ਡਰੋਨ ਨਾਲ ਨਵੇਂ ਰਿਕਾਰਡ ਕਾਇਮ ਕਰ ਰਹੇ ਕਿਸਾਨ, ਕੈਂਸਰ ਵਰਗੀਆਂ ਬੀਮਾਰੀਆਂ ਦਾ ਖ਼ਤਰਾ ਘਟਿਆ

Wednesday, Sep 04, 2024 - 10:21 AM (IST)

ਜਲੰਧਰ : ਪੰਜਾਬ ਦੇ ਕਈ ਜ਼ਿਲਿਆਂ ’ਚ ਕਿਸਾਨਾਂ ਨੇ ‘ਨਮੋ ਡਰੋਨ ਦੀਦੀ’ ਸਕੀਮ ਤਹਿਤ ਨਵੇਂ ਰਿਕਾਰਡ ਸਥਾਪਤ ਕੀਤੇ ਹਨ। ਕਿਸਾਨਾਂ ਨੇ ਡਰੋਨਾਂ ਨਾਲ ਕੀਟਨਾਸ਼ਕਾਂ ਅਤੇ ਖਾਦਾਂ ਦਾ ਛਿੜਕਾਅ ਕਰਨਾ ਸ਼ੁਰੂ ਕਰ ਦਿੱਤਾ ਹੈ। ਪੰਜਾਬ ਦੇ ਵਾਤਾਵਰਨ ’ਚ ਇਸ ਸਕੀਮ ਦਾ ਵਿਸ਼ੇਸ਼ ਮਹੱਤਵ ਹੈ ਕਿਉਂਕਿ ਸੂਬੇ ਦੇ ਸੈਂਕੜੇ ਲੋਕ ਕੀਟਨਾਸ਼ਕਾਂ ਦੀ ਵਰਤੋਂ ਕਾਰਨ ਕੈਂਸਰ, ਗੁਰਦਿਆਂ ਦੀਆਂ ਬੀਮਾਰੀਆਂ, ਇਮਿਊਨ ਡਿਸਆਰਡਰ, ਪਾਰਕਿੰਸਨ ਰੋਗ ਅਤੇ ਬਾਂਝਪਨ ਵਰਗੀਆਂ ਬੀਮਾਰੀਆਂ ਦਾ ਸਾਹਮਣਾ ਕਰ ਰਹੇ ਹਨ।

ਮਾਹਿਰਾਂ ਦਾ ਕਹਿਣਾ ਹੈ ਕਿ ਇਹ ਸਕੀਮ ਜਿਥੇ ਭਵਿੱਖ ’ਚ ਘਾਤਕ ਬੀਮਾਰੀਆਂ ਦੇ ਖਤਰੇ ਨੂੰ ਘਟਾ ਦੇਵੇਗੀ, ਉਥੇ ਹੀ ਇਸ ਤਕਨੀਕ ਨਾਲ ਕਿਸਾਨਾਂ ਲਈ ਕੀਟਨਾਸ਼ਕਾਂ ਦਾ ਛਿੜਕਾਅ ਕਰਨ ਦਾ ਕਾਫੀ ਸਮਾਂ ਵੀ ਬਚੇਗਾ। ਹਾਲਾਂਕਿ, ਕੇਂਦਰੀ ਵਣਜ ਅਤੇ ਉਦਯੋਗ ਮੰਤਰਾਲੇ ਵੱਲੋਂ ਸ਼ੁਰੂ ਕੀਤੀ ਗਈ ਇਸ ਯੋਜਨਾ ਦਾ ਮੰਤਵ ਪੇਂਡੂ ਔਰਤਾਂ ਨੂੰ ਖੇਤੀਬਾੜੀ ਦੇ ਕੰਮਾਂ ਲਈ ਡਰੋਨ ਪਾਇਲਟ ਬਣਨ ਦੀ ਸਿਖਲਾਈ ਦੇ ਕੇ ਉਨ੍ਹਾਂ ਨੂੰ ਸਸ਼ਕਤ ਕਰਨਾ ਹੈ।

ਇਨ੍ਹਾਂ ਜ਼ਿਲਿਆਂ ’ਚ ਡਰੋਨ ਦੀ ਵਰਤੋਂ
ਇਕ ਰਿਪੋਰਟ ਅਨੁਸਾਰ ਮੋਗਾ, ਭਗਥਲਾ ਖੁਰਦ (ਫਰੀਦਕੋਟ), ਕਪੂਰਥਲਾ ਅਤੇ ਅੰਮ੍ਰਿਤਸਰ ’ਚ ਕਿਸਾਨ ਕੀਟਨਾਸ਼ਕਾਂ ਅਤੇ ਖਾਦਾਂ ਦੇ ਛਿੜਕਾਅ ਲਈ ਡਰੋਨ ਦੀ ਵਰਤੋਂ ਕਰ ਰਹੇ ਹਨ।
‘ਨਮੋ ਡਰੋਨ ਦੀਦੀ’ ਸਕੀਮ ਤਹਿਤ ਭਾਰਤੀ ਕਿਸਾਨ ਖਾਦ ਸਹਿਕਾਰੀ (ਇਫਕੋ) ਦੀਆਂ ਨੀਤੀਆਂ ਵੱਲੋਂ ਪ੍ਰਦਾਨ ਕੀਤੇ ਗਏ 100 ’ਚੋਂ 93 ਡਰੋਨ ਕੰਮ ਕਰ ਰਹੇ ਹਨ, ਜਿਨ੍ਹਾਂ ’ਚੋਂ ਹਰੇਕ ਦੀ ਕੀਮਤ 16 ਲੱਖ ਰੁਪਏ ਹੈ ਅਤੇ ਉਨ੍ਹਾਂ ’ਚ ਇਕ 12 ਲੀਟਰ ਦਾ ਟੈਂਕ ਵੀ ਸਥਾਪਤ ਕੀਤਾ ਜਾ ਸਕਦਾ ਹੈ।

ਇਹ ਖ਼ਬਰ ਵੀ ਪੜ੍ਹੋ -  ਹਰਿਆਣਵੀਂ ਡਾਂਸਰ ਸਪਨਾ ਚੌਧਰੀ ਅੱਜ ਕਰੇਗੀ ਵੱਡਾ ਐਲਾਨ

ਜਸਵਿੰਦਰ ਕੌਰ ਪੰਜਾਬ ਦੀ ਪਹਿਲੀ ਕਿਸਾਨ ਡਰੋਨ ਪਾਇਲਟ
ਰਿਪੋਰਟ ’ਚ ਕਿਹਾ ਗਿਆ ਹੈ ਕਿ ਮੋਗਾ ਦੇ ਪਿੰਡ ਰੱਤੀਆਂ ਦੀ ਜਸਵਿੰਦਰ ਕੌਰ ਧਾਲੀਵਾਲ (46) ਨਮੋ ਡਰੋਨ ਦੀਦੀ ਪ੍ਰਾਜੈਕਟ ਤਹਿਤ ਸਿਖਲਾਈ ਲਈ ਚੁਣੀ ਗਈ ਪੰਜਾਬ ਦੀਆਂ ਪਹਿਲੀਆਂ ਔਰਤਾਂ ’ਚੋਂ ਇਕ ਸੀ। 12ਵੀਂ ਜਮਾਤ ਪਾਸ ਜਸਵਿੰਦਰ 15 ਮਹਿਲਾ ਸਵੈ-ਸਹਾਇਤਾ ਗਰੁੱਪ ਚਲਾਉਂਦੀ ਹੈ। ਇਹ ਗਰੁੱਪ ਜੂਟ ਦੀਆਂ ਬੋਰੀਆਂ ਬਣਾਉਣ ਦਾ ਕੰਮ ਕਰਦਾ ਹੈ।
ਸ਼ੁਰੂ ’ਚ ਉਹ ਡਰੋਨ ਦੇ ਰਿਮੋਟ ਕੰਟਰੋਲ ਨੂੰ ਛੂਹਣ ਤੋਂ ਵੀ ਡਰਦੀ ਸੀ ਕਿਉਂਕਿ ਉਸ ਨੂੰ ਲੱਗਦਾ ਸੀ ਕਿ ਇਹ ਕੋਈ ‘ਏਲੀਅਨ ਦੀ ਚੀਜ’ ਹੈ ਪਰ ਗੁੜਗਾਓਂ ਵਿਚ ਸਿਖਲਾਈ ਤੋਂ ਬਾਅਦ ਉਸ ਦੀ ਝਿਜਕ ਦੂਰ ਹੋ ਗਈ। ਇਫਕੋ ਤੋਂ ਡਰੋਨ ਪ੍ਰਾਪਤ ਕਰਨ ਤੋਂ ਬਾਅਦ ਜੂਨ ’ਚ ਖੇਤਾਂ ’ਚ ਵਪਾਰਕ ਤੌਰ ’ਤੇ ਛਿੜਕਾਅ ਦੀ ਸ਼ੁਰੂਆਤ ਕਰਦਿਆਂ ਉਸ ਨੇ 250 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ 200 ਏਕੜ ਤੋਂ ਵੱਧ ਰਕਬੇ ’ਚ ਛਿੜਕਾਅ ਕਰ ਕੇ ਚੰਗੀ ਸ਼ੁਰੂਆਤ ਕੀਤੀ ਹੈ। ਕੀਟਨਾਸ਼ਕਾਂ ਦੇ ਛਿੜਕਾਅ ਦਾ ਖਰਚਾ ਕਿਸਾਨ ਝੱਲਦੇ ਹਨ।

ਕਿਸਾਨਾਂ ਦੀ ਸਿਹਤ ਦੀ ਰੱਖਿਆ
ਕੀਟਨਾਸ਼ਕਾਂ ਦਾ ਹੱਥੀਂ ਛਿੜਕਾਅ ਮਜ਼ਦੂਰੀ ਵਾਲਾ ਕੰਮ ਹੁੰਦਾ ਹੈ ਅਤੇ ਮਜ਼ਦੂਰਾਂ ਨੂੰ ਹਾਨੀਕਾਰਕ ਰਸਾਇਣਾਂ ਦਾ ਸਾਹਮਣਾ ਕਰਦਾ ਪੈਂਦਾ ਹੈ। ਕੀਟਨਾਸ਼ਕਾਂ ਅਤੇ ਰਸਾਇਣਕ ਖਾਦਾਂ ਨਾਲ ਲੰਬੇ ਸਮੇਂ ਤੱਕ ਸੰਪਰਕ ਕਿਸਾਨਾਂ ਦੀ ਸਿਹਤ ਨੂੰ ਨੁਕਸਾਨ ਪਹੁੰਚਾਉਂਦਾ ਹੈ। ਡਰੋਨ 5-7 ਮਿੰਟਾਂ ’ਚ ਪ੍ਰਤੀ ਏਕੜ ਕੀਟਨਾਸ਼ਕ ਛਿੜਕਾਅ ਨੂੰ ਪੂਰਾ ਕਰ ਸਕਦੇ ਹਨ, ਜਦ ਕਿ ਇਸ ਨੂੰ ਹੱਥੀਂ ਕਰਨ ਲਈ ਬਹੁਤ ਸਮਾਂ ਲੱਗਦਾ ਹੈ। ਡਰੋਨ ਦੀ ਵਰਤੋਂ ਨੁਕਸਾਨਦੇਹ ਰਸਾਇਣਾਂ ਨਾਲ ਸਿੱਧੇ ਸੰਪਰਕ ਨੂੰ ਘਟਾਉਂਦੀ ਹੈ, ਕਿਸਾਨਾਂ ਦੀ ਸਿਹਤ ਦੀ ਰੱਖਿਆ ਕਰਦੀ ਹੈ। ਦੂਜਾ ਹੱਥੀਂ ਛਿੜਕਾਅ ਅਕਸਰ ਫਸਲ ਦੇ ਕੁਝ ਹਿੱਸਿਆਂ ਨੂੰ ਛੱਡ ਦਿੰਦਾ ਹੈ, ਜਿਸ ਨਾਲ ਝਾੜ ਪ੍ਰਭਾਵਿਤ ਹੁੰਦਾ ਹੈ। ਡਰੋਨ ਰਾਹੀਂ ਕੀਟਨਾਸ਼ਕਾਂ ਦੀ ਵਰਤੋਂ ਫਸਲ ਦੇ ਵਾਧੇ ਅਤੇ ਝਾੜ ’ਚ ਸੁਧਾਰ ਕਰਦੀ ਹੈ। ਡਰੋਨ ਨੈਨੋ ਯੂਰੀਆ ਅਤੇ ਨੈਨੋ ਡੀ.ਏ.ਪੀ. ਵਰਗੇ ਨੈਨੋ ਖਾਦ ਦੀ ਵਰਤੋਂ ਨਾਲ ਜੁੜੀਆਂ ਚੁਣੌਤੀਆਂ ਨੂੰ ਵੀ ਹੱਲ ਕਰਦੇ ਹਨ।

ਪੈਸੇ ਦੀ ਵੀ ਹੁੰਦੀ ਹੈ ਬੱਚਤ
ਕੀਟਨਾਸ਼ਕਾਂ ਦੀ ਵਰਤੋਂ ਤੋਂ ਇਲਾਵਾ ਡਰੋਨ ਫਸਲਾਂ ਦੀ ਨਿਗਰਾਨੀ ਅਤੇ ਐਮਰਜੈਂਸੀ ਪ੍ਰਤੀਕ੍ਰਿਆ ’ਚ ਵੀ ਮਦਦਗਾਰ ਹੁੰਦੇ ਹਨ। ਉਹ ਖੇਤਾਂ ਦੀਆਂ ਅਸਲ-ਸਮੇਂ ਦੀਆਂ ਤਸਵੀਰਾਂ ਲੈ ਸਕਦੇ ਹਨ, ਜਿਸ ਨਾਲ ਕਿਸਾਨ ਫਸਲਾਂ ਦੀਆਂ ਸਥਿਤੀਆਂ ਦੀ ਨਿਗਰਾਨੀ ਕਰਨ ਅਤੇ ਕਿਸੇ ਸਮੱਸਿਆ ਜਾਂ ਵਿਗਾੜ ਬਾਰੇ ਪਤਾ ਹੋਣ ’ਤੇ ਤੁਰੰਤ ਦਖਲ ਦੇ ਸਕਦੇ ਹਨ। ਇਹ ਸਮਰੱਥਾ ਗੁਲਾਬੀ ਬੋਲਵਰਮ ਵਰਗੇ ਕੀੜਿਆਂ ਦੀ ਇਨਫੈਕਸ਼ਨ ਦਾ ਮੁਕਾਬਲਾ ਕਰਨ ਲਈ ਮਹੱਤਵਪੂਰਨ ਹੈ, ਜਿਸ ਨੇ ਪੰਜਾਬ ’ਚ ਕਪਾਹ ਦੀ ਫਸਲ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਕੀਟਨਾਸ਼ਕ ਛਿੜਕਾਅ ਲਈ ਡਰੋਨ ਇਕ ਏਕੜ ਜ਼ਮੀਨ ਨੂੰ ਲਗਭਗ 200 ਰੁਪਏ ’ਚ ਕਵਰ ਕਰ ਸਕਦੇ ਹਨ, ਜਦੋਂ ਕਿ ਮਜ਼ਦੂਰਾਂ ਵੱਲੋਂ ਹੱਥੀਂ ਕੀਤੇ ਜਾਣ ’ਤੇ ਇਸ ਦੀ ਕੀਮਤ 300 ਰੁਪਏ ਪ੍ਰਤੀ ਏਕੜ ਹੈ।

ਇਹ ਖ਼ਬਰ ਵੀ ਪੜ੍ਹੋ -  ਕੰਗਨਾ ਰਣੌਤ ਦੇ ਵਿਵਾਦਿਤ ਬਿਆਨ 'ਤੇ ਬੱਬੂ ਮਾਨ ਦਾ ਆਇਆ ਅਜਿਹਾ ਰਿਐਕਸ਼ਨ

ਡਰੋਨ ਦੀ ਲਾਗਤ ’ਤੇ ਮਿਲਦੀ 80 ਫੀਸਦੀ ਸਬਸਿਡੀ
ਮਹਿਲਾ ਸਵੈ-ਸਹਾਇਤਾ ਸਮੂਹਾਂ ਦੀਆਂ ਔਰਤਾਂ ਦੀ ਮਦਦ ਕਰਨ ਲਈ ਕੇਂਦਰ ਸਰਕਾਰ ‘ਨਮੋ ਡਰੋਨ ਦੀਦੀ’ ਯੋਜਨਾ ਤਹਿਤ ਢੁਕਵੇਂ ਲਾਭ ਪ੍ਰਦਾਨ ਕਰਦੀ ਹੈ। ਡਰੋਨ ਦੀ ਕੀਮਤ ’ਤੇ 80 ਫੀਸਦੀ ਸਬਸਿਡੀ ਭਾਵ ਵੱਧ ਤੋਂ ਵੱਧ 8 ਲੱਖ ਰੁਪਏ ਤੱਕ ਦੀ ਰਕਮ ਸਵੈ-ਸਹਾਇਤਾ ਸਮੂਹਾਂ ਨੂੰ ਪ੍ਰਦਾਨ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਬਾਕੀ ਦੀ ਲਾਗਤ ਖੇਤੀਬਾੜੀ ਬੁਨਿਆਦੀ ਢਾਂਚਾ ਫੰਡ (ਏ.ਆਈ.ਐੱਫ.) ਅਧੀਨ ਉਪਲਬਧ ਕਰਜ਼ਿਆਂ ਰਾਹੀਂ ਫੰਡਿੰਗ ਕੀਤੀ ਜਾ ਸਕਦੀ ਹੈ, ਜਿਸ ’ਚ 3 ਫੀਸਦੀ ਦੀ ਮਾਮੂਲੀ ਵਿਆਜ ਦਰ ਹੁੰਦੀ ਹੈ। ਇਸ ਸਕੀਮ ’ਚ ਔਰਤਾਂ ਨੂੰ ਡਰੋਨ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਚਲਾਉਣ ਲਈ ਵਿਆਪਕ ਸਿਖਲਾਈ ਵੀ ਸ਼ਾਮਲ ਹੈ। ਇਹ ਡਰੋਨ ਕਿਸਾਨਾਂ ਨੂੰ ਕਿਰਾਏ ’ਤੇ ਦਿੱਤੇ ਜਾ ਸਕਦੇ ਹਨ, ਜੋ ਸਵੈ-ਸਹਾਇਤਾ ਸਮੂਹਾਂ ਨੂੰ ਪ੍ਰਤੀ ਸਾਲ 1 ਲੱਖ ਰੁਪਏ ਦੀ ਵਾਧੂ ਆਮਦਨ ਕਮਾਉਣ ਦਾ ਮੌਕਾ ਪ੍ਰਦਾਨ ਕਰ ਸਕਦੇ ਹਨ।

 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


sunita

Content Editor

Related News