ਘਰਾਂ ’ਚ ਕੁਕਿੰਗ ਅਤੇ ਦਫ਼ਤਰਾਂ 'ਚ ਪਾਣੀ ਪਿਆਉਣ ਦਾ ਕੰਮ ਕਰ ਰਹੇ ਸਨ ਨਿਗਮ ਦੇ ਕੱਚੇ ਮਾਲੀ
Friday, Jun 09, 2023 - 02:50 PM (IST)
ਜਲੰਧਰ (ਖੁਰਾਣਾ)–ਨਗਰ ਨਿਗਮ ਨੇ ਸ਼ਹਿਰ ਦੀਆਂ ਸੜਕਾਂ ਦੇ ਬਿਲਕੁਲ ਵਿਚਕਾਰ ਬਣੇ ਸੈਂਟਰਲ ਵਰਜ, ਕਈ ਚੌਂਕਾਂ, ਪਾਰਕਾਂ, ਗਰੀਨ ਬੈਲਟ ਆਦਿ ਦੀ ਮੇਨਟੀਨੈਂਸ ਦਾ ਕੰਮ ਪ੍ਰਾਈਵੇਟ ਕੰਪਨੀਆਂ ਨੂੰ ਸੌਂਪਿਆ ਹੋਇਆ ਪਰ ਫਿਰ ਵੀ ਸ਼ਹਿਰ ਵਿਚ ਇੰਨੀ ਹਰਿਆਲੀ ਨਹੀਂ ਹੈ, ਜਿੰਨੀ ਹੋਣੀ ਚਾਹੀਦੀ ਹੈ। ਨਗਰ ਨਿਗਮ ਕੋਲ ਆਪਣਾ ਵੀ ਹਾਰਟੀਕਲਚਰ ਵਿੰਗ ਹੈ ਪਰ ਨਿਗਮ ਦੇ ਮਾਲੀ ਕਦੀ-ਕਦਾਈਂ ਹੀ ਕੰਮ ਕਰਦੇ ਦਿਖਾਈ ਦਿੰਦੇ ਹਨ। ਨਿਗਮ ਨੇ ਮਾਲੀਆਂ ਦੀ ਗਿਣਤੀ ਨੂੰ ਦੇਖਦੇ ਹੋਏ ਪਿਛਲੇ ਕਈ ਸਾਲਾਂ ਤੋਂ ਆਊਟਸੋਰਸ ਆਧਾਰ ’ਤੇ ਕੱਚੇ ਮਾਲੀ ਰੱਖਣ ਦੀ ਪਰੰਪਰਾ ਸ਼ੁਰੂ ਕੀਤੀ ਹੋਈ ਹੈ ਪਰ ਇਸ ਮਾਮਲੇ ਵਿਚ ਪਿਛਲੇ ਸਮੇਂ ਦੌਰਾਨ ਬਹੁਤ ਵੱਡਾ ਨੈਕਸਸ ਬਣਿਆ ਹੋਇਆ ਸੀ।
ਆਊਟਸੋਰਸ ਆਧਾਰ ’ਤੇ ਰੱਖੇ ਗਏ ਵਧੇਰੇ ਮਾਲੀ ਨਾ ਸਿਰਫ਼ ਕੋਠੀਆਂ ਵਿਚ ਕੁੱਕ ਆਦਿ ਦਾ ਕੰਮ ਕਰ ਰਹੇ ਸਨ, ਉਥੇ ਹੀ ਕੁਝ ਮਾਲੀ ਦਫਤਰਾਂ ਵਿਚ ਪਾਣੀ ਪਿਆਉਣ ਤਕ ਦੀ ਜ਼ਿੰਮੇਵਾਰੀ ਸੰਭਾਲੀ ਬੈਠੇ ਸਨ। ਨਿਗਮ ਦੇ ਹਾਰਟੀਕਲਚਰ ਵਿਭਾਗ ਦਾ ਵਧੇਰੇ ਸਿਸਟਮ ਸਿਫਾਰਸ਼ਾਂ, ਵਗਾਰਾਂ ਅਤੇ ਫਰਲੋ ’ਤੇ ਹੀ ਚੱਲ ਰਿਹਾ ਸੀ। ਜਿਸ ਮਾਮਲੇ ਵਿਚ ਸੁਧਾਰ ਨਾ ਆਉਂਦਾ ਦੇਖ ਨਿਗਮ ਕਮਿਸ਼ਨਰ ਨੇ ਉਕਤ ਨੈਕਸਸ ਨੂੰ ਤੋੜਨ ਦਾ ਕੰਮ ਕੀਤਾ ਅਤੇ ਉਪਰਲੇ ਅਧਿਕਾਰੀਆਂ ਦੀਆਂ ਬਦਲੀਆਂ ਤਕ ਕਰ ਦਿੱਤੀਆਂ। ਪਹਿਲਾਂ ਹਾਰਟੀਕਲਚਰ ਵਿੰਗ ਦਾ ਚਾਰਜ ਬੀ. ਐਂਡ ਆਰ. ਦੇ ਐੱਸ. ਈ. ਮਨਧੀਰ ਸਿੰਘ ਕੋਲ ਸੀ, ਜਿਨ੍ਹਾਂ ਤੋਂ ਇਹ ਮਹਿਕਮਾ ਖੋਹ ਕੇ ਐੱਸ. ਈ. ਰਾਹੁਲ ਧਵਨ ਨੂੰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਐਕਸੀਅਨ ਇੰਚਾਰਜ ਜਗਨਨਾਥ ਹੰੁੰਦੇ ਸਨ, ਜਿਨ੍ਹਾਂ ਤੋਂ ਵੀ ਇਹ ਵਿਭਾਗ ਨਹੀਂ ਸੰਭਲ ਰਿਹਾ ਸੀ। ਉਨ੍ਹਾਂ ਦੀ ਥਾਂ ਐਕਸੀਅਨ ਰਾਮ ਪਾਲ ਨੂੰ ਇਹ ਚਾਰਜ ਦਿੱਤਾ ਗਿਆ ਹੈ। ਆਉਣ ਵਾਲੇ ਦਿਨਾਂ ਵਿਚ ਨਿਗਮ ਕਮਿਸ਼ਨਰ ਹੁਣ ਮਾਲੀਆਂ ਦੇ ਕਾਰਜਖੇਤਰ ਦਾ ਨਿਰਧਾਰਨ ਵੀ ਤੈਅ ਕਰਨਗੇ। ਉਨ੍ਹਾਂ ਨੂੰ ਹੁਣ ਜ਼ੋਨ ਦਫਤਰਾਂ ਵਿਚ ਭੇਜਿਆ ਜਾ ਰਿਹਾ ਹੈ ਤਾਂ ਕਿ ਉਨ੍ਹਾਂ ਕੋਲੋਂ ਮਾਲੀਆਂ ਦਾ ਹੀ ਕੰਮ ਲਿਆ ਜਾ ਸਕੇ।
ਇਹ ਵੀ ਪੜ੍ਹੋ- ਜਲੰਧਰ 'ਚ 3 ਮੁਲਜ਼ਮ ਚੋਰੀ ਦੇ ਮਾਮਲੇ 'ਚ ਗ੍ਰਿਫ਼ਤਾਰ, ਇਕ ਨੇ ਖ਼ੁਦ ਨੂੰ ਦੱਸਿਆ ਮਾਸਟਰ ਸਲੀਮ ਦਾ ਜੀਜਾ
ਕਮਿਸ਼ਨਰ ਨੇ ਸਾਰੇ ਮਾਲੀ ਆਪਣੇ ਕੋਲ ਬੁਲਾਏ, ਮਚਿਆ ਹੜਕੰਪ
ਨਿਗਮ ਦੇ ਹਾਰਟੀਕਲਚਰ ਵਿਭਾਗ ਨੇ 40 ਮਾਲੀਆਂ ਨੂੰ ਆਊਟਸੋਰਸ ਆਧਾਰ ’ਤੇ ਰੱਖਿਆ ਹੋਇਆ ਸੀ ਪਰ ਦੋਸ਼ ਲੱਗ ਰਹੇ ਸਨ ਕਿ ਕਈ ਮਾਲੀਆਂ ਨੂੰ ਨੌਕਰੀ ’ਤੇ ਰੱਖੇ ਬਗੈਰ ਉਨ੍ਹਾਂ ਦੀ ਤਨਖਾਹ ਲਈ ਜਾ ਰਹੀ ਸੀ। ਵਧੇਰੇ ਮਾਲੀ ਵਿਸ਼ੇਸ਼ ਲੋਕਾਂ ਦੇ ਘਰਾਂ ਵਿਚ ਕੰਮ ਕਰ ਰਹੇ ਸਨ। ਅਜਿਹੀਆਂ ਸ਼ਿਕਾਇਤਾਂ ਮਿਲਣ ਤੋਂ ਬਾਅਦ ਅੱਜ ਨਿਗਮ ਕਮਿਸ਼ਨਰ ਅਭਿਜੀਤ ਕਪਲਿਸ਼ ਨੇ ਸਾਰੇ ਮਾਲੀਆਂ ਨੂੰ ਆਪਣੇ ਘਰ ਬੁਲਾ ਲਿਆ, ਜਿਸ ਨਾਲ ਪੂਰੇ ਵਿਭਾਗ ਵਿਚ ਹੜਕੰਪ ਮਚ ਗਿਆ। ਕਮਿਸ਼ਨਰ ਨੇ ਸਾਰੇ ਮਾਲੀਆਂ ਦੀ ਪਰੇਡ ਕਰਵਾ ਕੇ ਇਕ-ਇਕ ਤੋਂ ਉਸਦੇ ਕੰਮ ਬਾਰੇ ਪੁੱਛਿਆ, ਜਿਸ ਨਾਲ ਕਮਿਸ਼ਨਰ ਦੇ ਵੀ ਕੰਨ ਖੜ੍ਹੇ ਹੋ ਗਏ। ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਹਾਰਟੀਕਲਚਰ ਵਿਭਾਗ ਦਾ ਸਿਸਟਮ ਬਦਲ ਸਕਦਾ ਹੈ।
ਬੂਟਿਆਂ ਨੂੰ ਹੱਥ ਤਕ ਨਹੀਂ ਲਾਉਂਦੇ ਨਿਗਮ ਦੇ ਕਈ ਮਾਲੀ
ਉਪਰੋਕਤ ਤਸਵੀਰ ਨਗਰ ਨਿਗਮ ਹੈੱਡਕੁਆਰਟਰ ਤੋਂ ਕੁਝ ਕਦਮਾਂ ਦੀ ਦੂਰੀ ’ਤੇ ਕੰਪਨੀ ਬਾਗ ਚੌਂਕ ਜੀ. ਟੀ. ਰੋਡ ਦੀ ਹੈ, ਜਿੱਥੇ ਫੁੱਟਪਾਥ ’ਤੇ ਹਰੇ-ਭਰੇ ਦਰੱਖ਼ਤ ਲੱਗੇ ਹੋਏ ਹਨ, ਜਿਨ੍ਹਾਂ ਨੂੰ ਇਕ ਮਾਲੀ ਅੱਧਾ ਘੰਟਾ ਲਾ ਕੇ ਅਤੇ ਕਟਿੰਗ ਕਰਕੇ ਸੁੰਦਰ ਬਣਾ ਸਕਦਾ ਹੈ ਪਰ ਬੂਟਿਆਂ ਅਤੇ ਦਰੱਖ਼ਤਾਂ ਦੀ ਹਾਲਤ ਵੇਖ ਕੇ ਹੀ ਲੱਗਦਾ ਹੈ ਕਿ ਇਨ੍ਹਾਂ ਨੂੰ ਨਿਗਮ ਮਾਲੀ ਨੇ ਕਦੀ ਛੂਹਿਆ ਤਕ ਨਹੀਂ ਹੋਵੇਗਾ।
ਇਹ ਵੀ ਪੜ੍ਹੋ- ਖੰਨਾ 'ਚ ਪ੍ਰੇਮੀ ਨੇ ਡਾਂਸਰ ਪ੍ਰੇਮਿਕਾ ਦੇ ਘਰ ਕੀਤੀ ਖ਼ੁਦਕੁਸ਼ੀ, ਫਿਰ ਪ੍ਰੇਮਿਕਾ ਨੇ ਕੀਤਾ ਲੂ ਕੰਡੇ ਕਰ ਦੇਣ ਵਾਲਾ ਕਾਰਾ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani