GST ਬੋਗਸ ਬਿਲਿੰਗ ’ਚ ਵੱਡਾ ਖ਼ੁਲਾਸਾ: ਇਨਪੁੱਟ ਟੈਕਸ ਕ੍ਰੈਡਿਟ ਲਈ 11 ਫਰਮਾਂ ਰਾਹੀਂ ਹੋਇਆ 48 ਕਰੋੜ ਦਾ ਗਬਨ

03/02/2023 3:13:54 PM

ਜਲੰਧਰ (ਪੁਨੀਤ)– ਕਾਗਜ਼ਾਂ ’ਚ ਸਕ੍ਰੈਪ ਅਤੇ ਹੋਰ ਕਾਰੋਬਾਰ ਦਿਖਾ ਕੇ ਜੀ. ਐੱਸ. ਟੀ. ਦੀ ਬੋਗਸ ਬਿਲਿੰਗ ਕਰਨ ਦੇ ਮਾਮਲੇ ’ਚ ਦਿਨ-ਬ-ਦਿਨ ਨਵੇਂ ਤੱਥ ਸਾਹਮਣੇ ਆ ਰਹੇ ਹਨ। ਇਸੇ ਕ੍ਰਮ ’ਚ ਇਕ ਵੱਡਾ ਖ਼ੁਲਾਸਾ ਹੋਇਆ ਹੈ ਕਿ 11 ਫਰਮਾਂ ਰਾਹੀਂ ਜਾਅਲੀ ਬਿੱਲ ਕੱਟੇ ਗਏ ਹਨ। ਵਿਭਾਗੀ ਸ਼ਿਕੰਜੇ ਵਿਚ ਆਏ ਮੁਲਜ਼ਮਾਂ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਪਾਰਟਨਰ ਬਣਾ ਕੇ ਜਾਂ ਉਨ੍ਹਾਂ ਦੇ ਨਾਂ ’ਤੇ ਫਰਮਾਂ ਖੋਲ੍ਹ ਕੇ ਵਿਭਾਗ ਨੂੰ ਚੂਨਾ ਲਗਾਇਆ ਹੈ। ਇਸ ਹਾਈ-ਪ੍ਰੋਫਾਈਲ ਕੇਸ ਬਾਰੇ ਇਹ ਸਮਝਿਆ ਜਾ ਰਿਹਾ ਸੀ ਕਿ 48 ਕਰੋੜ ਦੇ ਜਾਅਲੀ ਬਿੱਲ ਕੱਟੇ ਗਏ ਹਨ ਪਰ ਸੱਚਾਈ ਇਸ ਦੇ ਉਲਟ ਹੈ। ਮੁਲਜ਼ਮਾਂ ਵੱਲੋਂ ਆਈ. ਟੀ. ਸੀ. (ਇਨਪੁੱਟ ਟੈਕਸ ਕ੍ਰੈਡਿਟ) ਅਤੇ ਹੋਰ ਲਾਭ ਲੈਣ ਲਈ 11 ਫਰਮਾਂ ਰਾਹੀਂ 450 ਕਰੋੜ ਰੁਪਏ ਤੋਂ ਜ਼ਿਆਦਾ ਦੇ ਫਰਜ਼ੀ ਬਿੱਲ ਕੱਟੇ ਗਏ, ਜਿਸ ਨਾਲ ਵਿਭਾਗ ਨੂੰ ਸਿੱਧੇ ਤੌਰ ’ਤੇ 48 ਕਰੋੜ ਤੋਂ ਜ਼ਿਆਦਾ ਦੇ ਟੈਕਸ ਦਾ ਚੂਨਾ ਲੱਗਾ। ਜਿੰਨਾ ਸੋਚਿਆ ਜਾ ਰਿਹਾ ਹੈ, ਇਹ ਕੇਸ ਉਸ ਤੋਂ ਜ਼ਿਆਦਾ ਵੱਡਾ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਇਸ ਵਿਚ ਹੋਰ ਤੱਥ ਸਾਹਮਣੇ ਆਉਣਗੇ।

475 ਕਰੋੜ ਦੀ ਬੋਗਸ ਬਿਲਿੰਗ ਵਿਚ ਦਸਮੇਸ਼ ਟਰੇਡਿੰਗ ਕੰਪਨੀ ਦੇ ਫ਼ਰਾਰ ਚੱਲ ਰਹੇ ਮੁਲਜ਼ਮ ਅਜੇ ਕੁਮਾਰ ਵਾਸੀ ਕੋਟ ਰਾਮਦਾਸ (ਚੌਗਿੱਟੀ) ਵੱਲੋਂ 139 ਕਰੋੜ ਰੁਪਏ ਦੇ ਫਰਜ਼ੀ ਬਿੱਲ ਕੱਟੇ ਗਏ, ਜਿਸ ਨਾਲ ਵਿਭਾਗ ਨੂੰ 13.55 ਕਰੋੜ ਦੇ ਲਗਭਗ ਚੂਨਾ ਲੱਗਾ। ਦੂਜੇ ਫ਼ਰਾਰ ਮੁਲਜ਼ਮ ਪੀ. ਵੀ. ਇੰਟੀਰੀਅਰ ਡੈਕੋਰ ਦੇ ਪ੍ਰਵੀਨ ਕੁਮਾਰ ਵਾਸੀ ਅਰਜੁਨ ਨਗਰ ’ਤੇ 75 ਕਰੋਡ਼ ਦੀ ਫਰਜ਼ੀ ਬਿਲਿੰਗ ਕਰਨ ਦਾ ਦੋਸ਼ ਹੈ, ਜਿਸ ਨਾਲ ਵਿਭਾਗ ਨੂੰ 7 ਕਰੋੜ ਦਾ ਚੂਨਾ ਲੱਗਾ। ਪ੍ਰਵੀਨ ਦੇ ਨਜ਼ਦੀਕੀ ਵਿਅਕਤੀਆਂ ਤੋਂ ਪੁੱਛਗਿੱਛ ਵੀ ਕੀਤੀ ਜਾ ਚੁੱਕੀ ਹੈ ਅਤੇ ਤੱਥ ਜੁਟਾਏ ਜਾ ਰਹੇ ਹਨ।

ਇਹ ਵੀ ਪੜ੍ਹੋ : ਵਿਦੇਸ਼ਾਂ 'ਚ ਪੰਜਾਬੀਆਂ ਨਾਲ ਹੋ ਰਹੀ ਹਿੰਸਾ ਤੇ ਕਤਲਾਂ ਕਾਰਨ ਪਰਿਵਾਰਕ ਮੈਂਬਰਾਂ ’ਚ ਖ਼ੌਫ਼, ਧਿਆਨ 'ਚ ਰੱਖੋ ਇਹ ਗੱਲਾਂ

ਮੁੱਖ ਮੁਲਜ਼ਮਾਂ ਵਿਚ ਸ਼ਾਮਲ ਕਾਲੀਆ ਕਾਲੋਨੀ ਵਾਸੀ ਪੰਕਜ ਕੁਮਾਰ ਉਰਫ਼ ਪੰਕਜ ਆਨੰਦ ਪੁੱਤਰ ਪ੍ਰਵੇਸ਼ ਆਨੰਦ ਦਾ ਸਬੰਧ ਕਈ ਕੰਪਨੀਆਂ ਨਾਲ ਹੈ ਅਤੇ ਇਸ ਵੱਲੋਂ 155 ਕਰੋੜ ਤੋਂ ਜ਼ਿਆਦਾ ਦੇ ਬਿੱਲ ਕੱਟੇ ਗਏ ਅਤੇ ਵਿਭਾਗ ਨੂੰ 17 ਕਰੋੜ ਦੇ ਲਗਭਗ ਚੂਨਾ ਲਗਾਇਆ ਗਿਆ। ਇਸ ਵੱਲੋਂ ਜੋ ਬਿੱਲ ਕੱਟੇ ਗਏ, ਉਨ੍ਹਾਂ ਵਿਚ ਮੈਸਰਜ਼ ਪੀ. ਕੇ. ਟਰੇਡਿੰਗ ਕੰਪਨੀ ਵੱਲੋਂ 32 ਕਰੋੜ, ਪੰਕਜ ਸਕ੍ਰੈਪ ਕੰਪਨੀ 17 ਕਰੋੜ, ਗਗਨ ਟਰੇਡਿੰਗ ਕੰਪਨੀ 25 ਕਰੋੜ, ਬਾਲਾਜੀ ਟਰੇਡਿੰਗ ਕੰਪਨੀ 17 ਕਰੋੜ, ਕ੍ਰਿਸ਼ ਟਰੇਡਿੰਗ ਕੰਪਨੀ ਵੱਲੋਂ 45 ਕਰੋੜ, ਕ੍ਰਿਸ਼ ਇੰਟਰਪ੍ਰਾਈਜ਼ਿਜ਼ ਵੱਲੋਂ 19 ਕਰੋੜ ਤੋਂ ਜ਼ਿਆਦਾ ਦੇ ਬਿੱਲ ਕੱਟੇ ਗਏ ਹਨ।

ਰਵਿੰਦਰ ਸਿੰਘ ਪੁੱਤਰ ਹਰਪਾਲ ਸਿੰਘ ਵਾਸੀ ਕੋਟ ਰਾਮਦਾਸ ਨਾਲ ਸਬੰਧਤ ਗੁਰੂ ਹਰਰਾਏ ਟਰੇਡਿੰਗ ਕੰਪਨੀ ਵੱਲੋਂ 28.50 ਕਰੋੜ ਦੇ ਜਾਅਲੀ ਬਿੱਲ ਕੱਟਣ ਅਤੇ ਵਿਭਾਗ ਨੂੰ 5.40 ਕਰੋੜ ਦਾ ਚੂਨਾ ਲਗਾਉਣ ਦੀ ਗੱਲ ਉਜਾਗਰ ਹੋਈ ਹੈ। ਇਸੇ ਤਰ੍ਹਾਂ ਗੁਰਵਿੰਦਰ ਸਿੰਘ ਵਾਸੀ ਕਾਲਾ ਸੰਘਿਆਂ ਰੋਡ, ਈਸ਼ਵਰ ਨਗਰ ਦੀ ਮੈਸਰਜ਼ ਸ਼ਿਵ ਸ਼ਕਤੀ ਇੰਟਰਪ੍ਰਾਈਜ਼ਿਜ਼ ਵੱਲੋਂ 23 ਕਰੋੜ ਦੇ ਜਾਅਲੀ ਬਿੱਲ ਕੱਟੇ ਗਏ ਅਤੇ ਵਿਭਾਗ ਨੂੰ 3.20 ਕਰੋੜ ਦਾ ਚੂਨਾ ਲਗਾਉਣ ਦੀ ਗੱਲ ਕਹੀ ਗਈ ਹੈ। ਅੰਮ੍ਰਿਤਪਾਲ ਸਿੰਘ ਪੁੱਤਰ ਕੁਲਵਿੰਦਰ ਸਿੰਘ ਵਾਸੀ ਢਿੱਲੋਂ ਕਾਲੋਨੀ ਰਾਮਾ ਮੰਡੀ ਦੀ ਮੈਸਰਜ਼ ਨਾਰਥ ਵੋਗ ’ਤੇ 33 ਕਰੋੜ ਦੇ ਜਾਅਲੀ ਬਿੱਲ ਕੱਟਣ ਅਤੇ ਵਿਭਾਗ ਨੂੰ 2.23 ਕਰੋੜ ਦੇ ਟੈਕਸ ਦਾ ਚੂਨਾ ਲਗਾਉਣ ਦਾ ਦੋਸ਼ ਹੈ।

2 ਪੈਨ ਕਾਰਡ ਬਣਾਉਣ ਵਾਲੇ ਪੰਕਜ ਦੇ ਪਰਿਵਾਰਕ ਮੈਂਬਰ ਕਈ ਫਰਮਾਂ ਵਿਚ ਸ਼ਾਮਲ
ਕਾਲੀਆ ਕਾਲੋਨੀ ਵਾਸੀ ਪੰਕਜ ਨੇ 2 ਪੈਨ ਕਾਰਡ ਬਣਵਾ ਰੱਖੇ ਸਨ। ਪੰਕਜ ਦੇ ਪਰਿਵਾਰਕ ਮੈਂਬਰ ਵੀ ਕਈ ਫਰਮਾਂ ਵਿਚ ਸ਼ਾਮਲ ਹਨ। ਇਨ੍ਹਾਂ ਵਿਚ ਟੀਨਾ ਆਨੰਦ, ਦਿਵਾਕਰ ਆਨੰਦ ਦੇ ਨਾਂ ਸਾਹਮਣੇ ਆਏ ਹਨ। ਮੁਲਜ਼ਮ ਨੇ ਇਕ ਪੈਨ ਕਾਰਡ ਪੰਕਜ ਕੁਮਾਰ ਦੇ ਨਾਂ ’ਤੇ, ਜਦਕਿ ਦੂਜਾ ਪੈਨ ਕਾਰਡ ਪੰਕਜ ਕੁਮਾਰ ਆਨੰਦ ਦੇ ਨਾਂ ’ਤੇ ਬਣਵਾਇਆ। ਅਧਿਕਾਰੀਆਂ ਦਾ ਕਹਿਣਾ ਹੈ ਕਿ ਕਈ ਹੋਰ ਤੱਥ ਸਾਹਮਣੇ ਆਏ ਹਨ, ਜਿਸ ਤੋਂ ਵਿਭਾਗੀ ਜਾਂਚ ਨੂੰ ਬਲ ਮਿਲਿਆ ਹੈ। ਉਥੇ ਹੀ ਜਾਅਲੀ ਬਿੱਲ ਕੱਟਣ ਵਾਲੀਆਂ ਫਰਜ਼ੀ ਫਰਮਾਂ ਵਿਚ ਇਕ ਫਰਜ਼ੀ ਫਰਮ ਦਿੱਲੀ ਵਾਸੀ ਵਿਅਕਤੀ ਦੇ ਨਾਂ ’ਤੇ ਰਜਿਸਟਰ ਹੈ ਅਤੇ ਫਰਮ ਦਾ ਪਤਾ ਪਠਾਨਕੋਟ ਹੈ। ਇਸ ਪੂਰੇ ਸਕੈਂਡਲ ’ਚ ਜਾਅਲੀ ਕਾਗਜ਼ਾਤ ਨੂੰ ਅਟੈਸਟ ਕਰਨ ਵਾਲਿਆਂ ਨੂੰ ਨੋਟਿਸ ਭੇਜਿਆ ਜਾ ਰਿਹਾ ਹੈ ਤਾਂ ਕਿ ਜਾਂਚ ਨੂੰ ਅੱਗੇ ਵਧਾਇਆ ਜਾ ਸਕੇ।

ਇਹ ਵੀ ਪੜ੍ਹੋ : 13 ਸਾਲਾ ਕੁੜੀ ਨੂੰ ਅਗਵਾ ਕਰਕੇ ਕੀਤਾ ਸੀ ਜਬਰ-ਜ਼ਿਨਾਹ, ਹੁਣ ਜਲੰਧਰ ਦੀ ਅਦਾਲਤ ਨੇ ਸੁਣਾਈ ਮਿਸਾਲੀ ਸਜ਼ਾ

ਮਾਲ ਭੇਜਣ ਲਈ ਦਿੱਤੇ ਗਏ ਵਾਹਨਾਂ ਦੇ ਨੰਬਰ ਵੀ ਨਿਕਲੇ ਫਰਜ਼ੀ
ਫਰਜ਼ੀ ਬਿੱਲ ਕੱਟਣ ਸਮੇਂ ਮਾਲ ਭੇਜਣ ਲਈ ਜੋ ਮਾਲਵਾਹਕ ਵਾਹਨਾਂ ਦੇ ਨੰਬਰ ਦਿੱਤੇ ਗਏ, ਉਹ ਵੀ ਫਰਜ਼ੀ ਨਿਕਲੇ ਹਨ। ਇਨ੍ਹਾਂ ਵਿਚ ਕਈ ਟਰੱਕਾਂ ਦੇ ਨੰਬਰਾਂ ’ਤੇ ਐਕਟਿਵਾ ਚੱਲ ਰਹੀਆਂ ਹਨ। ਵਿਭਾਗ ਨੇ ਜਾਂਚ ਨੂੰ ਅੱਗੇ ਵਧਾਉਂਦਿਆਂ ਟਰੱਕਾਂ ਦੇ ਨੰਬਰਾਂ ਤੋਂ ਉਨ੍ਹਾਂ ਦੇ ਮਾਲਕਾਂ ਦਾ ਪਤਾ ਕੱਢਿਆ। ਇਨ੍ਹਾਂ ਵਿਚ ਕਈ ਟਰੱਕ ਦੂਜੇ ਸੂਬਿਆਂ ਦੇ ਨਿਕਲੇ ਅਤੇ ਮਾਲਕਾਂ ਨੇ ਆ ਕੇ ਦੱਸਿਆ ਕਿ ਉਨ੍ਹਾਂ ਨੇ ਕਦੀ ਉਕਤ ਫਰਮਾਂ ਨਾਲ ਕੰਮ ਨਹੀਂ ਕੀਤਾ। ਇਸ ਤੋਂ ਇਲਾਵਾ ਵਿਭਾਗ ਵੱਲੋਂ ਕਈ ਵਾਹਨਾਂ ਦੇ ਮਾਲਕਾਂ ਨੂੰ ਨੋਟਿਸ ਭੇਜਿਆ ਗਿਆ ਹੈ, ਜੋ ਜਾਂਚ ਦਾ ਵਿਸ਼ਾ ਹੈ। ਇਸ ਕ੍ਰਮ ਵਿਚ ਆਉਣ ਵਾਲੇ ਦਿਨਾਂ ਵਿਚ ਹੋਰ ਕਈ ਗੱਲਾਂ ਸਾਹਮਣੇ ਆਉਣੀਆਂ ਤੈਅ ਹਨ। ਜਲੰਧਰ-1, 2, 3 ਦੇ ਕਈ ਅਧਿਕਾਰੀਆਂ ਵੱਲੋਂ ਇਸ ਕੇਸ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਹੁਣ ਸ਼ਮਸ਼ਾਨਘਾਟਾਂ ਤੋਂ ਹੀ ਮਿਲੇਗਾ ‘ਡੈੱਥ ਸਰਟੀਫਿਕੇਟ', ਜਲੰਧਰ ਨਗਰ ਨਿਗਮ ਨੇ ਬਣਾਈ ਇਹ ਯੋਜਨਾ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


shivani attri

Content Editor

Related News