ਸੀਵਰੇਜ ਪਾਉਣ ਲਈ ਪੁੱਟੀ ਰੋਡ ਲੋਕਾਂ ਲਈ ਬਣੀ ਪ੍ਰੇਸ਼ਾਨੀ ਦਾ ਸਬੱਬ

Saturday, Sep 15, 2018 - 12:47 AM (IST)

ਸੀਵਰੇਜ ਪਾਉਣ ਲਈ ਪੁੱਟੀ ਰੋਡ ਲੋਕਾਂ ਲਈ ਬਣੀ ਪ੍ਰੇਸ਼ਾਨੀ ਦਾ ਸਬੱਬ

ਨਵਾਂਸ਼ਹਿਰ, (ਮਨੋਰੰਜਨ, ਤ੍ਰਿਪਾਠੀ)- ਸੀਵਰੇਜ ਪਾਉਣ ਲਈ ਪੁੱਟੀ ਨਵਾਂਸ਼ਹਿਰ ਦੀ ਕੁਲਾਮ ਰੋਡ ਲੋਕਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣੀ ਹੋਈ ਹੈ।  ਉਪਰੋਂ ਸਡ਼ਕ ’ਤੇ ਪਾਈ ਮਿੱਟੀ ਬਰਸਾਤ ਦੌਰਾਨ ਚਿੱਕੜ ਦਾ ਰੂਪ ਧਾਰਨ ਕਰ ਕੇ ਲੋਕਾਂ ਦੀ ਪ੍ਰੇਸ਼ਾਨੀ ਹੋਰ ਵਧਾ ਰਹੀ ਹੈ। ਚਿੱਕਡ਼ ਕਾਰਨ ਆਏ ਦਿਨ ਛੋਟੇ ਅਤੇ ਵੱਡੇ ਵਾਹਨ ਇਸ ’ਚ ਫਸ ਰਹੇ ਹਨ। ਹੁਣ  ਸਥਿਤੀ ਇਹ ਬਣੀ ਹੋਈ ਹੈ ਕਿ ਕੁਲਾਮ ਰੋਡ ਦੇ ਆਸ-ਪਾਸ ਪਿੰਡਾਂ ਦੇ ਲੋਕਾਂ ਨੇ ਇਸ ਰਾਸਤੇ ਨੂੰ ਹੀ ਛੱਡ ਦਿੱਤਾ ਹੈ। ਇਥੋਂ ਲੰਘਣ ਵਾਲੇ ਟੈਂਪੂ ਅਤੇ ਬੱਸਾਂ  ਦਾ ਵੀ ਇਸ ਸਡ਼ਕ ’ਤੇ ਜਾਣਾ  ਬੰਦ ਹੋ ਗਿਆ ਹੈ। ਪੈਦਲ ਚੱਲਣ ਵਾਲੇ ਰਾਹਗੀਰ ਤਾਂ ਪਿਛਲੇ 2 ਮਹੀਨਿਅਾਂ ਤੋਂ ਸਡ਼ਕ ਦੀ ਖੁਦਾਈ ਕਾਰਨ ਖਾਸੇ ਪ੍ਰੇਸ਼ਾਨ ਹਨ। 
  ਧਿਆਨ ਰਹੇ ਕਿ ਬਰਸਾਤ ਤੋਂ ਪਹਿਲਾਂ ਕੁਲਾਮ ਰੋਡ ’ਤੇ ਸੀਵਰੇਜ ਪਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ। ਸਡ਼ਕ ’ਤੇ ਸੀਵਰੇਜ ਤਾਂ ਪਾ ਦਿੱੱਤਾ ਗਿਆ ਪਰ ਸਡ਼ਕ ਨਹੀਂ ਬਣਾਈ ਗਈ। ਦੂਜੇ ਪਾਸੇ ਵਿਭਾਗੀ ਸੂਤਰਾਂ ਮੁਤਾਬਕ ਸ਼ਹਿਰ ’ਚ ਕੁਲ 17 ਕਿ. ਮੀ. ਇਲਾਕੇ ’ਚ ਸੀਵਰੇਜ ਪਾਈ ਜਾਣੀ ਸੀ, ਜਿਸ ’ਚੋਂ 11 ਕਿ. ਮੀ.  ਇਲਾਕੇ ’ਚ ਸੀਵਰੇਜ ਦੀ ਲਾਈ ਪਾਈ ਜਾ ਚੁੱਕੀ ਹੈ। 6 ਕਿ. ਮੀ. ਇਲਾਕੇ ’ਚ ਅਜੇ ਸੀਵਰੇਜ ਪਾਉਣਾ ਬਾਕੀ ਹੈ। ਸੂਤਰ ਦੱਸਦੇ ਹਨ ਕਿ ਬਰਸਾਤ ਤੋਂ  ਬਾਅਦ ਇਸ 6 ਕਿ. ਮੀ. ’ਤੇ ਕੰਮ ਸ਼ੁਰੂ ਕੀਤਾ ਜਾਵੇਗਾ। ਇਸ ਸਾਰੇ ਪ੍ਰਾਜੈਕਟ ’ਤੇ ਕਰੀਬ ਸਵਾ 7 ਕਰੋਡ਼ ਰੁਪਏ ਖਰਚ ਕੀਤੇ ਜਾਣੇ ਹੈ। ਜ਼ਿਕਰਯੋਗ ਹੈ ਕਿ ਜਦੋਂ ਸ਼ਹਿਰ ਦੀ ਹੱਦ ਵਧਾਈ ਗਈ ਸੀ ਇਸ ਦੇ ਆਸ-ਪਾਸ ਦੇ ਪਿੰਡਾਂ ਦਾ ਜੋ ਇਲਾਕਾ ਸ਼ਹਿਰ ’ਚ ਮਿਲਾਇਆ ਗਿਆ ਸੀ, ਉਸ ਨਾਲ ਸੀਵਰੇਜ ਪਾਉਣਾ  ਬਾਕੀ ਰਹਿ ਗਿਆ ਸੀ। ਇਸ ਤਹਿਤ ਸੀਵਰੇਜ ਵਿਭਾਗ ਵੱਲੋਂ ਕੁਲਾਮ ਰੋਡ, ਸਲੋਹ ਰੋਡ, ਰਾਹੋਂ ਰੋਡ ਅਤੇ ਮੂਸਾਪੁਰ ਰੋਡ, ਜੋ ਹੁਣ ਸ਼ਹਿਰੀ ਅਾਬਾਦੀ ’ਚ ਜੁਡ਼ੇ ਹਨ। ਇਨ੍ਹਾਂ ਇਲਾਕਿਅਾਂ ’ਚ ਸੀਵਰੇਜ ਪਾਈ ਜਾ ਰਹੀ ਹੈ। 
ਕੀ ਕਹਿਣੈ ਇਲਾਕਾ ਵਾਸੀਅਾਂ ਦਾ
 ਦੂਜੇ ਪਾਸੇ ਕੁਲਾਮ  ਰੋਡ ਵਾਸੀਅਾਂ ਦਾ ਕਹਿਣਾ ਹੈ ਕਿ  ਵਿਭਾਗ ਚਾਹੁੰਦਾ ਸੀ ਕਿ ਜਾਂ ਤਾਂ ਉਸ ਸਡ਼ਕ ’ਤੇ ਬਰਸਾਤ ਤੋਂ ਬਾਅਦ ਕੰਮ ਸ਼ੁਰੂ ਕੀਤਾ ਜਾਂਦਾ। ਨਹੀਂ ਤਾਂ ਬਰਸਾਤ ਤੋਂ ਪਹਿਲਾਂ ਸ਼ੁਰੂ ਕੀਤੇ ਗਏ ਇਸ ਕੰਮ ਨੂੰ ਬਰਸਾਤ ਤੋਂ ਪਹਿਲਾਂ ਪੂਰਾ ਕਰਨ ਨੂੰ ਪਹਿਲ ਦਿੱਤੀ ਜਾਂਦੀ। ਉਨ੍ਹਾਂ ਜ਼ਿਲਾ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਉਹ ਤਰਸਯੋਗ ਹਾਲਤ ਸਡ਼ਕ ਨੂੰ ਜਲਦ ਤੋਂ ਜਲਦ ਬਣਾਏ ਤਾਂ ਕਿ ਲੋਕਾਂ ਨੂੰ ਪ੍ਰੇਸ਼ਾਨੀ ਤੋਂ ਰਾਹਤ ਮਿਲ ਸਕੇ। ਇਸ ਸਬੰਧੀ ਸੀਵਰੇਜ ਬੋਰਡ  ਦੇ ਐੱਸ. ਡੀ. ਓ. ਰਣਜੀਤ ਸਿੰਘ  ਦਾ ਕਹਿਣਾ ਹੈ ਕਿ 31 ਦਸੰਬਰ ਤੋਂ ਪਹਿਲਾਂ ਇਸ ਪ੍ਰਾਜੈਕਟ ਨੂੰ ਪੂਰਾ ਕਰਨਾ ਹੈ। ਕੁਲਾਮ ਰੋਡ ਦੀ ਸਡ਼ਕ ਬਣਾਉਣ ਦੀ ਮਨਜ਼ੂਰੀ ਅਜੇ ਵਿਭਾਗ ਦੇ ਕੋਲ ਨਹੀਂ ਪਹੁੰਚੀ ਹੈ, ਜਿਵੇਂ ਹੀ ਇਸ ਸਬੰਧੀ ਮਨਜ਼ੂਰੀ ਮਿਲੇਗੀ, ਸਡ਼ਕ ਬਣਾ ਦਿੱਤੀ ਜਾਵੇਗੀ। 


Related News