ਨਿਗਮ ਕਮਿਸ਼ਨਰ ਨੇ ਹੁਕਮ ਲਏ ਵਾਪਸ, ਵੈਸਟ ’ਚ ਖ਼ਤਮ ਹੋਈ ਹੜਤਾਲ, ਕੱਲ੍ਹ ਤੋਂ ਸ਼ੁਰੂ ਹੋ ਜਾਵੇਗਾ ਸਫ਼ਾਈ ਦਾ ਕੰਮ

Wednesday, Aug 21, 2024 - 11:51 AM (IST)

ਜਲੰਧਰ (ਖੁਰਾਣਾ)–ਨਗਰ ਨਿਗਮ ਯੂਨੀਅਨ ਦੇ ਆਗੂ ਬੰਟੂ ਸੱਭਰਵਾਲ ਦੇ ਨਿਰਦੇਸ਼ਾਂ ’ਤੇ ਨਿਗਮ ਕਰਮਚਾਰੀਆਂ ਨੇ ਵੈਸਟ ਵਿਧਾਨ ਸਭਾ ਹਲਕੇ ਵਿਚ ਪਿਛਲੇ 4-5 ਦਿਨਾਂ ਤੋਂ ਹੜਤਾਲ ਕੀਤੀ ਹੋਈ ਸੀ, ਜਿਸ ਕਾਰਨ ਹਲਕੇ ਵਿਚ ਪੈਂਦੇ ਹਜ਼ਾਰਾਂ ਘਰਾਂ ਵਿਚੋਂ ਨਾ ਤਾਂ ਕੂੜਾ ਚੁੱਕਿਆ ਜਾ ਰਿਹਾ ਸੀ, ਨਾ ਮੁਹੱਲਿਆਂ ਦੀ ਸਫ਼ਾਈ ਹੋ ਰਹੀ ਸੀ, ਨਾ ਡੰਪ ਸਥਾਨ ਤੋਂ ਕੂੜੇ ਦੀ ਲਿਫ਼ਟਿੰਗ ਕੀਤੀ ਜਾ ਰਹੀ ਸੀ ਅਤੇ ਨਾ ਹੀ ਬੰਦ ਸੀਵਰੇਜ ਆਦਿ ਖੋਲ੍ਹੇ ਜਾ ਰਹੇ ਸਨ। ਅਜਿਹੀ ਹਾਲਤ ਵਿਚ ਵੈਸਟ ਵਿਧਾਨ ਸਭਾ ਹਲਕੇ ਦੇ ਹਾਲਾਤ ਕਾਫ਼ੀ ਖ਼ਰਾਬ ਹੋ ਗਏ ਸਨ ਅਤੇ ਉਥੇ ਮਹਾਮਾਰੀ ਫ਼ੈਲਣ ਦਾ ਖ਼ਤਰਾ ਬਣਿਆ ਹੋਇਆ ਸੀ। ਵੈਸਟ ਤੋਂ ਚੁਣੇ ਗਏ ਵਿਧਾਇਕ ਮਹਿੰਦਰ ਭਗਤ ਮੰਗਲਵਾਰ ਯੂਨੀਅਨ ਆਗੂ ਬੰਟੂ ਸੱਭਰਵਾਲ ਅਤੇ ਹੋਰਨਾਂ ਨੂੰ ਮਨਾਉਣ ਨਗਰ ਨਿਗਮ ਕੰਪਲੈਕਸ ਪਹੁੰਚੇ, ਜਿੱਥੇ ਕਮਿਸ਼ਨਰ ਗੌਤਮ ਜੈਨ ਵਿਧਾਇਕ ਮਹਿੰਦਰ ਭਗਤ ਅਤੇ ਯੂਨੀਅਨ ਆਗੂ ਬੰਟੂ ਸੱਭਰਵਾਲ ਅਤੇ ਉਨ੍ਹਾਂ ਦੇ ਸਾਥੀਆਂ ਨਾਲ ਇਕ ਮੀਟਿੰਗ ਹੋਈ।

ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਵਿਧਾਇਕ ਮਹਿੰਦਰ ਭਗਤ ਨੇ ਕਿਹਾ ਕਿ ਯੂਨੀਅਨ ਆਗੂ ਬੰਟੂ ਸੱਭਰਵਾਲ ਅਤੇ ਉਨ੍ਹਾਂ ਦੇ ਸਾਥੀਆਂ ਅਤੇ ਸਾਰੇ ਨਿਗਮ ਕਰਮਚਾਰੀਆਂ ਨੇ ਹਮੇਸ਼ਾ ਸ਼ਹਿਰ ਦੇ ਹਿੱਤ ਵਿਚ ਕੰਮ ਕੀਤਾ ਹੈ ਅਤੇ ਹੁਣ ਵੀ ਸਾਰੇ ਨਿਗਮ ਕਰਮਚਾਰੀ ਹੜਤਾਲ ਖ਼ਤਮ ਕਰ ਕੇ ਸ਼ਹਿਰ ਨਿਵਾਸੀਆਂ ਨੂੰ ਸਹੂਲਤਾਂ ਦੇਣ ਵਿਚ ਜੁਟ ਜਾਣਗੇ। ਵਿਧਾਇਕ ਮਹਿੰਦਰ ਭਗਤ ਨੇ ਕਿਹਾ ਕਿ ਸ਼ਹਿਰ ਵਿਚ ਸਾਫ਼-ਸਫ਼ਾਈ, ਸੀਵਰੇਜ, ਸਟਰੀਟ ਲਾਈਟ ਅਤੇ ਪੀਣ ਦੇ ਪਾਣੀ ਲਈ ਜੋ ਵੀ ਸਮੱਸਿਆਵਾਂ ਹਨ, ਉਨ੍ਹਾਂ ਨੂੰ ਯੂਨੀਅਨ ਆਗੂਆਂ ਅਤੇ ਨਿਗਮ ਸਟਾਫ਼ ਦੇ ਸਹਿਯੋਗ ਨਾਲ ਹੱਲ ਕੀਤਾ ਜਾਵੇਗਾ।

ਇਹ ਵੀ ਪੜ੍ਹੋ-ਭਾਰਤ ਬੰਦ ਦਾ ਟਾਂਡਾ 'ਚ ਨਹੀਂ ਦਿਸਿਆ ਕੋਈ ਅਸਰ, ਬਾਜ਼ਾਰ, ਦਫ਼ਤਰ, ਸਕੂਲ, ਕਾਲਜ ਆਮ ਵਾਂਗ ਖੁੱਲ੍ਹੇ

PunjabKesari

ਕਮਿਸ਼ਨਰ ਨੇ ਚਾਰਾਂ ਸਫ਼ਾਈ ਕਰਮਚਾਰੀਆਂ ਨੂੰ ਸਸਪੈਂਡ ਕਰਨ ਦਾ ਫ਼ੈਸਲਾ ਵਾਪਸ ਲਿਆ
ਪਿਛਲੇ 5-7 ਦਿਨਾਂ ਤੋਂ ਵੈਸਟ ਵਿਧਾਨ ਸਭਾ ਹਲਕੇ ਵਿਚ ਨਗਰ ਨਿਗਮ ਦੀ ਜੋ ਹੜਤਾਲ ਚੱਲ ਰਹੀ ਸੀ, ਉਸ ਨਾਲ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ, ਵਿਧਾਇਕ ਮਹਿੰਦਰ ਭਗਤ ਅਤੇ ਨਿਗਮ ਪ੍ਰਸ਼ਾਸਨ ਨੂੰ ਭਾਰੀ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਹੜਤਾਲ ਇਸ ਵਜ੍ਹਾ ਨਾਲ ਸ਼ੁਰੂ ਹੋਈ ਸੀ ਕਿਉਂਕਿ ਨਿਗਮ ਕਮਿਸ਼ਨਰ ਨੇ ਚਾਰ ਅਜਿਹੇ ਕਰਮਚਾਰੀਆਂ ਨੂੰ ਸਸਪੈਂਡ ਕਰ ਦਿੱਤਾ ਸੀ, ਜਿਨ੍ਹਾਂ ਨੇ ਕਮਿਸ਼ਨਰ ਦੇ ਹੁਕਮਾਂ ਦੀ ਪ੍ਰਵਾਹ ਨਹੀਂ ਕੀਤੀ ਅਤੇ ਜਿੱਥੇ ਕਮਿਸ਼ਨਰ ਨੇ ਉਨ੍ਹਾਂ ਦੀ ਡਿਊਟੀ ਲਾਈ ਸੀ, ਉਹ ਉਥੇ ਹਾਜ਼ਰ ਹੀ ਨਹੀਂ ਹੋਏ। ਯੂਨੀਅਨ ਆਗੂ ਕਮਿਸ਼ਨਰ ਦੇ ਇਸ ਫ਼ੈਸਲੇ ਦੇ ਵਿਰੋਧ ਵਿਚ ਉਤਰ ਆਏ ਸਨ। ਮੰਗਲਵਾਰ ਸਵੇਰੇ ਯੂਨੀਅਨ ਆਗੂ ਬੰਟੂ ਸੱਭਰਵਾਲ ਨੇ ਇਸ ਮੁੱਦੇ ’ਤੇ ਨਿਗਮ ਕਮਿਸ਼ਨਰ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਚਾਰਾਂ ਸਫ਼ਾਈ ਕਰਮਚਾਰੀਆਂ ਨੂੰ ਕਮਿਸ਼ਨਰ ਦੇ ਸਾਹਮਣੇ ਪੇਸ਼ ਕੀਤਾ, ਜਿਸ ਦੇ ਬਾਅਦ ਚਾਰਾਂ ਦੀ ਸਸਪੈਨਸ਼ਨ ਸਬੰਧੀ ਹੁਕਮ ਵਾਪਸ ਲੈ ਲਿਆ ਗਿਆ। ਕਮਿਸ਼ਨਰ ਨੇ ਫਿਲਹਾਲ ਚਾਰਾਂ ਸਫ਼ਾਈ ਕਰਮਚਾਰੀਆਂ ਦੀ ਡਿਊਟੀ ਆਪਣੇ ਦਫ਼ਤਰ ਵਿਚ ਲਾਈ ਹੈ। ਖਾਸ ਗੱਲ ਇਹ ਰਹੀ ਕਿ ਕਮਿਸ਼ਨਰ ਦੇ ਹੁਕਮ ਨਾ ਮੰਨਣ ਵਾਲੇ ਚਾਰਾਂ ਸਫ਼ਾਈ ਕਰਮਚਾਰੀਆਂ ਨੂੰ ਚਾਕਲੇਟ ਦੇ ਕੇ ਉਨ੍ਹਾਂ ਦੀ ਕਾਰਗੁਜ਼ਾਰੀ ’ਤੇ ਵਿਅੰਗ ਵੀ ਕੱਸਿਆ ਗਿਆ।

ਪੂਰੇ ਵੈਸਟ ਵਿਚ ਨਾ ਹੋਈ ਸਫ਼ਾਈ, ਨਾ ਚੁੱਕਿਆ ਕੂੜਾ
ਨਿਗਮ ਕਰਮਚਾਰੀਆਂ ਦੀ ਹੜਤਾਲ ਭਾਵੇਂ ਬੁੱਧਵਾਰ ਨੂੰ ਖੁੱਲ੍ਹਣ ਜਾ ਰਹੀ ਹੈ ਪਰ ਮੰਗਲਵਾਰ ਨੂੰ ਵੀ ਇਸ ਹੜਤਾਲ ਕਾਰਨ ਪੂਰੇ ਵੈਸਟ ਵਿਧਾਨ ਸਭਾ ਹਲਕੇ ਵਿਚ ਨਾ ਤਾਂ ਕਿਤੇ ਸਫ਼ਾਈ ਹੋਈ ਅਤੇ ਨਾ ਹੀ ਕੂੜੇ ਦੀ ਲਿਫ਼ਟਿੰਗ ਕੀਤੀ ਗਈ। ਬੰਦ ਸੀਵਰੇਜ ਦੀ ਸਮੱਸਿਆ ਨੂੰ ਵੀ ਨਿਗਮ ਕਰਮਚਾਰੀਆਂ ਨੇ ਦੂਰ ਨਹੀਂ ਕੀਤਾ। ਇਸ ਹੜਤਾਲ ਕਾਰਨ ਇਲਾਕੇ ਦੇ ਸਾਰੇ ਡੰਪ ਸਥਾਨਾਂ ’ਤੇ ਕੂੜੇ ਦੇ ਵੱਡੇ-ਵੱਡੇ ਢੇਰ ਲੱਗੇ ਵੇਖੇ ਗਏ, ਜਿਨ੍ਹਾਂ ਨੂੰ ਬੁੱਧਵਾਰ ਨੂੰ ਚੁੱਕਣਾ ਸ਼ੁਰੂ ਕੀਤਾ ਜਾਵੇਗਾ। ਮੰਨਿਆ ਜਾ ਰਿਹਾ ਹੈ ਕਿ ਪੂਰੇ ਵੈਸਟ ਹਲਕੇ ਦੀ ਸਫ਼ਾਈ ਵਿਚ 2-4 ਦਿਨ ਲੱਗ ਸਕਦੇ ਹਨ।

ਇਹ ਵੀ ਪੜ੍ਹੋ- ਪੇਕਿਆਂ ਤੋਂ ਨਹੀਂ ਲਿਆ ਸਕੀ 50 ਲੱਖ ਰੁਪਏ, ਸਹੁਰਿਆਂ ਦੇ ਤਸ਼ੱਦਦ ਅੱਗੇ ਹਾਰੀ ਵਿਆਹੁਤਾ ਨੇ ਚੁੱਕਿਆ ਖ਼ੌਫ਼ਨਾਕ ਕਦਮ

ਵਿਧਾਇਕ ਮਹਿੰਦਰ ਭਗਤ ਨੇ ਨਿਗਮ ਅਧਿਕਾਰੀਆਂ ਨਾਲ ਕੀਤੀ ਮੀਟਿੰਗ
ਵੈਸਟ ਵਿਧਾਨ ਸਭਾ ਹਲਕੇ ਦੇ ਕੰਮਾਂ ਨੂੰ ਲੈ ਕੇ ਵਿਧਾਇਕ ਮਹਿੰਦਰ ਭਗਤ ਨੇ ਮੰਗਲਵਾਰ ਨਿਗਮ ਅਧਿਕਾਰੀਆਂ ਨਾਲ ਇਕ ਮੀਟਿੰਗ ਕੀਤੀ, ਜਿਸ ਦੌਰਾਨ ਕਮਿਸ਼ਨਰ ਗੌਤਮ ਜੈਨ ਤੋਂ ਇਲਾਵਾ ਐਡੀਸ਼ਨਲ ਕਮਿਸ਼ਨਰ ਅਮਰਜੀਤ ਸਿੰਘ ਬੈਂਸ, ਡਾ. ਸ਼੍ਰੀਕ੍ਰਿਸ਼ਨ, ਰਜਨੀਸ਼ ਡੋਗਰਾ, ਰਾਹੁਲ ਗਗਨੇਜਾ, ਕਰਣ ਦੱਤਾ, ਅਮਿਤੋਜ, ਏ. ਟੀ. ਪੀ. ਰਾਜਿੰਦਰ ਸ਼ਰਮਾ, ਸੰਜੀਵ ਕੁਮਾਰ ਅਤੇ ਹੋਰ ਅਧਿਕਾਰੀ ਮੌਜੂਦ ਰਹੇ। ਸਾਰੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਕਿ ਵੈਸਟ ਹਲਕੇ ਵਿਚ ਸੀਵਰੇਜ ਸਮੱਸਿਆ ਦਾ ਪੱਕਾ ਹੱਲ ਕੀਤਾ ਜਾਵੇ ਅਤੇ ਜਿਹੜੀਆਂ ਸੜਕਾਂ ਟੁੱਟ ਗਈਆਂ ਹਨ, ਉਨ੍ਹਾਂ ਨੂੰ ਤੁਰੰਤ ਰਿਪੇਅਰ ਕੀਤਾ ਜਾਵੇ। ਪਹਿਲ ਦੇ ਆਧਾਰ ’ਤੇ ਬੰਦ ਪਈਆਂ ਸਟਰੀਟ ਲਾਈਟਾਂ ਨੂੰ ਚਾਲੂ ਕੀਤਾ ਜਾਵੇ।

PunjabKesari

ਕੂੜੇ ਦੀ ਮੈਨੇਜਮੈਂਟ ’ਤੇ 50 ਕਰੋੜ ਰੁਪਿਆ ਖ਼ਰਚ ਕਰੇਗਾ ਨਿਗਮ
ਵਿਧਾਇਕ ਮਹਿੰਦਰ ਭਗਤ ਦੇ ਨਾਲ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਨਗਰ ਨਿਗਮ ਕਮਿਸ਼ਨਰ ਗੌਤਮ ਜੈਨ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿਚ ਕੂੜੇ ਦੀ ਮੈਨੇਜਮੈਂਟ ਸਬੰਧੀ ਜੋ ਪ੍ਰਾਜੈਕਟ ਸ਼ੁਰੂ ਕੀਤੇ ਜਾ ਰਹੇ ਹਨ ਅਤੇ ਜੋ ਨਵੀਂ ਮਸ਼ੀਨਰੀ ਖਰੀਦੀ ਜਾ ਰਹੀ ਹੈ, ਉਸ ’ਤੇ ਲਗਭਗ 50 ਕਰੋੜ ਰੁਪਏ ਖ਼ਰਚ ਕੀਤੇ ਜਾਣਗੇ। ਉਨ੍ਹਾਂ ਸ਼ਹਿਰ ਨਿਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਮੁਹਿੰਮ ਵਿਚ ਨਗਰ ਨਿਗਮ ਦਾ ਸਾਥ ਦੇਣ ਅਤੇ ਆਪਣੇ ਘਰ ਵਿਚ ਹੀ ਗਿੱਲੇ-ਸੁੱਕੇ ਕੂੜੇ ਨੂੰ ਵੱਖ-ਵੱਖ ਕਰਨ ਤਾਂ ਕਿ ਨਿਗਮ ਗਿੱਲੇ ਕੂੜੇ ਤੋਂ ਖਾਦ ਬਣਾ ਸਕੇ।

ਇਹ ਵੀ ਪੜ੍ਹੋ- ਪ੍ਰਵਾਸੀ ਮਜ਼ਦੂਰ ਦਾ ਬੇਰਹਿਮੀ ਨਾਲ ਕਤਲ, ਗੰਨੇ ਦੇ ਖੇਤਾਂ 'ਚੋਂ ਮਿਲੀ ਖ਼ੂਨ ਨਾਲ ਲਥਪਥ ਲਾਸ਼

ਸਫ਼ਾਈ ਕਰਮਚਾਰੀਆਂ ਦੀ ਭਰਤੀ ਦਾ ਵੀ ਮੁੱਦਾ ਉੱਠਿਆ
ਵਿਧਾਇਕ ਮਹਿੰਦਰ ਭਗਤ, ਨਿਗਮ ਕਮਿਸ਼ਨਰ ਗੌਤਮ ਜੈਨ ਅਤੇ ਯੂਨੀਅਨ ਆਗੂ ਬੰਟੂ ਸੱਭਰਵਾਲ ਵਿਚਕਾਰ ਹੋਈ ਮੀਟਿੰਗ ਦੌਰਾਨ ਸਫ਼ਾਈ ਕਰਮਚਾਰੀਆਂ ਦੀ ਭਰਤੀ ਦਾ ਵੀ ਮੁੱਦਾ ਉੱਠਿਆ। ਬੰਟੂ ਸੱਭਰਵਾਲ ਨੇ ਸਾਫ ਸ਼ਬਦਾਂ ਵਿਚ ਕਿਹਾ ਕਿ 1196 ਸਫ਼ਾਈ ਕਰਮਚਾਰੀਆਂ ਦੀ ਭਰਤੀ ਸਬੰਧੀ ਸਾਰੀ ਪ੍ਰਕਿਰਿਆ ਪੂਰੀ ਕੀਤੀ ਜਾ ਚੁੱਕੀ ਹੈ ਪਰ ਇਹ ਭਰਤੀ ਐੱਸ. ਐੱਸ. ਬੋਰਡ ਜ਼ਰੀਏ ਨਾ ਹੋ ਕੇ ਨਿਗਮ ਪੱਧਰ ’ਤੇ ਕੀਤੀ ਜਾਵੇ ਕਿਉਂਕਿ ਸਫਾਈ ਦਾ ਕੰਮ ਸਥਾਨਕ ਪੱਧਰ ਦੇ ਲੋਕਾਂ ਨਾਲ ਜੁੜਿਆ ਹੋਇਆ ਹੈ। ਪਹਿਲਾਂ ਵੀ ਪੱਕੀ ਭਰਤੀ ਸਥਾਨਕ ਪੱਧਰ ’ਤੇ ਹੀ ਕੀਤੀ ਗਈ ਸੀ। ਨਿਗਮ ਕਮਿਸ਼ਨਰ ਦਾ ਕਹਿਣਾ ਸੀ ਕਿ 2023 ਵਿਚ ਨੋਟੀਫਿਕੇਸ਼ਨ ਜਾਰੀ ਹੋਇਆ ਸੀ ਕਿ ਪੰਜਾਬ ਦੇ ਸਾਰੇ ਵਿਭਾਗਾਂ ਵਿਚ ਚੌਥਾ ਦਰਜਾ ਕਰਮਚਾਰੀਆਂ ਦੀ ਪੱਕੀ ਭਰਤੀ ਬੋਰਡ ਜ਼ਰੀਏ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਚੰਡੀਗੜ੍ਹ ਬੈਠੇ ਅਧਿਕਾਰੀਆਂ ਨੂੰ ਮਿਲ ਕੇ ਇਸ ਨੋਟੀਫਿਕੇਸ਼ਨ ਵਿਚੋਂ ਲੋਕਲ ਬਾਡੀਜ਼ ਨੂੰ ਬਾਹਰ ਕੱਢਣ ਦੀ ਮੰਗ ਰੱਖੀ ਜਾਵੇਗੀ।

ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, ਨੌਜਵਾਨ ਦਾ ਸ਼ਰੇਆਮ ਗੋਲ਼ੀਆਂ ਮਾਰ ਕੇ ਕਤਲ, ਮਾਪਿਆਂ ਦਾ ਸੀ ਇਕਲੌਤਾ ਪੁੱਤ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


shivani attri

Content Editor

Related News