ਬਹਾਲੀ ਨੂੰ ਲੈ ਕੇ ਗੰਨਮੈਨ ਯੂਨੀਅਨ ਨੇ ਬੈਂਕ ਦੇ ਮੁੱਖ ਦਫਤਰ ਅੱਗੇ ਲਾਇਅਾ ਧਰਨਾ

12/11/2018 4:55:16 AM

 ਕਪੂਰਥਲਾ,(ਗੁਰਵਿੰਦਰ ਕੌਰ)- ਪੰਜਾਬ ਗ੍ਰਾਮੀਣ ਬੈਂਕ ਦੀ ਗੰਨਮੈਨ ਯੂਨੀਅਨ ਵੱਲੋਂ ਪ੍ਰਧਾਨ ਸੁਰਜੀਤ ਸਿੰਘ ਮਾਨ ਦੀ ਅਗਵਾਈ ’ਚ ਬੈਂਕ ਦੇ ਮੁੱਖ ਦਫਤਰ ਦੇ ਬਾਹਰ ਧਰਨਾ ਦਿੱਤਾ ਗਿਆ, ਜਿਸ ’ਚ ਪੰਜਾਬ ਭਰ ਤੋਂ ਗੰਨਮੈਨ ਯੂਨੀਅਨ ਦੇ ਮੈਂਬਰਾਂ ਨੇ ਹਿੱਸਾ ਲਿਆ। ਇਸ ਮੌਕੇ ਯੂਨੀਅਨ ਵਲੋਂ ਹੋਮਗਾਰਡ ਦੇ ਪੁਰਾਣੇ ਦਫਤਰ ਤੋਂ ਲੈ ਕੇ ਮੁੱਖ ਦਫਤਰ ਤਕ ਪੈਦਲ ਮਾਰਚ ਕੱਢਿਆ ਗਿਆ, ਜਿਥੇ ਜਾ ਕੇ ਗੰਨਮੈਨਾਂ ਨੇ ਬੈਂਕ ਮੈਨੇਜਮੈਂਟ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਤੇ ਧਰਨਾ ਪ੍ਰਦਰਸ਼ਨ ਕੀਤਾ। 
ਧਰਨੇ ਨੂੰ ਸੰਬੋਧਨ ਕਰਦਿਆਂ ਬਲਵਿੰਦਰ ਸਿੰਘ ਕਲੇਰ ਬਾਲਾ ਨੇ ਕਿਹਾ ਕਿ ਗੰਨਮੈਨ ਦੀ ਨੌਕਰੀ ਦੌਰਾਨ ਬੈਂਕ ਵਲੋਂ ਉਨ੍ਹਾਂ ਨੂੰ ਡਿਸਮਿਸ ਕੀਤਾ ਗਿਆ ਹੈ, ਜਿਸ ਨੂੰ ਯੂਨੀਅਨ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ। ਉਨ੍ਹਾਂ ਕਿਹਾ ਕਿ ਉਹ ਫੌਜ ਤੋਂ ਰਿਟਾਇਰ ਹੋ ਕੇ ਆਪਣੀ ਜ਼ਿੰਦਗੀ ਦਾ ਜੋ ਕੰਮ ਕਰਨ ਦਾ ਵਧੀਆਂ ਸਮਾਂ ਸੀ, ਉਹ ਬੈਂਕ ਦੇ ਲੇਖੇ ਲਗਾ ਦਿੱਤਾ ਤੇ ਹੁਣ ਜਦੋਂ ਕੰਮ ਕਰਨ ਤੋਂ ਅਸਮਰਥ ਹਾਂ ਤਾਂ ਬੈਂਕ ਨੇ ਉਨ੍ਹਾਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ ਅਤੇ ਬੈਂਕ ਦੇ ਇਸ ਤਾਨਾਸ਼ਾਹੀ ਫਰਮਾਨ ਨੂੰ ਲੈ ਕੇ ਗੰਨਮੈਨ ਯੂਨੀਅਨ ਵਲੋਂ ਹਾਈ ਕੋਰਟ ਦਾ ਦਰਵਾਜ਼ਾ ਖਡ਼ਕਾਇਆ ਗਿਆ ਤਾਂ ਮਾਣਯੋਗ ਹਾਈਕੋਰਟ ਵਲੋਂ ਗੰਨਮੈਨ ਯੂਨੀਅਨ ਨੂੰ ਸਟੇਅ ਦਿੱਤਾ ਗਿਆ ਅਤੇ ਇਸ ਸਬੰਧੀ ਕੇਸ ਵੀ ਮਾਣਯੋਗ ਹਾਈ ਕੋਰਟ ’ਚ ਚੱਲ ਰਿਹਾ ਹੈ ਸੀ ਅਤੇ ਬੈਂਕ ਅਧਿਕਾਰੀਆਂ ਨੇ ਇਹ ਕੇਸ ਵੀ ਡਿਸਮਿਸ ਕਰਵਾ ਦਿੱਤਾ। 
ਯੂਨੀਅਨ ਵਲੋਂ ਮਾਣਯੋਗ ਹਾਈਕੋਰਟ ਦੇ ਕੋਲ ਅਪੀਲ ਦਾਇਰ ਕੀਤੀ ਤਾਂ ਡਬਲ ਬੈਂਚ ਨੇ ਗੰਨਮੈਨਾਂ ਨੂੰ ਪਹਿਲਾ ਦੀ ਤਰ੍ਹਾਂ ਕੰਮ ਚਲਦਾ ਰੱਖਣ ਲਈ ਆਖਿਆ ਪਰ ਬੈਂਕ ਅਧਿਕਾਰੀਆਂ ਨੇ ਅਦਾਲਤ ਦੇ ਹੁਕਮਾਂ ਦੀ ਪਾਲਣਾ ਨਾ ਕਰਦੇ ਹੋਏ ਗੰਨਮੈਨ ਨੂੰ ਬੈਂਕ ਤੋਂ ਬਾਹਰ ਕਰ ਦਿੱਤਾ। ਉਨ੍ਹਾਂ ਨੇ ਮੰਗ ਕੀਤੀ ਕਿ ਗੰਨਮੈਨ ਨੂੰ ਤੁਰੰਤ ਬਹਾਲ ਕੀਤਾ ਜਾਵੇ, ਨਹੀਂ ਤਾਂ ਆਉਣ ਵਾਲੇ ਦਿਨਾਂ ਵਿਚ ਉਨ੍ਹਾਂ ਨੂੰ ਵੱਡਾ ਸੰਘਰਸ਼ ਵਿੱਢਣ ਲਈ ਮਜਬੂਰ ਹੋਣਾ ਪਵੇਗਾ। 
ਇਸ ਮੌਕੇ ’ਤੇ ਹੋਰਨਾਂ ਤੋਂ ਇਲਾਵਾ ਸੁਖਜਿੰਦਰ ਸਿੰਘ, ਅਸ਼ੋਕ ਕੁਮਾਰ, ਭਜਨ ਸਿੰਘ, ਅੰਗਰੇਜ਼ ਸਿੰਘ, ਜਸਵਿੰਦਰ ਸਿੰਘ, ਸੁਖਦੇਵ ਸਿੰਘ, ਦਲਵਿੰਦਰ ਸਿੰਘ, ਸ਼ੇਰ ਸਿੰਘ, ਨਿਰਮਲ ਸਿੰਘ, ਸਤਨਾਮ ਸਿੰਘ, ਕੇਵਲ ਸਿੰਘ, ਇਕਬਾਲ ਸਿੰਘ, ਰਣਜੀਤ ਸਿੰਘ ਕਲੇਰ ਬਾਲਾ ਆਦਿ ਹਾਜ਼ਰ ਸਨ।
 


Related News