ਦਿਨ-ਦਿਹਾੜੇ ਘਰ 'ਚ ਦਾਖਲ ਹੋ ਕੇ 4 ਅਣਪਛਾਤਿਆਂ ਨੇ ਕੀਤੀ ਲੁੱਟ ਦੀ ਕੋਸ਼ਿਸ਼
Wednesday, Jun 10, 2020 - 05:48 AM (IST)
ਸੁਲਤਾਨਪੁਰ ਲੋਧੀ,(ਧੀਰ, ਜੋਸ਼ੀ)- ਸੁਲਤਾਨਪੁਰ ਲੋਧੀ ਦੇ ਪ੍ਰਸਿੱਧ ਉਦਯੋਗਪਤੀ ਤੇ ਐੱਸ. ਡੀ. ਸਭਾ ਦੇ ਪ੍ਰਧਾਨ ਰਾਕੇਸ਼ ਕੁਮਾਰ ਧੀਰ ਦੇ ਭਰਾ ਰਾਜੇਸ਼ ਧੀਰ ਦੇ ਘਰ 'ਚ ਦਿਨ ਦਿਹਾੜੇ ਚਾਰ ਅਣਪਛਾਤੇ ਵਿਅਕਤੀਆਂ ਨੇ ਔਰਤਾਂ ਨੂੰ ਬੰਧਕ ਬਣਾ ਕੇ ਲੁੱਟਣ ਦੀ ਕੋਸ਼ਿਸ਼ ਕੀਤੀ। ਘਰ 'ਚ ਮੌਜੂਦ ਔਰਤਾਂ ਦੇ ਰੋਲਾ ਪਾਉਣ 'ਤੇ ਚਾਰੇ ਮੁਲਜ਼ਮ ਭੱਜ ਗਏ। ਪਰ ਉਨ੍ਹਾਂ ਦੀ ਫੁਟੇਜ਼ ਸੀ. ਸੀ. ਟੀ. ਵੀ. ਕੈਮਰਿਆਂ 'ਚ ਕੈਦ ਹੋ ਗਈ ਹੈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਸੁਲਤਾਨਪੁਰ ਲੋਧੀ ਦੇ ਡੀ. ਐੱਸ. ਪੀ. ਸਰਵਨ ਸਿੰਘ ਬੱਲ ਤੇ ਥਾਣਾ ਐੱਸ. ਐੱਚ. ਓ. ਸਰਬਜੀਤ ਸਿੰਘ ਪੁਲਸ ਪਾਰਟੀ ਦੇ ਨਾਲ ਘਟਨਾ ਵਾਲੀ ਥਾਂ 'ਤੇ ਪਹੁੰਚ ਗਏ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।
ਜਾਣਕਾਰੀ ਅਨੁਸਾਰ ਸ਼ਹਿਰ ਦੇ ਸ਼ਾਹੀ ਇਲਾਕੇ ਸਥਾਨਕ ਭਾਰਾ ਮਲ ਮੰਦਰ ਰੋਡ 'ਤੇ ਸਥਿਤ ਪ੍ਰਮੁੱਖ ਉਦਯੋਗਪਤੀ ਤੇ ਐੱਸ. ਡੀ. ਸਭਾ ਦੇ ਪ੍ਰਧਾਨ ਰਾਕੇਸ਼ ਧੀਰ ਦੇ ਦੇ ਭਰਾ ਦੀ ਕੋਠੀ 'ਚ ਸ਼ਾਮ 4.10 ਮਿੰਟ 'ਤੇ ਚਾਰ ਅਣਪਛਾਤੇ ਲੁਟੇਰੇ ਦਾਖਲ ਹੁੰਦੇ ਹਨ ਤੇ ਘਰ 'ਚ ਲੱਗੇ ਸੀ. ਸੀ. ਟੀ. ਵੀ. ਕੈਮਰੇ 'ਤੇ ਸਪ੍ਰੇ ਕਰ ਦਿੰਦੇ ਹਨ ਤੇ ਉੱਥੇ ਉਨ੍ਹਾਂ ਦੇ ਭਰਾ ਰਾਜੇਸ਼ ਧੀਰ ਦੀ ਪਤਨੀ ਸੋਨਾ ਧੀਰ ਦੇ ਕਮਰੇ 'ਚ ਵੜ ਜਾਂਦੇ ਹਨ ਤੇ ਸੋਨਾ ਧੀਰ ਦਾ ਗਲਾ ਦਬਾਉਂਦੇ ਹੋਏ ਮੂੰਹ 'ਤੇ ਟੇਪ ਲਗਾ ਕੇ ਬੰਧਕ ਬਣਾ ਕੇ ਲੁੱਟਣ ਦੀ ਕੋਸ਼ਿਸ਼ ਕਰਦੇ ਹਨ ਪਰ ਘਰ 'ਚ ਹੋਰ ਮੌਜੂਦ ਮਹਿਲਾਵਾਂ ਦੇ ਰੌਲਾ ਪਾਉਣ 'ਤੇ ਲੁਟੇਰੇ ਉੱਥੋਂ ਫਰਾਰ ਹੋ ਜਾਂਦੇ ਹਨ। ਪੁਲਸ ਨੂੰ ਜੋ ਸੀ. ਸੀ. ਟੀ. ਵੀ. ਫੁਟੇਜ ਹੱਥ ਲੱਗੀ ਹੈ, ਉਸ 'ਚ ਅਪਰਾਧੀ ਮੂੰਹ ਢੱਕ ਕੇ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਨਜਰ ਆ ਰਹੇ ਹਨ ਤੇ ਆਸਾਨੀ ਨਾਲ ਭੱਜਣ 'ਚ ਵੀ ਸਫਲ ਹੋ ਰਹੇ ਹਨ।
ਜ਼ਿਕਰਯੋਗ ਹੈ ਕਿ ਕੋਰੋਨਾ ਦਾ ਸੁਰੱਖਿਆ ਕਵਚ ਅਪਰਾਧੀਆਂ ਦੇ ਲਈ ਵਰਦਾਨ ਸਾਬਤ ਹੋ ਰਿਹਾ ਹੈ। ਜਿਸ ਮਾਸਕ ਨੂੰ ਲੋਕ ਢਾਲ ਬਣਾ ਕੇ ਕੋਰੋਨਾ ਤੋਂ ਆਪਣਾ ਬਚਾਅ ਕਰ ਰਹੇ ਹਨ, ਉਹੀ ਮਾਸਕ ਲਗਾ ਕੇ ਅਪਰਾਧੀ ਚੋਰੀ ਤੇ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਲੱਗੇ ਹਨ, ਉਹ ਵੀ ਸ਼ਰੇਆਮ ਤੇ ਦਿਨਦਿਹਾੜੇ। ਇਕ ਪਾਸੇ ਜਿਥੇ ਸਰਕਾਰ ਮਾਸਕ ਪਹਿਨ ਕੇ ਲੋਕਾਂ ਨੂੰ ਕੰਮ 'ਤੇ ਨਿਕਲਣ ਦੀ ਸਲਾਹ ਦੇ ਰਹੀ ਹੈ, ਉੱਥੇ ਹੀ ਚੋਰ ਇਸਦੀ ਆੜ 'ਚ ਅਪਰਾਧਿਕ ਘਟਨਾਵਾਂ ਨੂੰ ਅੰਜਾਮ ਦੇਣ 'ਚ ਲੱਗੇ ਹੋਏ ਹਨ। ਕੋਰੋਨਾ ਕਾਲ 'ਚ ਅਜਿਹੀ ਘਟਨਾਵਾਂ ਨਾਲ ਪੁਲਸ ਵੀ ਦੁਵਿਧਾ 'ਚ ਪੈ ਗਈ ਹੈ। ਇਸ ਸਬੰਧ 'ਚ ਜਾਣਕਾਰੀ ਦਿੰਦੇ ਹੋਏ ਐੱਸ. ਐੱਚ. ਓ. ਸਰਬਜੀਤ ਸਿੰਘ ਨੇ ਦੱਸਿਆ ਕਿ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ ਨੂੰ ਚੈਕ ਕੀਤਾ ਜਾ ਰਿਹਾ ਹੈ ਤੇ ਜਲਦੀ ਹੀ ਮੁਲਜਮਾਂ ਦੀ ਪਹਿਚਾਣ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ।