ਦਿਨੋਂ-ਦਿਨ ਗੰਭੀਰ ਬਣਦੀ ਜਾ ਰਹੀ ਬੇਰੁਜ਼ਗਾਰੀ ਦੀ ਸਮੱਸਿਆ

Thursday, Jan 05, 2023 - 03:03 PM (IST)

ਸੁਲਤਾਨਪੁਰ ਲੋਧੀ (ਧੀਰ)- ਇਤਿਹਾਸ ਇਸ ਗੱਲ ਦਾ ਪ੍ਰਤੱਖ ਗਵਾਹ ਹੈ ਕਿ ਪੰਜਾਬ ਨੂੰ ‘ਸੋਨੇ ਦੀ ਚਿੜੀ’ ਦੇ ਨਾਂ ਨਾਲ ਜਾਣਿਆ ਜਾਂਦਾ ਸੀ ਅਤੇ ਉਸ ਸਮੇਂ ਬੇਰੋਜ਼ਗਾਰੀ, ਗਰੀਬੀ, ਭ੍ਰਿਸ਼ਟਾਚਾਰ, ਭੁੱਖਮਰੀ, ਨਸ਼ਾਖੋਰੀ ਆਦਿ ਲਾਹਨਤਾ ਦਾ ਸਾਇਆ ਵੀ ਇਸ ਸੂਬੇ ਦੇ ਆਲੇ-ਦੁਆਲੇ ਨਹੀਂ ਸੀ ਮੰਡਰਾਉਂਦਾ। ਉਸ ਸਮੇਂ ਥੋੜ੍ਹੀ-ਬਹੁਤ ਜਾਣਕਾਰੀ ਰੱਖਣ ਵਾਲੇ ਅਤੇ ਪੜ੍ਹੇ-ਲਿਖੇ ਉੱਚ ਬੁੱਧੀਜੀਵੀ ਲੋਕਾਂ ਨੂੰ ਬੜੇ ਹੀ ਅਦਬ ਅਤੇ ਸਤਿਕਾਰ ਨਾਲ ਬਣਦਾ ਮਾਣ-ਸਨਮਾਨ ਦਿੱਤਾ ਜਾਂਦਾ ਸੀ। ਉਸ ਸਮੇਂ ਥੋੜ੍ਹਾ-ਬਹੁਤਾ ਗਿਆਨ ਪ੍ਰਾਪਤ ਕਰ ਲੈਣ ’ਤੇ ਵੀ ਵਿਅਕਤੀ ਸਮਾਜ ’ਚ ਇੱਜਤ ਅਤੇ ਮਾਣ ਦਾ ਭਾਗੀਦਾਰ ਮੰਨਿਆ ਜਾਂਦਾ ਸੀ ਪਰ ਅੱਜ ਸਮੇਂ ਨੇ ਐਸੀ ਕਰਵਟ ਬਦਲੀ ਹੈ ਕਿ ਅਨਪੜ੍ਹ ਲੋਕਾਂ ਦੀ ਤਾਂ ਬਹੁਤ ਦੂਰ ਦੀ ਗੱਲ, ਪੜ੍ਹੇ-ਲਿਖੇ ਲੋਕਾਂ ਨੂੰ ਵੀ ਜ਼ਿਆਦਤੀ ਅਤੇ ਭ੍ਰਿਸ਼ਟਾਚਾਰੀ ਦੇ ਤੰਤਰ ਦਾ ਸ਼ਿਕਾਰ ਹੋਣਾ ਪੈਂਦਾ ਹੈ।

ਇਕ ਪੁਰਾਣੀ ਗੱਲ ਕਿ ਇਕ ਮਿਲਟਰੀ ਕੈਂਪ ’ਚ ਫ਼ੌਜ ’ਚ ਭਰਤੀ ਹੋਣ ਲਈ ਆਏ ਨੌਜਵਾਨਾਂ ’ਤੇ ਸਥਾਨਕ ਪੁਲਸ ਵੱਲੋਂ ਕੀਤੇ ਗਏ ਬੇਲੋੜੇ ਲਾਠੀਚਾਰਜ ਦੀਆਂ ਤਸਵੀਰਾਂ ਇਸ ਗੱਲ ਦੀ ਖ਼ੁਦ ਗਵਾਹੀ ਭਰਦੀਆਂ ਹਨ। ਇਹ ਬਹੁਤ ਹੀ ਹੈਰਾਨ ਕਰਨ ਵਾਲੀ ਅਤੇ ਇਕ ਗੰਭੀਰ ਚਿੰਤਾਜਨਕ ਗੱਲ ਹੈ ਕਿ ਮਿਲਟਰੀ ’ਚ ਆਸਾਮੀਆਂ ਤਾਂ ਸਿਰਫ਼ 16 ਸੀ, ਜਿਸ ’ਚ 14 ਜਨਰਲ ਡਿਊਟੀ ਸਿਪਾਹੀ, 1 ਕਲਰਕ ਅਤੇ 1 ਕੁੱਕ ਦੀ ਆਸਾਮੀ ਸ਼ਾਮਲ ਸੀ ਪਰ ਇਨ੍ਹਾਂ 16 ਆਸਾਮੀਆਂ ਲਈ 15, 000 ਨੌਜਵਾਨਾਂ ਦੀ ਭੀੜ ਪਹੁੰਚੀ ਹੋਈ ਸੀ। ਇਸ ਮਿਲਟਰੀ ਕੈਂਪ ’ਚ ਆਏ ਨੌਜਵਾਨਾਂ ਦੇ ਹੜ੍ਹ ਦਾ ਦ੍ਰਿਸ਼ ਇਸ ਤਰ੍ਹਾਂ ਜਾਪ ਰਿਹਾ ਸੀ ਜਿਵੇਂ ਕਿ ਮਹਾਂਕੁੰਭ ਮੇਲੇ ਦੌਰਾਨ ਸ਼ਰਧਾਲੂਆਂ ਲਈ ਇਸ਼ਨਾਨ ਦਾ ਵੇਲਾ ਹੋਵੇ। ਸੱਚ ਪੁੱਛੋ ਤਾਂ ਇਹ ਵੀ ਇਕ ਮਹਾਕੁੰਭ ਹੀ ਸੀ ਪਰ ਇਹ ਸ਼ਰਧਾਲੂਆਂ ਦਾ ਮਹਾਕੁੰਭ ਨਹੀਂ ਸੀ, ਬਲਕਿ ਬੇਰੋਜ਼ਗਾਰੀ ਦੀ ਚੱਕੀ ’ਚ ਪਿਸ ਰਹੇ ਬੇਰੁਜ਼ਗਾਰ ਨੌਜਵਾਨਾਂ ਦਾ ਮਹਾਂਕੁੰਭ ਸੀ।

ਇਹ ਵੀ ਪੜ੍ਹੋ : ਗੋਰਾਇਆ ਵਿਖੇ ਪੁੱਤ ਦੇ ਵਿਆਹ ਦੇ ਕਾਰਡ ਵੰਡ ਕੇ ਪਰਤ ਰਹੇ ਪਿਤਾ ਨਾਲ ਵਾਪਰੀ ਅਣਹੋਣੀ

ਭਰਤੀ ਹੋਣ ਲਈ ਮਿਲਟਰੀ ਕੈਂਪ ’ਚ ਸਵੇਰੇ 4 ਵਜੇ ਤੋਂ ਪਹੁੰਚੇ ਬੇਰੋਜ਼ਗਾਰਾਂ ਲਈ ਨਾ ਤਾਂ ਪੀਣ ਲਈ ਪਾਣੀ ਦਾ ਕੋਈ ਪ੍ਰਬੰਧ ਤੇ ਉੱਤੋ ਦੀ ਉਨ੍ਹਾਂ ਨੂੰ ਭੁੱਖੇ ਢਿੱਡ ਪੁਲਸ ਦੀਆਂ ਡਾਂਗਾਂ ਦਾ ਭੋਜਨ ਕਰਵਾਉਣਾ ਕਿੱਥੋ ਦੀ ਇਨਸਾਨੀਅਤ ਹੈ। ਵੱਖ-ਵੱਖ ਸੂਬਿਆਂ ਤੋਂ ਆਪਣੀ ਰੋਜ਼ੀ-ਰੋਟੀ ਕਮਾਉਣ ਦੇ ਮੰਤਵ ਨੂੰ ਮੁੱਖ ਰੱਖ ਕੇ ਭਰਤੀ ਆਏ ਬੇਰੁਜਗਾਰ ਨੌਜਵਾਨਾਂ ਦਾ ਕੀ ਕਸੂਰ ਸੀ, ਜੋ ਇਨ੍ਹਾਂ ਨੂੰ ਇੱਕ ਅਣਮਨੁੱਖੀ ਕਾਰਵਾਈ ਦਾ ਸ਼ਿਕਾਰ ਹੋਣਾ ਪਿਆ ਸੀ। ਕੀ ਕੁਝ ਆਸਾਮੀਆਂ ਲਈ ਹਜ਼ਾਰਾਂ ਦੀ ਗਿਣਤੀ ’ਚ ਪਹੁੰਚੇ ਬੇਰੋਜ਼ਗਾਰ ਨੌਜਵਾਨਾਂ ਦੀ ਇਸ ਘਟਨਾ ਨੂੰ ਦੇਖ ਕੇ ਵੀ ਪੰਜਾਬ ਸਰਕਾਰ ਨੂੰ ਅੰਦਾਜ਼ਾ ਨਹੀਂ ਹੋਇਆ ਸੀ ਕਿ ਪੰਜਾਬ ’ਚ ਬੇਰੋਜ਼ਗਾਰੀ ਕਿਹੋ-ਜਿਹਾ ਭਿਆਨਕ ਰੂਪ ਅਖ਼ਤਿਆਰ ਕਰ ਚੁੱਕੀ ਹੈ। ਪੰਜਾਬ ਦੀ ਮੌਜੂਦਾ ਸਰਕਾਰ ਦੀਆਂ ਜੇਕਰ ਇਸ ਘਟਨਾ ਨੂੰ ਜਿਹਨ ’ਚ ਰੱਖ ਕੇ ਵੀ ਅੱਖਾਂ ਨਹੀਂ ਖੁੱਲ੍ਹਦੀਆਂ ਤਾਂ ਸਾਸ਼ਨ ਕਰ ਚੁੱਕੀਆਂ ਵੱਖ-ਵੱਖ ਪਾਰਟੀ ਦੀਆਂ ਸਰਕਾਰਾਂ ਤੇ ਮੌਜੂਦਾ ਸਰਕਾਰ ’ਚ ਕੋਈ ਅੰਤਰ ਨਹੀਂ ਰਹਿ ਜਾਵੇਗਾ ਤੇ ਪੰਜਾਬ ਨੂੰ ਬੇਰੋਜ਼ਗਾਰੀ ’ਚ ਗਲਤਾਨ ਹੋਣ ਤੋਂ ਕੋਈ ਨਹੀਂ ਬਚਾ ਸਕਦਾ ਤੇ ਪੰਜਾਬ ਲਈ ਬੇਰੋਜ਼ਗਾਰੀ ਦਾ ਮਹਾਕੁਭ ਇਕ ਢੁਕਵਾਂ ਸ਼ਬਦ ਹੋਵੇਗਾ। ਅੱਜ ਪੰਜਾਬ ਵਰਗੇ ਕਿੱਤਾਮੁਖੀ ਸੂਬੇ ’ਚ ਵੀ ਨੌਜਵਾਨ ਮੁੰਡੇ-ਕੁੜੀਆਂ ਬੇਰੋਜ਼ਗਾਰ ਹਨ ਅਤੇ ਉਨ੍ਹਾਂ ਦੀ ਸਾਰ ਲੈਣ ਵਾਲਾ ਕੋਈ ਨਹੀਂ ਹੈ। ਬੇਸ਼ੱਕ ਹੀ ਮੌਜੂਦਾ ਸਰਕਾਰ ਰੋਜ਼ਗਾਰ ਦੇ ਵਾਅਦੇ ਕਰ ਰਹੀ ਹੈ ਪਰ ਭ੍ਰਿਸ਼ਟਾਚਾਰ ਕਿਤੇ ਨਾ ਕਿਤੇ ਇਨ੍ਹਾਂ ਵਾਅਦਿਆਂ ਨੂੰ ਠੇਂਗਾ ਵਿਖਾ ਰਿਹਾ ਹੈ।

ਨਾਇਬ ਤਹਿਸੀਲਦਾਰ ਦੀ ਭਰਤੀ ’ਚ ਹੋਈ ਘਪਲੇ ਨੇ ਸਾਰਿਆਂ ਨੂੰ ਸੋਚਣ ਲਈ ਕੀਤਾ ਮਜਬੂਰ
ਹਾਲ ਹੀ ’ਚ ਨਾਇਬ ਤਹਿਸੀਲਦਾਰ ਦੀ ਭਰਤੀ ’ਚ ਹੋਏ ਵੱਡੇ ਘਪਲੇ ਨੇ ਸਭ ਨੂੰ ਸੋਚਣ ਲਈ ਮਜਬੂਰ ਕਰ ਕੇ ਰੱਖ ਦਿੱਤਾ ਹੈ। ਪੁਲਸ ਵੱਲ ਬੇਪਰਦ ਕੀਤੇ ਭਰਤੀ ਘੁਟਾਲੇ ਦਾ ਘੇਰਾ ਵਧਦਾ ਜਾ ਰਿਹਾ ਹੈ। ਇਸ ਮਾਮਲੇ ’ਚ ਕਾਬੂ ਕੀਤੇ ਗਏ ਗਿਰੋਹ ਦੇ ਮੈਂਬਰਾਂ ਵੱਲੋਂ ਇਸੇ ਹੀ ਤਰਜ਼ ’ਤੇ ਕੁਝ ਹੋਰ ਆਸਾਮੀਆਂ ਦੌਰਾਨ ਵੀ ਨਕਲ ਕਰਵਾਉਣ ਸਮੇਤ ਪੰਜਾਬ ਤੋਂ ਬਾਹਰਲੇ ਕੁਝ ਹੋਰ ਰਾਜਾਂ ’ਚ ਵੀ ਆਸਾਮੀਆਂ ਦੀ ਭਰਤੀ ’ਚ ਆਧੁਨਿਕ ਤਕਨੀਕ ਜਰੀਏ ਨਕਲ ਕਰਵਾਏ ਕਈ ਹੋਰਨਾਂ ਵਿਅਕਤੀਆਂ ਨੂੰ ਵੀ ਸਰਕਾਰੀ ਅਹੁਦਿਆਂ ਤੱਕ ਪਹੁੰਚਾਉਣ ਦੀ ਗੱਲ ਕਬੂਲੀ ਗਈ ਹੈ।

ਭ੍ਰਿਸ਼ਟਾਚਾਰੀਆਂ ’ਤੇ ਲਗਾਮ ਲਾਉਣ ਦੀ ਲੋੜ
ਜੇਕਰ ਇਸੇ ਤਰ੍ਹਾਂ ਹੀ ਪੰਜਾਬ ਦੇ ਪੜ੍ਹੇ-ਲਿਖੇ ਮਿਹਨਤਕਸ਼ ਨੌਜਵਾਨਾਂ ਦੇ ਹੱਕਾਂ ’ਤੇ ਡਾਕਾ ਵੱਜਦਾ ਰਿਹਾ ਤਾਂ ਸਾਲਾਂ ਤੋਂ ਨੌਕਰੀ ਦੀ ਆਸ ’ਚ ਮਿਹਨਤ ਕਰਦੇ ਆ ਰਹੇ ਇਨ੍ਹਾਂ ਲੜਕੇ-ਲੜਕੀਆਂ ਦੇ ਦਿਲ ’ਚ ਸਰਕਾਰੀ ਤੰਤਰ ਪ੍ਰਤੀ ਕੀ ਆਸ ਰਹੇਗੀ। ਇਸ ਲਈ ਅਜਿਹੇ ਭ੍ਰਿਸ਼ਟ ਸਮਾਜ ਦੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਲਗਾਮ ਲਗਾਈ ਜਾਣੀ ਚਾਹੀਦੀ ਹੈ ਤਾਂ ਜੋ ਇਹ ਭਰਤੀਆਂ ਪਾਰਦਰਸ਼ੀ ਤੇ ਨਿਰਪੱਖ ਤਰੀਕੇ ਨਾਲ ਸਿਰੇ ਚਡ਼੍ਹਨ ਸਕਣ ਤੇ ਲੰਬੇ ਸਮੇਂ ਤੋਂ ਮਿਹਨਤ ਕਰਨ ਵਾਲਿਆਂ ਦੀ ਮਿਹਨਤ ਦਾ ਮੁੱਲ ਪੈ ਸਕੇ, ਜਿਸ ਨਾਲ ਕਿ ਇਕ ਨਵੇਂ ਪੰਜਾਬ ਦੀ ਮੁੜ ਤੋਂ ਸਿਰਜਣਾ ਹੋ ਸਕੇ।

ਇਹ ਵੀ ਪੜ੍ਹੋ : ਬਿਜਲੀ ਮੰਤਰੀ ਹਰਭਜਨ ਸਿੰਘ ETO ਦਾ ਵੱਡਾ ਬਿਆਨ, ਪੰਜਾਬ ਦੇ 90 ਫ਼ੀਸਦੀ ਪਰਿਵਾਰਾਂ ਦਾ ਬਿਜਲੀ ਬਿੱਲ ਆ ਰਿਹੈ 'ਜ਼ੀਰੋ'

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ

 


Anuradha

Content Editor

Related News