ਕੈਂਟ ਰੇਲਵੇ ਸਟੇਸ਼ਨ ਦਾ ਰਾਹ ਕਿਸੇ ਖਤਰੇ ਤੋਂ ਖਾਲੀ ਨਹੀਂ

Monday, Nov 26, 2018 - 06:22 AM (IST)

ਕੈਂਟ ਰੇਲਵੇ ਸਟੇਸ਼ਨ ਦਾ ਰਾਹ ਕਿਸੇ ਖਤਰੇ ਤੋਂ ਖਾਲੀ ਨਹੀਂ

ਜਲੰਧਰ,   (ਮਹੇਸ਼)-  ਕੈਂਟ ਰੇਲਵੇ ਸਟੇਸ਼ਨ ’ਤੇ ਪਹੁੰਚ ਕੇ ਕਈ ਯਾਤਰੀ ਦਕੋਹਾ ਨੂੰ ਜਾਂਦਾ  ਰਾਹ ਵੀ ਅਪਣਾ ਲੈਂਦੇ ਹਨ ਕਿਉਂਕਿ ਇਥੋਂ ਸਟੇਸ਼ਨ ਦੇ ਪਲੇਟਫਾਰਮ ਨੰ. 3 ’ਤੇ ਪਹੁੰਚਣਾ  ਬਹੁਤ ਹੀ ਆਸਾਨ ਹੈ ਪਰ ਰਾਮਾਮੰਡੀ ਪੁਲ ਦੇ ਹੇਠੋਂ ਨਿਕਲਦਾ ਇਹ ਨਾਜਾਇਜ਼ ਰਸਤਾ ਕਿਸੇ  ਖਤਰੇ ਤੋਂ ਖਾਲੀ ਨਹੀਂ ਹੈ। ਇਸ ਰਾਹ ਤੋਂ ਸਟੇਸ਼ਨ ’ਤੇ ਦਾਖਲ ਹੋਣ ਵਾਲੇ ਯਾਤਰੀ ਬਿਨਾਂ  ਟਿਕਟ ਲਏ ਹੀ ਟਰੇਨਾਂ ਵਿਚ ਸਵਾਰ ਹੋ ਜਾਂਦੇ ਹਨ ਅਤੇ ਉਨ੍ਹਾਂ  ਨੂੰ ਪੁੱਛਣ ਵਾਲਾ ਕੋਈ  ਨਹੀਂ ਹੁੰਦਾ।  ਇਸ ਤਰ੍ਹਾਂ ਉਨ੍ਹਾਂ ਵੱਲੋਂ ਰੇਲਵੇ ਨੂੰ ਸ਼ਰੇਆਮ ਚੂਨਾ ਲਗਾਇਆ ਜਾ ਰਿਹਾ  ਹੈ। 
ਜੇਕਰ ਗੱਲ ਲੁਟੇਰਿਆਂ ਤੇ ਚੋਰਾਂ ਦੀ ਕਰੀਏ ਤਾਂ ਉਹ ਵੀ ਦਕੋਹਾ ਰਾਹ ’ਤੇ ਅਕਸਰ  ਸਰਗਰਮ ਰਹਿੰਦੇ ਹਨ ਅਤੇ ਪਲੇਟਫਾਰਮ ਨੰ. 3 ’ਤੇ ਆਉਂਦੀ ਟਰੇਨ ਤੋਂ ਉਤਰ ਕੇ ਜਦੋਂ ਆਪਣੇ  ਘਰਾਂ ਨੂੰ ਜਾਣ ਲਈ ਮੇਨ ਐਂਟਰੀ ਗੇਟ ਵਾਲਾ ਰਾਹ ਅਪਣਾਉਣ ਦੀ ਬਜਾਏ ਦਕੋਹਾ ਰਾਹ  ਅਪਣਾਉਂਦੇ ਹਨ ਤਾਂ ਉਹ ਉਨ੍ਹਾਂ ਨੂੰ ਆਪਣਾ ਸ਼ਿਕਾਰ ਬਣਾ ਲੈਂਦੇ ਹਨ। ਇਸ ਨਾਜਾਇਜ਼ ਰਾਹ ਨੂੰ  ਬੰਦ ਕਰਨ ਲਈ ਕਈ ਵਾਰ ਰੇਲਵੇ ਦੇ ਉਚ ਅਧਿਕਾਰੀਆਂ ਤੱਕ ਮਾਮਲਾ ਪਹੁੰਚ ਚੁੱਕਾ ਹੈ ਪਰ  ਅਜੇ ਤੱਕ ਕੋਈ ਕਾਰਵਾਈ ਨਹੀਂ ਹੋ ਸਕੀ। 

ਰੇਲਵੇ ਬ੍ਰਿਜ ਦੀ ਨਹੀਂ ਹੁੰਦੀ ਵਰਤੋਂ
ਪਲੇਟਫਾਰਮ  ਨੰ. 1 ਤੇ 2 ’ਤੇ ਆਉਣ-ਜਾਣ ਲਈ ਰੇਲਵੇ ਬ੍ਰਿਜ ਬਣਿਆ ਹੋਇਆ ਪਰ ਲੋਕ ਉਸ ਦੀ ਬਹੁਤ ਘੱਟ  ਵਰਤੋਂ ਕਰਦੇ ਹਨ ਅਤੇ ਸ਼ਾਰਟ ਕੱਟ ਹੀ ਨਿਕਲਦੇ ਹਨ। ਜੇਕਰ ਰੇਲਵੇ ਚਾਹੇ  ਤਾਂ ਇਸ ਬ੍ਰਿਜ ਨਾਲ ਯਾਤਰੀਆਂ ਦਾ ਆਉਣਾ-ਜਾਣਾ ਯਕੀਨੀ ਬਣਾਇਆ ਜਾ ਸਕਦਾ ਹੈ।
ਪਲੇਟਫਾਰਮ ਨੰ. 1 ’ਤੇ ਬਣੀਅਾਂ  ਜੀ. ਆਰ. ਪੀ. ਤੇ ਆਰ. ਪੀ. ਐੱਫ. ਦੀਅਾਂ ਚੌਕੀਅਾਂ
ਪਲੇਟਫਾਰਮ  ਨੰ. 1 ’ਤੇ ਹੀ ਜੀ. ਆਰ. ਪੀ.  ਤੇ ਆਰ. ਪੀ. ਐੱਫ. ਦੀਅਾਂ ਚੌਕੀਆਂ ਬਣੀਆਂ ਹੋਈਅਾਂ ਹਨ। ਜੀ.  ਆਰ. ਪੀ. ਚੌਕ ਵਿਚ ਮੁਖੀ ਦੇ ਰੂਪ ਵਿਚ ਅਸ਼ੋਕ ਕੁਮਾਰ ਤੇ ਆਰ. ਪੀ. ਐੱਫ. ਚੌਕ ਵਿਚ  ਇੰਸਪੈਕਟਰ ਵਿਸ਼ਰਾਮ ਮੀਨਾ ਤਾਇਨਾਤ ਹਨ। ਉਹ ਵੀ ਮੰਨਦੇ ਹਨ ਕਿ ਪਲੇਟਫਾਰਮ ਦੇ ਨਾਲ ਜੋ  ਨਾਜਾਇਜ਼ ਰਾਹ ਨਿਕਲਦਾ ਹੈ ਉਹ ਸੁਰੱਖਿਅਤ ਨਹੀਂ ਹੈ ਇਸ ਲਈ ਉੁਹ ਬੰਦ ਚਾਹੀਦਾ ਹੈ। ਉਨ੍ਹਾਂ  ਕਿਹਾ ਕਿ ਦਕੋਹਾ ਰਾਹ ’ਤੇ ਗਸ਼ਤ ਰੇਲਵੇ ਪੁਲਸ ਦੀ ਨਹੀਂ, ਸਗੋਂ ਸਬੰਧਿਤ ਪੁਲਸ ਸਟੇਸ਼ਨ ਦੀ  ਬਣਦੀ ਹੈ।

ਪਲੇਟਫਾਰਮ ਨੰ. 3 ’ਤੇ ਆਉਂਦੀਆਂ ਹਨ ਦਰਜਨ ਤੋਂ ਜ਼ਿਆਦਾ ਟਰੇਨਾਂ
ਪਲੇਟ  ਫਾਰਮ ਨੰ. 3 ਦੇ ਟ੍ਰੈਕ ਤੋਂ ਹੀ ਜਲੰਧਰ-ਹੁਸ਼ਿਆਰਪੁਰ ਟਰੇਨ ਦਾ ਰੂਟ ਹੈ ਅਤੇ ਇਥੋਂ ਹੀ ਹਰ  ਰੋਜ਼ ਦਰਜ਼ਨ ਤੋਂ ਜ਼ਿਆਦਾ ਟਰੇਨਾਂ ਵੀ ਨਿਕਲਦੀਆਂ ਹਨ। ਦਕੋਹਾ ਰਾਹ ’ਤੇ ਇਸ ਪਲੇਟਫਾਰਮ ਨਾਲ  ਜੁੜਦੇ ਰਾਹ ਤੋਂ ਸਾਫ ਜ਼ਾਹਿਰ ਹੁੰਦਾ ਹੈ ਕਿ ਯਾਤਰੀਆਂ ਦੀ ਸੁਰੱਖਿਆ ਨੂੰ ਰੇਲਵੇ  ਪ੍ਰਬੰਧਨ ਗੰਭੀਰਤਾ ਨਾਲ ਨਹੀਂ ਲੈ ਰਿਹਾ ਹੈ।
ਫੜੇ ਜਾ ਚੁੱਕੇ ਹਨ ਕਈ ਮੁਲਜ਼ਮ
ਦਕੋਹਾ  ਰਾਹ ’ਤੇ ਚੋਰ-ਲੁਟੇਰਿਆਂ ਦਾ ਸ਼ਿਕਾਰ ਹੋਣ ਵਾਲੇ ਜਿਨ੍ਹਾਂ ਰੇਲਵੇ ਯਾਤਰੀਆਂ ਦੀ ਸ਼ਿਕਾਇਤ  ਰੇਲਵੇ ਪੁਲਸ ਦੇ ਕੋਲ ਪਹੁੰਚੀ ਹੈ ਉਸ ਨੂੰ ਰੇਲਵੇ ਪੁਲਸ ਟਰੇਸ ਵੀ ਕਰ ਚੁੱਕੀ ਹੈ ਅਤੇ  ਫੜੇ ਗਏ ਮੁਲਜ਼ਮਾਂ ਨੇ ਪੁੱਛਗਿਛ ਵਿਚ  ਆਪਣਾ ਗੁਨਾਹ ਵੀ ਕਬੂਲ ਕੀਤਾ ਹੈ। ਜ਼ਿਆਦਾ  ਵਾਰਦਾਤਾਂ ਇਸ ਰਾਹ ’ਤੇ ਹੀ ਹੁੰਦੀਆਂ ਹਨ। ਕਿਉਂਕਿ ਪਲੇਟਫਾਰਮ ਨੰ. 1 ਤੇ 2 ’ਤੇ ਰੇਲਵੇ  ਪੁਲਸ ਦੀ ਗੁਸ਼ਤ ਅਕਸਰ ਦੇਖਣ ਨੂੰ ਮਿਲਦੀ ਹੈ ਜਿਸ ਕਾਰਨ ਉਥੋਂ ਮੁਲਜ਼ਮਾਂ ਦਾ ਵਾਰਦਾਤ ਨੂੰ  ਅੰਜਾਮ ਦੇਣਾ ਆਸਾਨ ਨਹੀਂ ਹੈ।
 


Related News