ਬੁੱਢੇ ਦਰਿਆ ਦੀ ਕਾਰਸੇਵਾ ਦਾ ਦੂਜਾ ਪੜਾਅ ਸ਼ੁਰੂ : ਰੋਕੇ ਜਾਣਗੇ ਗੰਦੇ ਤੇ ਜ਼ਹਿਰੀਲੇ ਪਾਣੀ
Monday, Dec 23, 2024 - 12:40 PM (IST)
ਸੁਲਤਾਨਪੁਰ ਲੋਧੀ (ਧੀਰ, ਸੋਢੀ, ਜੋਸ਼ੀ, ਅਸ਼ਵਨੀ)-ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ਹੇਠ ਬੁੱਢੇ ਦਰਿਆ ਦੀ ਕਾਰਸੇਵਾ ਦਾ ਦੂਜਾ ਪੜਾਅ ਸ਼ੁਰੂ ਕਰ ਦਿੱਤਾ ਗਿਆ ਹੈ। ਸੰਤ ਸੀਚੇਵਾਲ ਨੇ ਸਖ਼ਤ ਤਾੜਨਾ ਨਾਲ ਲੁਧਿਆਣਾ ਦੇ ਡਿਪਟੀ ਕਮਿਸ਼ਨਰ, ਨਗਰ ਨਿਗਮ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਨਾਲ ਫੋਨ ’ਤੇ ਗੱਲਬਾਤ ਕੀਤੀ ਕਿ ਦਰਿਆ ’ਚ ਪੈ ਰਹੇ ਗੈਰ-ਕਾਨੂੰਨੀ ਜ਼ਹਿਰੀਲੇ ਪਾਣੀ ਨੂੰ ਸਖ਼ਤੀ ਨਾਲ ਰੋਕਿਆ ਜਾਵੇ। ਉਨ੍ਹਾਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਇਹ ਵੀ ਸਪੱਸ਼ਟ ਕੀਤਾ ਹੈ ਕਿ ਕਾਰਸੇਵਾ ਦੇ ਦੂਜੇ ਪੜਾਅ ’ਚ ਬੁੱਢੇ ਦਰਿਆ ਵਿਚ ਗੰਦੇ ਅਤੇ ਜ਼ਹਿਰੀਲੇ ਪਾਣੀਆਂ ਨੂੰ ਰੋਕਣ ਦਾ ਮੋਰਚਾ ਵਿੱਢ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- ਫਤਿਹਗੜ੍ਹ ਸਾਹਿਬ ਜਾਣ ਵਾਲੀ ਸੰਗਤ ਲਈ ਅਹਿਮ ਖ਼ਬਰ, ਬੱਸਾਂ ਨੂੰ ਲੈ ਕੇ ਮਿਲੇਗੀ ਇਹ ਵੱਡੀ ਸਹੂਲਤ
ਯਾਦ ਰਹੇ ਕਿ 2 ਫਰਵਰੀ ਨੂੰ ਸ਼ੁਰੂ ਬੁੱਢੇ ਦਰਿਆ ਦੇ ਕਾਰਸੇਵਾ ਦੇ ਪਹਿਲੇ ਪੜਾਅ ਦੌਰਾਨ ਇਸ ਦੇ ਕਿਨਾਰਿਆਂ ’ਤੇ ਵੱਡੀ ਗਿਣਤੀ ਵਿਚ ਬੂਟੇ ਲਗਾਏ ਗਏ ਸੀ ਅਤੇ ਦਰਿਆ ਤੱਕ ਪਹੁੰਚ ਕਰਨ ਲਈ ਰਸਤਿਆਂ ਨੂੰ ਬਣਾਇਆ ਗਿਆ ਸੀ। ਬੀਤੇ ਦਿਨ ਲੁਧਿਆਣੇ ਦੇ ਗਊਘਾਟ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈਂਦਿਆ ਹੋਇਆ ਬੁੱਢੇ ਦਰਿਆ ਦੀ ਕਾਰਸੇਵਾ ਤੋਂ ਪਹਿਲਾਂ ਸ੍ਰੀ ਆਖੰਡ ਪਾਠ ਸਾਹਿਬ ਦੀ ਆਰੰਭਤਾ ਕਰਵਾਈ ਗਈ, ਜਿਸ ਦੇ ਭੋਗ 24 ਦਸੰਬਰ ਨੂੰ ਪੈਣਗੇ। ਇਸੇ ਦੌਰਾਨ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਬੁੱਢੇ ਦਰਿਆ ਵਿਚ ਪੈ ਰਹੇ ਗੰਦੇ ਪਾਣੀਆਂ ਦਾ ਜਾਇਜ਼ਾ ਲਿਆ ਤੇ ਇਸੇ ਤਰ੍ਹਾਂ ਡੇਅਰੀਆਂ ਅਤੇ ਫੈਕਟਰੀਆਂ ਦੇ ਸਿੱਧੇ ਤੇ ਅਸਿੱਧੇ ਪੈ ਰਹੇ ਗੰਦੇ ਤੇ ਜ਼ਹਿਰੀਲੇ ਪਾਣੀਆਂ ਦਾ ਮੌਕੇ ’ਤੇ ਜਾ ਕੇ ਮੁਆਇਨਾ ਕੀਤਾ। ਉਨ੍ਹਾਂ ਕਿਹਾ ਕਿ ਬੁੱਢੇ ਦਰਿਆ ਨੂੰ ਬੁੱਢਾ ਨਾਲਾ ਕਹਿਣ ਨਾਲ ਹੀ ਅਸੀ ਦਰਿਆ ਦੀ ਹੋਂਦ ਤੋਂ ਮੁਨਕਰ ਹੋ ਰਹੇ ਹਨ। ਉਨ੍ਹਾਂ ਸਮੂਹ ਵਾਤਾਵਰਣ ਪ੍ਰੇਮੀਆਂ ਨੂੰ ਅਪੀਲ ਕੀਤੀ ਕਿ ਦਰਿਆ ਦੇ ਪੁਰਾਤਨ ਸਰੂਪ ਨੂੰ ਬਹਾਲ ਕਰਵਾਉਣ ਲਈ ਇੱਕਜੁਟਤਾ ਨਾਲ ਅੱਗੇ ਆਉਣ।
ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪੰਜਾਬ ਦੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਬੁੱਢੇ ਦਰਿਆ ਦੀ ਪੁਰਾਤਨ ਵਿਰਾਸਤ ਨੂੰ ਬਹਾਲ ਕਰਨਾ ਹਰ ਇਕ ਪੰਜਾਬੀ ਦਾ ਨੈਤਿਕ ਫਰਜ਼ ਤੇ ਧਰਮ ਬਣਦਾ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਵਿਚ ਅਥਾਹ ਸ਼ਕਤੀ ਹੈ ਤੇ ਉਹ ਇਸ ਕਾਰਜ਼ ਲਈ ਅੱਗੇ ਆਉਣ।
ਉਨ੍ਹਾਂ ਦੱਸਿਆ ਕਿ 25 ਸਾਲਾਂ ਦੌਰਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਦੀ ਛੋਹ ਪ੍ਰਾਪਤ ਪਵਿੱਤਰ ਕਾਲੀ ਵੇਈ ਦੀ ਕਾਰ ਸੇਵਾ ਵੀ ਸੰਗਤਾਂ ਦੇ ਸਹਿਯੋਗ ਨਾਲ ਸ਼ੁਰੂ ਕੀਤੀ ਗਈ ਸੀ। ਹੁਣ ਇਸ ਦਾ ਪਾਣੀ ਇੰਨਾ ਸਾਫ ਹੋ ਗਿਆ ਹੈ ਕਿ ਤੇ ਹੁਣ ਪਾਣੀ ਪੀਣਯੋਗ ਹੈ। ਪਿਛਲੇ ਦਿਨਾਂ ’ਚ ਕਾਲੀ ਵੇਈ ਦਾ ਟੀ. ਡੀ. ਐੱਸ. 118 ਦੇ ਕਰੀਬ ਆਉਂਦਾ ਰਿਹਾ ਹੈ।
ਇਹ ਵੀ ਪੜ੍ਹੋ- ਪੰਜਾਬ ਵਾਸੀਆਂ ਲਈ ਅਹਿਮ ਖ਼ਬਰ, ਸਰਦੀਆਂ ਦੀਆਂ ਛੁੱਟੀਆਂ ਸਬੰਧੀ ਵੱਡੀ ਅਪਡੇਟ ਆਈ ਸਾਹਮਣੇ
2008 ਤੇ 2011 ’ਚ ਦੋ ਵਾਰ ਕਾਲਾ ਸੰਘਿਆਂ ਡਰੇਨ ਦੇ ਜ਼ਹਿਰੀਲੇ ਪਾਣੀ ਨੂੰ ਲੋਕਾਂ ਦੇ ਸਹਿਯੋਗ ਨਾਲ ਲਾਇਆ ਸੀ ਬੰਨ੍ਹ
ਸੰਤ ਸੀਚੇਵਾਲ ਨੇ ਦੱਸਿਆ ਕਿ 2008 ਤੇ 2011 ’ਚ ਦੋ ਵਾਰ ਕਾਲਾ ਸੰਘਿਆਂ ਡਰੇਨ ਦੇ ਜ਼ਹਰੀਲੇ ਤੇ ਗੰਦੇ ਪਾਣੀ ਨੂੰ ਲੋਕਾਂ ਦੇ ਸਹਿਯੋਗ ਨਾਲ ਬੰਨ੍ਹ ਲਾਇਆ ਗਿਆ ਸੀ ਕਿਉਂਕਿ ਇਹੀ ਜ਼ਹਿਰੀਲਾ ਪਾਣੀ ਕੈਂਸਰ ਦਾ ਮੁੱਖ ਸ੍ਰੋਤ ਬਣ ਰਿਹਾ ਹੈ। ਇਹ ਪਾਣੀ ਚਿੱਟੀ ਵੇਈਂ ਰਾਹੀਂ ਸਤਲੁਜ ’ਚ ਪੈਂਦਾ ਹੈ ਤੇ ਅੱਗੋਂ ਹਰੀਕੇ ਪੱਤਣ ਤੋਂ ਹੋ ਕੇ ਮਾਲਵੇ ਤੇ ਰਾਜਸਥਾਨ ਨੂੰ ਜਾਂਦਾ ਹੈ। ਜਿੱਥੇ ਲੋਕ ਇਸ ਜ਼ਹਿਰੀਲੇ ਪਾਣੀ ਨੂੰ ਬਿਨਾਂ ਟਰੀਟ ਕੀਤਿਆਂ ਪੀਣ ਲਈ ਮਜ਼ਬੂਰ ਹਨ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਚਿੱਟੀ ਵੇਈਂ ’ਚ ਵੀ ਚਿੱਟੀ ਵੇਈਂ ਦੇ ਪ੍ਰਦੂਸ਼ਣ ਨੂੰ ਖਤਮ ਕਰਨ ਲਈ ਵੀ ਸਿੰਬਲੀ ਪਿੰਡ ਤੋਂ ਨਹਿਰ ਦਾ ਪਾਣੀ ਵੇਈਂ ਵਿਚ ਛੱਡਣ ਲਈ 1 ਕਰੋੜ 19 ਲੱਖ ਦਾ ਰੈਗੂਲੇਟਰ ਬਣਾਇਆ ਗਿਆ ਹੈ ਅਤੇ ਭਵਿੱਖ ਵਿਚ ਇਹ ਰੈਗੂਲੇਟਰ ਚਾਲੂ ਹੋਣ ਨਾਲ 200 ਕਿਊਸਿਕ ਪਾਣੀ ਚਿੱਟੀ ਵੇਈਂ ਵਿਚ ਵਗਣ ਲੱਗ ਪਵੇਗਾ, ਜਿਸ ਨਾਲ ਪ੍ਰਦੂਸ਼ਣ ਦੀ ਮਾਤਰਾ ਘੱਟ ਜਾਵੇਗੀ।
ਬੁੱਢੇ ਦਰਿਆ ’ਚ ਵੀ 200 ਕਿਊਸਿਕ ਪਾਣੀ ਛੱਡਣ ਦਾ ਕੀਤਾ ਗਿਐ ਪ੍ਰਬੰਧ
ਸੰਸਦ ਨੇ ਦੱਸਿਆ ਕਿ ਬੁੱਢੇ ਦਰਿਆ ’ਚ ਵੀ 200 ਕਿਊਸਿਕ ਪਾਣੀ ਛੱਡਣ ਦਾ ਪ੍ਰਬੰਧ ਕੀਤਾ ਹੋਇਆ ਹੈ। ਇਸ ਵਿਚ ਫੈਕਟਰੀਆਂ ਤੇ ਡਾਇਰੀਆਂ ਦਾ ਪੈ ਰਿਹਾ ਗੰਦਾ ਪਾਣੀ ਇਕ ਵੱਡੀ ਚੁਣੌਤੀ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਉਹ ਪਿਛਲੇ 25 ਸਾਲਾਂ ਤੋਂ ਪਾਣੀਆਂ ਬਾਰੇ ਹੀ ਲੜਾਈ ਲੜਦੇ ਆ ਰਹੇ ਹਨ। ਸੰਤ ਸੀਚੇਵਾਲ ਨੇ ਦੱਸਿਆ ਕਿ ਪਾਣੀਆਂ ਬਾਰੇ ਛੇੜਿਆ ਸੰਘਰਸ਼ ਉਹ ਸੰਗਤੀ ਰੂਪ ’ਚ ਕਰਦੇ ਆ ਰਹੇ ਹਨ ਨਾ ਕਿ ਭੀੜ ਦੇ ਰੂਪ ਵਿਚ। ਸੰਤ ਸੀਚੇਵਾਲ ਨੇ ਇਸ ਗੱਲ ’ਤੇ ਖੁਸ਼ੀ ਦਾ ਪ੍ਰਗਟਾਵਾ ਵੀ ਕੀਤਾ ਕਿ ਬੀਤੀ ਦਿਨੀ ਬੁੱਢੇ ਦਰਿਆ ਵਿਚ ਪੈ ਰਹੇ ਜ਼ਹਿਰੀਲੇ ਤੇ ਗੰਦੇ ਪਾਣੀਆਂ ਵਿਰੁੱਧ ਲੋਕ ਆਪਣੇ ਹੱਕਾਂ ਲਈ ਸੜਕਾਂ ’ਤੇ ਉਤਰ ਆਏ ਸਨ। ਉਨ੍ਹਾਂ ਦੱਸਿਆ ਕਿ ਉਹ ਹਮੇਸ਼ਾ ਹੀ ਹਰ ਮੰਚ ਤੋਂ ਇਹ ਹੋਕਾ ਦਿੰਦੇ ਆ ਰਹੇ ਹਨ ਕਿ ਪੰਜਾਬ ਦੀਆਂ ਨਦੀਆਂ ਅਤੇ ਦਰਿਆ ਉਦੋਂ ਤੱਕ ਸਾਫ਼ ਸੁਥਰੇ ਨਹੀਂ ਹੋ ਸਕਦੇ, ਜਦੋਂ ਤੱਕ ਲੋਕਾਂ ’ਚ ਜਾਗਰੂਕਤਾ ਨਹੀਂ ਆਵੇਗੀ।
ਇਹ ਵੀ ਪੜ੍ਹੋ- ਮੋਹਾਲੀ ਬਿਲਡਿੰਗ ਹਾਦਸੇ ਦੀ ਰੂਹ ਕੰਬਾਊ ਲਾਈਵ ਵੀਡੀਓ ਆਈ ਸਾਹਮਣੇ, 6 ਸਕਿੰਟਾਂ 'ਚ ਹੋਈ ਢਹਿ-ਢੇਰੀ
ਸਾਲ 2009 ਸ਼ੁਰੂ ਕੀਤੀ ਸੀ ਵਾਤਾਵਰਣ ਚੇਤਨਾ ਲਹਿਰ
ਸੰਤ ਸੀਚੇਵਾਲ ਨੇ ਦੱਸਿਆ ਕਿ ਸਾਲ 2009 ’ਚ ਇਸ ਸਾਲ ਵਾਤਾਵਰਣ ਚੇਤਨਾ ਲਹਿਰ ਸ਼ੁਰੂ ਕੀਤੀ ਸੀ। ਜਿਹੜੀ ਕਾਲਾ ਸੰਘਿਆਂ ਡਰੇਨ ਚਿੱਟੀ ਵੇਂਈ ਤੇ ਬੁੱਢੇ ਨਾਲੇ ਦੇ ਕਿਨਾਰਿਆਂ ਤੋਂ ਹੁੰਦੀ-ਹੋਈ ਹਰੀਕੇ ਪੱਤਣ ’ਤੇ ਫਿਰ ਬੀਕਾਨੇਰ ਤੱਕ ਗਈ ਸੀ, ਜਿਸ ਦਾ ਮਕਸਦ ਇਹ ਸੀ ਕਿ ਰਾਜਸਥਾਨ ਦੇ ਲੋਕਾਂ ਨੂੰ ਵੀ ਪਤਾ ਲੱਗਣਾ ਚਾਹੀਦਾ ਹੈ ਕਿ ਉਹ ਕਿਹੋ ਜਿਹਾ ਜ਼ਹਿਰੀਲਾ ਅਤੇ ਗੰਦਾ ਪਾਣੀ ਪੀ ਰਹੇ ਹਨ।
ਇਹ ਵੀ ਪੜ੍ਹੋ- ਇੰਸਟਾਗ੍ਰਾਮ 'ਤੇ ਬੇਹੱਦ ਮਸ਼ਹੂਰ ਸੀ ਮੋਹਾਲੀ ਹਾਦਸੇ 'ਚ ਮਾਰੀ ਗਈ ਦ੍ਰਿਸ਼ਟੀ, ਮਾਰਚ 'ਚ ਹੋਣਾ ਸੀ ਵਿਆਹ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8