਤੇ ਜਾ ਕੇ ਸਟ੍ਰੀਟ ਲਾਈਟ ਸਿਸਟਮ ਦੀਆਂ ਤਾਰਾਂ ਨੂੰ ਕੱਟਿਆ। ਇਸ ਬਾਰੇ ਸਾਰੀ ਘਟਨਾ ਛੋਟੀ ਬਾਰਾਦਰੀ ਦੀ ਇਕ ਕੋਠੀ ਦੇ ਬਾਹਰ ਲੱਗੇ ਸੀ. ਸੀ. ਟੀ. ਵੀ. ’ਚ ਕੈਦ ਹੋ ਗਈ ਹੈ। ਜ਼ਿਕਰਯੋਗ ਹੈ ਕਿ ਇਸ ਖੇਤਰ ’ਚ ਜਿੱਥੇ ਕ੍ਰਿਕਟਰ ਹਰਭਜਨ ਸਿੰਘ ਦੀ ਕੋਠੀ ਹੈ, ਉਸ ਲਾਈਨ ’ਚ ਵੀ ਸਟ੍ਰੀਟ ਲਾਈਟ ਦੀਆਂ ਤਾਰਾਂ ਕੱਟੀਆਂ ਗਈਆਂ। ਇਸ ਤੋਂ ਇਲਾਵਾ ਨਾਮਦੇਵ ਚੌਕ ਤੋਂ ਲੈ ਕੇ ਬੀ. ਐੱਮ. ਸੀ. ਚੌਕ, ਬੱਸ ਸਟੈਂਡ ਖੇਤਰ, ਖਾਲਸਾ ਕਾਲਜ ਤੋਂ ਬੀ. ਐੱਸ. ਐੱਫ. ਚੌਕ ਵੱਲ ਜਾਣ ਵਾਲੀ ਸੜਕ, ਨਿਊ ਜਵਾਹਰ ਨਗਰ ਦੇ ਮੇਨ ਮਾਰਕੀਟ, ਛੋਟੀ ਬਾਰਾਦਰੀ, ਅਰਬਨ ਅਸਟੇਟ ਫੇਸ ਵਨ ਫੇਸ ਟੂ, ਗੁਲਮੋਹਰ ਕਾਲੋਨੀ, ਹੁਸ਼ਿਆਰਪੁਰ ਰੋਡ, ਪਠਾਨਕੋਟ ਰੋਡ ਆਦਿ ਬਿਨਾਂ ਗਿਣਤੀ ਸਥਾਨ ਅਜਿਹੇ ਹਨ, ਜਿੱਥੇ ਐੱਲ. ਈ. ਡੀ. ਕੰਪਨੀ ਦੇ ਸਟਾਫ ਨੇ ਸਟ੍ਰੀਟ ਲਾਈਟ ਸਿਸਟਮ ਨੂੰ ਨੁਕਸਾਨ ਪਹੁੰਚਾਇਆ। ਇਸ ਕਾਰਨ ਐਤਵਾਰ ਨੂੰ ਵੀ ਇਨ੍ਹਾਂ ’ਚੋਂ ਜ਼ਿਆਦਾਤਰ ਖੇਤਰ ਦੀਆਂ ਸਟ੍ਰੀਟ ਲਾਈਟਾਂ ਬੰਦ ਰਹੀਆਂ।

ਅੱਜ ਸਮਾਰਟ ਸਿਟੀ ਦਫ਼ਤਰ ਦਾ ਘਿਰਾਓ ਕਰੇਗਾ ਸਟਾਫ
ਕੰਪਨੀ ਦੇ ਕਰਮਚਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਚਾਰ-ਪੰਜ ਮਹੀਨਿਆਂ ਤੋਂ ਕੋਈ ਤਨਖਾਹ ਨਹੀਂ ਮਿਲੀ ਤੇ ਇਸ ਤੋਂ ਪਹਿਲਾਂ ਵੀ ਕੰਪਨੀ ਤਨਖ਼ਾਹ ਦੇਣ ’ਚ ਦੇਰੀ ਕਰਦੀ ਰਹੀ ਹੈ। ਇਸ ਕਾਰਨ ਉਨ੍ਹਾਂ ਦੇ ਘਰਾਂ ਦਾ ਗੁਜਾਰਾ ਹੋਣਾ ਮੁਸ਼ਕਲ ਹੋ ਗਿਆ ਹੈ। ਇਨ੍ਹਾਂ ਕਰਮਚਾਰੀਆਂ ਦਾ ਕਹਿਣਾ ਹੈ ਕਿ ਕੰਪਨੀ ਦੇ ਅਧਿਕਾਰੀ ਇਹ ਬਹਾਨਾ ਲੱਗਾ ਰਹੇ ਹਨ ਕਿ ਸਮਾਰਟ ਸਿਟੀ ਤੋਂ ਉਨ੍ਹਾਂ ਨੂੰ ਪੇਮੈਂਟ ਨਹੀਂ ਹੋ ਰਹੀ, ਜਿਸ ਕਾਰਨ ਤਨਖ਼ਾਹ ਰਿਲੀਜ਼ ਨਹੀਂ ਹੋ ਪਾ ਰਹੀ। ਕੰਪਨੀ ਕਰਮਚਾਰੀਆਂ ਨੇ ਦੱਸਿਆ ਕਿ ਸੋਮਵਾਰ ਨੂੰ ਉਹ ਸਮਾਰਟ ਸਿਟੀ ਦਫ਼ਤਰ ਦਾ ਘਿਰਾਓ ਕਰਨਗੇ।

ਇਹ ਵੀ ਪੜ੍ਹੋ : RTI 'ਚ ਖ਼ੁਲਾਸਾ, ਪੰਜਾਬ 'ਚ 'ਲੰਪੀ ਸਕਿਨ' ਦੀ ਬੀਮਾਰੀ ਨਾਲ ਪਿਛਲੇ ਸਾਲ ਕਰੀਬ 18 ਹਜ਼ਾਰ ਪਸ਼ੂਆਂ ਦੀ ਹੋਈ ਮੌਤ

ਧੁੰਦ ਨੇ ਵਧਾਈ ਪ੍ਰੇਸ਼ਾਨੀ
ਇਨ੍ਹਾਂ ਦਿਨੀਂ ਜਲੰਧਰ ਦਾ ਮੌਸਮ ਬੇਹੱਦ ਸਰਦ ਤੇ ਖਰਾਬ ਚੱਲ ਰਿਹਾ ਹੈ। ਧੁੰਦ ਕਾਰਨ ਪਹਿਲਾਂ ਹੀ ਟ੍ਰੈਫਿਕ ਪ੍ਰਭਾਵਿਤ ਹੈ ਤੇ ਉਪਰੋਂ ਸਟ੍ਰੀਟ ਲਾਈਟਾਂ ਦੇ ਬੰਦ ਹੋਣ ਨਾਲ ਲੋਕਾਂ ਦੀ ਮੁਸ਼ਕਲਾਂ ਹੋਰ ਵਧ ਗਈਆਂ ਹਨ। ਲੋਕ ਸਟ੍ਰੀਟ ਲਾਈਟ ਦੀ ਸਹੂਲਤ ਨਾ ਮਿਲਣ ’ਤੇ ਨਗਰ ਨਿਗਮ ਨੂੰ ਕੋਸ ਰਹੇ ਹਨ। ਟੁੱਟੀਆਂ ਸੜਕਾਂ ਕਾਰਨ ਵੀ ਲੋਕਾਂ ਦੀ ਪ੍ਰੇਸ਼ਾਨੀ ਵੱਧ ਗਈ ਹੈ। ਅਜਿਹੇ ’ਚ ਸੜਕਾਂ ’ਤੇ ਹਨੇਰਾ ਫੈਲੇ ਹੋਣ ਦੇ ਚਲਦੇ ਸ਼ਨੀਵਾਰ ਤੇ ਐਤਵਾਰ ਦੀ ਰਾਤ ਕਈ ਥਾਂ ਐਕਸੀਡੈਂਟ ਵੀ ਹੋਏ।

ਵਿਜੀਲੈਂਸ ਵੀ ਕੁਝ ਨਹੀਂ ਕਰ ਰਹੀ
ਐੱਲ. ਈ. ਡੀ. ਸਟ੍ਰੀਟ ਲਾਈਟ ਪ੍ਰਾਜੈਕਟ ਸ਼ੁਰੂ ਤੋਂ ਹੀ ਵਿਵਾਦਾਂ ’ਚ ਰਿਹਾ ਹੈ। ਇਕ ਕਾਂਗਰਸੀ ਵਿਧਾਇਕ ਨੂੰ ਛੱਡ ਕੇ ਬਾਕੀ 3 ਵਿਧਾਇਕਾਂ, ਮੇਅਰ ਤੇ ਬਾਕੀ ਕੌਂਸਲਰਾਂ ਨੂੰ ਕਦੇ ਇਹ ਪ੍ਰਾਜੈਕਟ ਜਾਂ ਕੰਪਨੀ ਦਾ ਕੰਮਕਾਜ ਪਸੰਦ ਨਹੀਂ ਆਇਆ। ਨਿਗਮ ਦੇ ਪੂਰੇ ਕੌਂਸਲਰ ਹਾਊਸ ਨੇ ਇਸ ਪ੍ਰਾਜੈਕਟ ਦੀ ਅਲੋਚਨਾ ਕਰ ਕੇ ਇਸ ਦੀ ਵਿਜੀਲੈਂਸ ਤੋਂ ਜਾਂਚ ਦਾ ਕੰਮ ਜਲੰਧਰ ਵਿਜੀਲੈਂਸ ਬਿਊਰੋ ਨੂੰ ਸੌਂਪ ਰੱਖਿਆ ਹੈ। ਵਿਜੀਲੈਂਸ ਨੇ ਹੁਣ ਤੱਕ ਇਸ ਮਾਮਲੇ ’ਚ ਕੁਝ ਨਹੀਂ ਕੀਤਾ, ਜਿਸ ਕਾਰਨ ਹਾਲਾਤ ਸੁਧਰਣ ਦੀ ਬਜਾਏ ਵਿਗੜਦੇ ਜਾ ਰਹੇ ਹਨ।

ਇਹ ਵੀ ਪੜ੍ਹੋ : ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ, ਜ਼ੀਰਾ ਦੇ 23 ਸਾਲਾ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ

 


shivani attri

Content Editor

Related News