ਨਿਗਮ ਨੂੰ ਇਸ਼ਤਿਹਾਰਾਂ ਤੋਂ ਇਨਕਮ ਹੋਣੀ ਸ਼ੁਰੂ, 3 ਮਹੀਨਿਆਂ ’ਚ ਕਮਾਏ 31 ਲੱਖ ਰੁਪਏ
Friday, Apr 14, 2023 - 02:55 PM (IST)

ਜਲੰਧਰ (ਖੁਰਾਣਾ)–ਲੰਮੇ ਸਮੇਂ ਬਾਅਦ ਜਲੰਧਰ ਨਗਰ ਨਿਗਮ ਨੂੰ ਇਸ਼ਤਿਹਾਰਾਂ ਤੋਂ ਨਿਯਮਿਤ ਰੂਪ ਨਾਲ ਕਮਾਈ ਹੋਣੀ ਸ਼ੁਰੂ ਹੋ ਗਈ ਹੈ। ਜ਼ਿਕਰਯੋਗ ਹੈ ਕਿ ਨਿਗਮ ਕਮਿਸ਼ਨਰ ਅਭਿਜੀਤ ਕਪਲਿਸ਼ ਨੇ ਕੁਝ ਹਫ਼ਤੇ ਪਹਿਲਾਂ ਬਠਿੰਡਾ ਨਗਰ ਨਿਗਮ ਦੀ ਤਰਜ਼ ’ਤੇ ਯੂਨੀਪੋਲਸ ਵੀ ਆਨਲਾਈਨ ਅਲਾਟਮੈਂਟ ਦਾ ਸਿਸਟਮ ਸ਼ੁਰੂ ਕੀਤਾ ਸੀ, ਜਿਸ ਦੇ ਵਧੀਆ ਨਤੀਜੇ ਸਾਹਮਣੇ ਆਉਣ ਲੱਗੇ ਹਨ। ਨਿਗਮ ਦੇ ਸੂਤਰਾਂ ਮੁਤਾਬਕ 3 ਮਹੀਨਿਆਂ ਲਈ ਜਿਹੜੇ 26 ਯੂਨੀਪੋਲਸ ਆਨਲਾਈਨ ਬੁੱਕ ਹੋਏ ਹਨ, ਉਸ ਨਾਲ ਜਲੰਧਰ ਨਿਗਮ ਦੇ ਖਜ਼ਾਨੇ ਵਿਚ 31 ਲੱਖ ਰੁਪਏ ਦੀ ਇਨਕਮ ਵੀ ਜੁੜ ਗਈ ਹੈ। ਜ਼ਿਕਰਯੋਗ ਹੈ ਕਿ ਜਲੰਧਰ ਨਿਗਮ ਵਿਚ ਪਿਛਲੇ ਲੰਮੇ ਸਮੇਂ ਤੋਂ ਇਸ਼ਤਿਹਾਰ ਮਾਫ਼ੀਆ ਕਾਫ਼ੀ ਹਾਵੀ ਸੀ, ਜਿਸ ਨੇ ਨਾਜਾਇਜ਼ ਇਸ਼ਤਿਹਾਰ ਲਾਉਣ ਦੀ ਆੜ ਵਿਚ ਨਿਗਮ ਦੇ ਸਿਸਟਮ ਨੂੰ ਵਿਗਾੜ ਕੇ ਰੱਖਿਆ ਹੋਇਆ ਸੀ।
ਇਸ਼ਤਿਹਾਰ ਮਾਫ਼ੀਆ ਨਾਲ ਜੁੜੇ ਲੋਕ ਨਾ ਸਿਰਫ਼ ਆਪਸ ਵਿਚ ਪੂਲ ਕਰ ਲੈਂਦੇ ਸਨ, ਸਗੋਂ ਉਨ੍ਹਾਂ ਦੀ ਹਰ ਸੰਭਵ ਕੋਸ਼ਿਸ਼ ਹੁੰਦੀ ਸੀ ਕਿ ਨਿਗਮ ਵੱਲੋਂ ਸਾਰੇ ਸ਼ਹਿਰ ਦੇ ਲਾਏ ਗਏ ਇਸ਼ਤਿਹਾਰਾਂ ਦੇ ਟੈਂਡਰ ਸਿਰੇ ਨਾ ਚੜ੍ਹਨ। ਇਹੀ ਕਾਰਨ ਰਿਹਾ ਕਿ ਨਿਗਮ ਨੇ ਲਗਭਗ 15 ਵਾਰ ਇਸ਼ਤਿਹਾਰਾਂ ਨੂੰ ਅਲਾਟ ਕਰਨ ਲਈ ਟੈਂਡਰ ਲਾਏ ਪਰ ਕਈ ਸਾਲ ਉਹ ਟੈਂਡਰ ਸਿਰੇ ਹੀ ਨਹੀਂ ਚੜ੍ਹੇ। ਪਿਛਲੇ ਕਈ ਸਾਲਾਂ ਤੋਂ ਜਲੰਧਰ ਨਿਗਮ ਨੂੰ 33 ਯੂਨੀਪੋਲਸ ਤੋਂ ਹੀ ਨਿਯਮਿਤ ਆਮਦਨ ਪ੍ਰਾਪਤ ਹੋ ਰਹੀ ਸੀ ਅਤੇ 26 ਯੂਨੀਪੋਲਸ (ਜਿਹੜੇ ਮਾਡਲ ਟਾਊਨ ਜ਼ੋਨ ਨਾਲ ਹੀ ਸਬੰਧਤ ਹਨ) ਪਿਛਲੇ ਲੰਮੇ ਸਮੇਂ ਤੋਂ ਵਿਵਾਦਾਂ ਦਾ ਕਾਰਨ ਬਣੇ ਹੋਏ ਸਨ।
ਇਹ ਵੀ ਪੜ੍ਹੋ : ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਹਾਦਸੇ 'ਚ ਮ੍ਰਿਤਕ ਸ਼ਰਧਾਲੂਆਂ ਦੇ ਪਰਿਵਾਰਾਂ ਲਈ ਕੇਂਦਰ ਸਰਕਾਰ ਦਾ ਅਹਿਮ ਐਲਾਨ
ਸਾਬਕਾ ਕਮਿਸ਼ਨਰ ਦਵਿੰਦਰ ਸਿੰਘ ਨਾਲ ਜੁੜਿਆ ਸੀ ਵਿਵਾਦ
ਮਾਡਲ ਟਾਊਨ ਜ਼ੋਨ ਦੇ 26 ਯੂਨੀਪੋਲਸ ਦੇ ਟੈਂਡਰ ’ਚ ਲਿਖਤੀ ਕਾਰਜਕਾਲ ਖਤਮ ਹੋਣ ਤੋਂ ਬਾਅਦ ਟੈਂਡਰ ਲੈਣ ਵਾਲੀ ਕੰਪਨੀ ਨੂੰ ਹੀ ਉਹ ਅਲਾਟ ਕਰ ਦਿੱਤੇ ਗਏ ਸਨ ਪਰ ਜਦੋਂ ਆਈ. ਏ. ਐੱਸ. ਅਧਿਕਾਰੀ ਦਵਿੰਦਰ ਸਿੰਘ ਨਿਗਮ ਕਮਿਸ਼ਨਰ ਬਣੇ, ਉਦੋਂ ਉਨ੍ਹਾਂ ਆਪਣੀ ਮਰਜ਼ੀ (ਜਾਂ ਦਬਾਅ ਵਿਚ ਆ ਕੇ) 3 ਹੋਰ ਕੰਪਨੀਆਂ ਨੂੰ 26 ਯੂਨੀਪੋਲਸ ਅਲਾਟ ਕਰ ਦਿੱਤੇ, ਜੋ ਨਿਯਮਾਂ ਦੇ ਬਿਲਕੁਲ ਉਲਟ ਕੰਮ ਸੀ। ਉਸ ਮਾਮਲੇ ਵਿਚ ਸਾਬਕਾ ਕਮਿਸ਼ਨਰ ਦਵਿੰਦਰ ਸਿੰਘ ਖ਼ਿਲਾਫ਼ ਸ਼ਿਕਾਇਤਾਂ ਤੱਕ ਹੋਈਆਂ ਪਰ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ। ਮੌਜੂਦਾ ਕਮਿਸ਼ਨਰ ਅਭਿਜੀਤ ਕਪਲਿਸ਼ ਨੇ ਉਨ੍ਹਾਂ 26 ਯੂਨੀਪੋਲਸ ਦੀ ਅਲਾਟਮੈਂਟ ਨੂੰ ਰੱਦ ਕਰ ਕੇ ਆਨਲਾਈਨ ਅਲਾਟਮੈਂਟ ਦਾ ਜਿਹੜਾ ਸਿਸਟਮ ਸ਼ੁਰੂ ਕੀਤਾ, ਉਸ ਨਾਲ ਨਾ ਸਿਰਫ ਇਸ਼ਤਿਹਾਰ ਮਾਫੀਆ ਦੀ ਕਮਰ ਟੁੱਟੀ ਹੈ, ਸਗੋਂ ਨਿਗਮ ਨੂੰ ਵੀ ਨਿਯਮਿਤ ਆਮਦਨ ਹੋਣੀ ਸ਼ੁਰੂ ਹੋ ਗਈ ਹੈ। ਪੂਰੇ ਸਿਸਟਮ ਨੂੰ ਕਾਫੀ ਪਾਰਦਰਸ਼ੀ ਵੀ ਮੰਨਿਆ ਜਾ ਰਿਹਾ ਹੈ।
ਆਕਸ਼ਨ ’ਤੇ ਵੀ ਵਿਚਾਰ ਕਰ ਰਿਹੈ ਨਿਗਮ
ਫਿਲਹਾਲ ਜਲੰਧਰ ਨਗਰ ਨਿਗਮ ਦੀ ਆਪਣੀ ਵੈੱਬਸਾਈਟ ’ਤੇ ਹੀ ‘ਬੁੱਕ ਮਾਈ ਐਡਵਰਟਾਈਜ਼ਮੈਂਟ’ ਸਲੋਗਨ ਨੂੰ ਕਲਿੱਕ ਕਰ ਕੇ ਕੋਈ ਵੀ ਵਿਅਕਤੀ ਸਬੰਧਤ ਯੂਨੀਪੋਲਸ ਨੂੰ ਨਿਰਧਾਰਿਤ ਕਿਰਾਇਆ ਦੇ ਕੇ ਬੁੱਕ ਕਰ ਸਕਦਾ ਹੈ। ਜਿਸ ਤਰ੍ਹਾਂ ਸਾਰੇ ਯੂਨੀਪੋਲਸ 3 ਮਹੀਨਿਆਂ ਲਈ ਬੁੱਕ ਹੋ ਚੁੱਕੇ ਹਨ, ਉਸ ਨਾਲ ਨਿਗਮ ਪ੍ਰਸ਼ਾਸਨ ਹੁਣ ਇਹ ਯਤਨ ਕਰ ਰਿਹਾ ਹੈ ਕਿ ਸਾਈਟ ’ਚ ਕੁਝ ਸੋਧ ਕਰ ਕੇ ਯੂਨੀਪੋਲ ਦੀ ਆਕਸ਼ਨ ਦਾ ਪ੍ਰਬੰਧ ਕਰ ਦਿੱਤਾ ਜਾਵੇ ਤਾਂ ਕਿ ਜਿਹੜਾ ਵੀ ਵਿਅਕਤੀ ਜਾਂ ਕੰਪਨੀ ਜ਼ਿਆਦਾ ਰੇਟ ਆਫਰ ਕਰੇ, ਉਸ ਨੂੰ ਹੀ ਯੂਨੀਪੋਲ ਅਲਾਟ ਹੋਵੇ। ਇਸ ਨਾਲ ਨਿਗਮ ਦੇ ਰੈਵੇਨਿਊ ’ਚ ਹੋਰ ਵਾਧਾ ਹੋ ਸਕਦਾ ਹੈ।
ਇਹ ਵੀ ਪੜ੍ਹੋ : ਰਾਹੋਂ 'ਚ ਰੂਹ ਕੰਬਾਊ ਹਾਦਸਾ, 35 ਪ੍ਰਵਾਸੀ ਮਜ਼ਦੂਰਾਂ ਦੀਆਂ ਝੌਂਪੜੀਆਂ ਨੂੰ ਲੱਗੀ ਅੱਗ, 8 ਸਾਲਾ ਬੱਚੀ ਦੀ ਮੌਤ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।