ਨੌਜਵਾਨ ਨੂੰ ਬੰਦੀ ਬਣਾ ਕੇ ਕਬਜ਼ੇ ਵਿਚ ਲਈ ਜ਼ਮੀਨ, ਅਕਾਲੀ ਆਗੂ ਵਾਲੀਆ ਤੇ ਕੌਂਸਲਰ ਨਿੰਮਾ ਸਣੇ 4 ’ਤੇ FIR

Wednesday, Aug 10, 2022 - 12:27 PM (IST)

ਨੌਜਵਾਨ ਨੂੰ ਬੰਦੀ ਬਣਾ ਕੇ ਕਬਜ਼ੇ ਵਿਚ ਲਈ ਜ਼ਮੀਨ, ਅਕਾਲੀ ਆਗੂ ਵਾਲੀਆ ਤੇ ਕੌਂਸਲਰ ਨਿੰਮਾ ਸਣੇ 4 ’ਤੇ FIR

ਜਲੰਧਰ (ਸੁਨੀਲ)– ਥਾਣਾ ਮਕਸੂਦਾਂ ਅਧੀਨ ਪਿੰਡ ਕੋਟਲਾ ਵਿਚ ਵਿਵਾਦਿਤ ਜ਼ਮੀਨ ’ਤੇ ਕਥਿਤ ਕਬਜ਼ਾ ਲੈਣ ਗਏ ਅਕਾਲੀ ਆਗੂ ਐੱਚ. ਐੱਸ. ਵਾਲੀਆ, ਕੌਂਸਲਰ ਨਿਰਮਲ ਸਿੰਘ ਨਿੰਮਾ ਸਮੇਤ 4 ਲੋਕਾਂ ਖ਼ਿਲਾਫ਼ ਥਾਣਾ ਮਕਸੂਦਾਂ ਵਿਚ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਵਿਚ ਆਉਣ ਵਾਲੇ ਸਮੇਂ ਵਿਚ 2 ਹੋਰ ਨਾਮੀ ਚਿਹਰੇ ਨਾਮਜ਼ਦ ਹੋ ਸਕਦੇ ਹਨ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਹਰਵਿੰਦਰ ਸਿੰਘ ਉਰਫ਼ ਸੋਨੂੰ ਨਿਵਾਸੀ ਪਿੰਡ ਕੋਟਲਾ ਮਕਸੂਦਾਂ ਨੇ ਦੱਸਿਆ ਕਿ 1962 ਵਿਚ ਉਸ ਦੇ ਦਾਦਾ ਸਵਰਨ ਸਿੰਘ ਨੇ ਪਿੰਡ ਕੋਟਲਾ ਵਿਚ 26 ਕਨਾਲ ਜ਼ਮੀਨ ਐਗਰੀਮੈਂਟ ਕਰਕੇ ਖ਼ਰੀਦੀ ਸੀ। ਜ਼ਮੀਨ ’ਤੇ ਉਸ ਦੇ ਦਾਦਾ ਜੀ ਖੇਤੀ ਕਰਦੇ ਸਨ, ਜਦਕਿ ਬਾਅਦ ਵਿਚ ਉਸ ਦੇ ਪਿਤਾ ਖੇਤੀ ਕਰਨ ਲੱਗੇ।

ਉਨ੍ਹਾਂ ਦੱਸਿਆ ਕਿ ਕਾਫ਼ੀ ਸਮਾਂ ਪਹਿਲਾਂ ਉਸ ਦੇ ਪਿਤਾ, ਤਾਇਆ ਸੁਰਿੰਦਰ ਸਿੰਘ ਅਤੇ ਭੂਆ ਨੇ ਜ਼ਮੀਨ ਆਪਣੇ ਨਾਂ ਕਰਵਾਉਣ ਲਈ ਅਦਾਲਤੀ ਕੇਸ ਕੀਤਾ ਸੀ। 2015 ਵਿਚ ਪਿਤਾ ਦੀ ਮੌਤ ਤੋਂ ਬਾਅਦ ਉਹ ਉਸ ਜ਼ਮੀਨ ’ਤੇ ਖੇਤੀ ਕਰਨ ਲੱਗਾ। ਹਰਵਿੰਦਰ ਸਿੰਘ ਉਰਫ਼ ਸੋਨੂੰ ਨੇ ਕਿਹਾ ਕਿ ਮੌਤ ਤੋਂ ਪਹਿਲਾਂ ਜਦੋਂ ਉਸ ਦੇ ਪਿਤਾ ਬੀਮਾਰ ਸਨ ਤਾਂ ਉਹ ਅਦਾਲਤ ਵਿਚ ਨਹੀਂ ਜਾ ਸਕੇ, ਜਿਸ ਕਾਰਨ ਅਦਾਲਤ ਨੇ 26 ਕਨਾਲ ਵਿਚੋਂ 13 ਕਨਾਲ ਜ਼ਮੀਨ ਉਸ ਦੇ ਤਾਏ ਸੁਰਿੰਦਰ ਸਿੰਘ ਅਤੇ ਉਸ ਦੀ ਭੂਆ ਦੇ ਨਾਂ ’ਤੇ ਡਿਗਰੀ ਕਰ ਦਿੱਤੀ, ਜਦਕਿ ਬਾਕੀ ਦੀ 13 ਕਨਾਲ ਜ਼ਮੀਨ ਸਰਕਾਰੀ ਐਲਾਨ ਕਰ ਦਿੱਤੀ। ਇਸ ਫ਼ੈਸਲੇ ਤੋਂ ਬਾਅਦ ਹਰਵਿੰਦਰ ਸਿੰਘ ਨੇ ਹਾਈ ਕੋਰਟ ਦੀ ਸ਼ਰਨ ਲਈ। ਹਰਵਿੰਦਰ ਦਾ ਕਹਿਣਾ ਹੈ ਕਿ ਜਦੋਂ ਅਦਾਲਤ ਦਾ ਹੁਕਮ ਆਇਆ ਸੀ, ਉਦੋਂ ਜ਼ਮੀਨ ’ਤੇ ਉਸ ਦਾ ਕਬਜ਼ਾ ਸੀ।

ਇਹ ਵੀ ਪੜ੍ਹੋ: ਮੁੜ ਚਰਚਾ 'ਚ ਪੰਜਾਬ ਦਾ ਸਿਹਤ ਮਹਿਕਮਾ, ਮੰਤਰੀ ਜੌੜਾਮਾਜਰਾ ਨੇ ਦਫ਼ਤਰ ਦੇ ਬਾਹਰ ਚਿਪਕਾਇਆ ਇਹ ਨੋਟਿਸ

ਸੋਨੂੰ ਨੇ ਦੋਸ਼ ਲਾਇਆ ਕਿ 7 ਅਗਸਤ ਨੂੰ ਜਦੋਂ ਉਹ ਕਿਤੇ ਬਾਹਰ ਸੀ ਅਤੇ ਉਸ ਦਾ ਛੋਟਾ ਭਰਾ ਮੋਟਰ ’ਤੇ ਸੀ ਤਾਂ ਇਕ ਐਕਟਿਵਾ ’ਤੇ ਨਕਾਬਪੋਸ਼ ਵਿਅਕਤੀ ਆਇਆ, ਜਿਸ ਨੇ ਉਸ ਦੇ ਭਰਾ ਨੂੰ ਬੰਦੀ ਬਣਾ ਲਿਆ ਅਤੇ ਬਾਅਦ ਵਿਚ ਟਰੈਕਟਰ ਅਤੇ ਹੋਰ ਗੱਡੀਆਂ ’ਤੇ ਸਵਾਰ ਹੋ ਕੇ ਆਏ 7-8 ਲੋਕਾਂ ਨੇ ਉਸ ਦੀ ਫ਼ਸਲ ਤਬਾਹ ਕਰ ਦਿੱਤੀ ਅਤੇ ਹਮਲਾਵਰਾਂ ਨੇ ਉਥੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਅਤੇ ਡੀ. ਵੀ.ਆਰ. ਚੋਰੀ ਕਰ ਲਏ। ਬਾਅਦ ਵਿਚ ਉਸ ਦੇ ਭਰਾ ਨੇ ਵੇਖਿਆ ਕਿ ਤੇਜ਼ਧਾਰ ਹਥਿਆਰਾਂ ਨਾਲ ਲੈਸ ਉਸ ਦਾ ਤਾਇਆ ਸੁਰਿੰਦਰ ਸਿੰਘ ਨਿਵਾਸੀ ਪਿੰਡ ਕੋਟਲਾ, ਕੌਂਸਲਰ ਨਿਰਮਲ ਸਿੰਘ ਨਿੰਮਾ ਪੁੱਤਰ ਜਸਵੀਰ ਸਿੰਘ ਨਿਵਾਸੀ ਬਲਦੇਵ ਨਗਰ, ਸਤਪਾਲ ਸ਼ਰਮਾ ਪੁੱਤਰ ਚਮਨ ਲਾਲ ਨਿਵਾਸੀ ਪ੍ਰਿਥਵੀ ਨਗਰ ਅਤੇ ਅਕਾਲੀ ਆਗੂ ਐੱਚ. ਐੱਸ. ਵਾਲੀਆ (ਕਾਰ ਬਾਜ਼ਾਰ ਵਾਲਾ) ਖੜ੍ਹੇ ਸਨ, ਜਿਨ੍ਹਾਂ ਉਸਦੇ ਭਰਾ ਨੂੰ ਲਲਕਾਰੇ ਮਾਰ ਕੇ ਧਮਕੀਆਂ ਦਿੱਤੀਆਂ ਅਤੇ ਫਿਰ ਉਥੋਂ ਚਲੇ ਗਏ। ਇਸ ਸਬੰਧੀ ਪੁਲਸ ਨੂੰ ਸ਼ਿਕਾਇਤ ਦਿੱਤੀ ਤਾਂ ਥਾਣਾ ਮਕਸੂਦਾਂ ਦੀ ਪੁਲਸ ਨੇ ਸੁਰਿੰਦਰ ਸਿੰਘ, ਕੌਂਸਲਰ ਨਿਰਮਲ ਸਿੰਘ ਨਿੰਮਾ, ਅਕਾਲੀ ਆਗੂ ਐੱਚ. ਐੱਸ. ਵਾਲੀਆ ਅਤੇ ਸਤਪਾਲ ਸ਼ਰਮਾ ਖ਼ਿਲਾਫ਼ ਧਾਰਾ 447, 427 ਅਤੇ 380 ਅਧੀਨ ਐੱਫ਼. ਆਈ. ਆਰ. ਦਰਜ ਕਰ ਲਈ ਹੈ।

ਧਰਨੇ ’ਚ ਰੁੱਝੇ ਹਾਂ, ਅਜੇ ਜਾਣਕਾਰੀ ਨਹੀਂ ਦੇ ਸਕਦਾ : ਐੱਸ. ਐੱਚ. ਓ.
ਥਾਣਾ ਮਕਸੂਦਾਂ ਦੇ ਐੱਸ. ਐੱਚ. ਓ. ਮਨਜੀਤ ਸਿੰਘ ਨਾਲ ਜਦੋਂ ਇਸ ਮਾਮਲੇ ਵਿਚ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਕਿਹਾ ਕਿ ਅਸੀਂ ਦੁਪਹਿਰ ਤੋਂ ਥਾਣਾ ਲਾਂਬੜਾ ਵਿਚ ਲੱਗੇ ਧਰਨੇ ਵਿਚ ਰੁੱਝੇ ਹੋਏ ਹਾਂ ਅਤੇ ਇਸ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਦੇ ਸਕਦਾ।

ਇਹ ਵੀ ਪੜ੍ਹੋ: 300 ਯੂਨਿਟ ਮੁਫ਼ਤ ਬਿਜਲੀ: ਡਿਫੈਕਟਿਵ ਮੀਟਰਾਂ ਤੋਂ ਸਹੀ ਰੀਡਿੰਗ ਲੈਣਾ ਪਾਵਰਕਾਮ ਲਈ ਬਣੇਗਾ ਮੁਸੀਬਤ

 


author

shivani attri

Content Editor

Related News