‘ਬਰਲਟਨ ਪਾਰਕ ਸਪੋਰਟਸ ਹੱਬ’ ਪ੍ਰਾਜੈਕਟ ਦਾ ਦੋਬਾਰਾ ਬਣ ਰਿਹੈ ਡਿਜ਼ਾਈਨ’
Monday, Feb 13, 2023 - 03:10 PM (IST)
ਜਲੰਧਰ (ਖੁਰਾਣਾ)-10 ਸਾਲ ਰਹੀ ਅਕਾਲੀ-ਭਾਜਪਾ ਸਰਕਾਰ ਦੇ ਸਮੇਂ ਤਤਕਾਲੀ ਮੇਅਰ ਰਾਕੇਸ਼ ਰਾਠੌਰ ਦੇ ਡ੍ਰੀਮ ਪ੍ਰਾਜੈਕਟ ਬਰਲਟਨ ਪਾਰਕ ਸਪੋਰਟਸ ਹੱਬ ਨੂੰ ਕੁਝ ਆਗੂਆਂ ਦੇ ਟਕਰਾਅ ਕਾਰਨ ਉਸ ਸਰਕਾਰ ਦੇ ਕਾਰਜਕਾਲ ਦੌਰਾਨ ਸ਼ੁਰੂ ਨਹੀਂ ਕੀਤਾ ਜਾ ਸਕਿਆ ਸੀ ਪਰ ਪਿਛਲੇ 5 ਸਾਲ ਪੰਜਾਬ ਅਤੇ ਜਲੰਧਰ ਦੀ ਸੱਤਾ ’ਤੇ ਕਾਬਿਜ਼ ਰਹੀ ਕਾਂਗਰਸ ਪਾਰਟੀ ਦੇ ਆਗੂਆਂ ਨੇ ਵੀ ਸਪੋਰਟਸ ਹੱਬ ਪ੍ਰਾਜੈਕਟ ਨੂੰ ਲੈ ਕੇ ਇਕ ਇੱਟ ਤਕ ਨਹੀਂ ਲਾਈ। ਜ਼ਿਕਰਯੋਗ ਹੈ ਕਿ ਸਮਾਰਟ ਸਿਟੀ ਦੇ ਅਧਿਕਾਰੀਆਂ ਦੀ ਨਾਲਾਇਕੀ ਤੋਂ ਤੰਗ ਆ ਕੇ ਇਸ ਹੱਬ ਨੂੰ ਬਣਾਉਣ ਦਾ ਠੇਕਾ ਲੈਣ ਵਾਲੀ ਕੰਪਨੀ ਨੇ ਨੋਟਿਸ ਦਿੱਤਾ ਸੀ ਕਿ ਉਹ ਇਨ੍ਹਾਂ ਹਾਲਾਤ ਵਿਚ ਇਸ ਪ੍ਰਾਜੈਕਟ ਨੂੰ ਅੱਗੇ ਨਹੀਂ ਵਧਾ ਸਕੇਗੀ। ਖ਼ਾਸ ਗੱਲ ਇਹ ਹੈ ਕਿ ਜਿਸ ਪ੍ਰਾਜੈਕਟ ਨੂੰ ਇਕ ਸਾਲ ਦੇ ਅੰਦਰ-ਅੰਦਰ ਪੂਰਾ ਕੀਤਾ ਜਾਣਾ ਸੀ, 14 ਮਹੀਨੇ ਬੀਤ ਜਾਣ ਦੇ ਬਾਵਜੂਦ ਉਥੇ ਚਾਰਦੀਵਾਰੀ ਦਾ ਕੰਮ ਵੀ ਪੂਰਾ ਨਹੀਂ ਹੋਇਆ ਅਤੇ ਉਹ ਵੀ ਅਧੂਰਾ ਪਿਆ ਹੈ ਪਰ ਹੁਣ ਇਸ ਪ੍ਰਾਜੈਕਟ ਦੇ ਸ਼ੁਰੂ ਹੋਣ ਦੀਆਂ ਸੰਭਾਵਨਾਵਾਂ ਬਣ ਗਈਆਂ ਹਨ।
ਇਹ ਵੀ ਪੜ੍ਹੋ : ਨੰਗਲ: ਸੜਕ ਹਾਦਸੇ ਨੇ ਖੋਹੀਆਂ ਪਰਿਵਾਰ ਦੀਆਂ ਖ਼ੁਸ਼ੀਆਂ, ਮਾਪਿਆਂ ਦੇ 27 ਸਾਲਾ ਨੌਜਵਾਨ ਦੀ ਮੌਤ
ਪਤਾ ਲੱਗਾ ਹੈ ਕਿ ਨਗਰ ਨਿਗਮ ਦੇ ਕਮਿਸ਼ਨਰ ਅਭਿਜੀਤ ਕਪਲਿਸ਼ ਨੇ ਇਸ ਪ੍ਰਾਜੈਕਟ ਵਿਚ ਦਿਲਚਸਪੀ ਵਿਖਾਈ ਹੈ ਅਤੇ ਕੁਝ ਸਮਾਂ ਪਹਿਲਾਂ ਬਰਲਟਨ ਪਾਰਕ ਸਪੋਰਟਸ ਹੱਬ ਦੇ ਕੰਸੈਪਚੁਅਲ ਡਿਜ਼ਾਈਨ ਨੂੰ ਪਾਸ ਕਰਵਾ ਲਿਆ ਗਿਆ ਸੀ। ਇਸ ਦੇ ਸਟਰੱਕਚਰ ਡਿਜ਼ਾਈਨ ਨੂੰ ਆਈ. ਆਈ. ਟੀ. ਕੋਲ ਭੇਜਿਆ ਗਿਆ ਸੀ। ਡਿਜ਼ਾਈਨ ’ਚ ਬਦਲਾਅ ਕਰਨ ਤੋਂ ਬਾਅਦ ਜਲਦ ਪ੍ਰਾਜੈਕਟ ’ਤੇ ਕੰਮ ਸ਼ੁਰੂ ਹੋ ਜਾਵੇਗਾ।
ਕਾਂਗਰਸ ਨੂੰ ਚੋਣ ਫਾਇਦਾ ਦਿਵਾਉਣ ਲਈ ਜਲਦਬਾਜ਼ੀ ’ਚ ਕੀਤਾ ਗਿਆ ਸੀ ਉਦਘਾਟਨ
ਪਿਛਲੇ ਸਾਲ ਫਰਵਰੀ ਮਹੀਨੇ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸੀ ਉਮੀਦਵਾਰਾਂ ਨੂੰ ਚੋਣ ਲਾਭ ਪਹੁੰਚਾਉਣ ਲਈ ਚੋਣ ਜ਼ਾਬਤਾ ਲੱਗਣ ਤੋਂ ਕੁਝ ਘੰਟੇ ਪਹਿਲਾਂ 7 ਜਨਵਰੀ ਨੂੰ ਸਮਾਰਟ ਸਿਟੀ ਦੇ ਤਤਕਾਲੀ ਅਧਿਕਾਰੀਆਂ ਵੱਲੋਂ ਕਾਹਲੀ ਵਿਚ ਇਸ ਪ੍ਰਾਜੈਕਟ ਦਾ ਉਦਘਾਟਨ ਕੀਤਾ ਗਿਆ ਸੀ। ਬਾਅਦ ਵਿਚ ਸਮਾਰਟ ਸਿਟੀ ਦੇ ਉਕਤ ਅਧਿਕਾਰੀਆਂ ਨੇ ਇਸ ਪ੍ਰਾਜੈਕਟ ਵੱਲ ਕੋਈ ਧਿਆਨ ਨਹੀਂ ਦਿੱਤਾ। ਠੇਕੇਦਾਰ ਨੂੰ ਵਰਕ ਆਰਡਰ ਜਾਰੀ ਕਰ ਕੇ ਉਸ ਦੀ ਡਰਾਇੰਗ ਬਦਲਣ ਦੀ ਕੋਸ਼ਿਸ਼ ਕੀਤੀ ਗਈ। ਇਕ ਵਾਰ ਤਾਂ ਨਿਗਮ ਕਮਿਸ਼ਨਰ ਦੇ ਅਹੁਦੇ ’ਤੇ ਰਹੀ ਦੀਪਸ਼ਿਖਾ ਸ਼ਰਮਾ ਨੇ ਇਸ ਪ੍ਰਾਜੈਕਟ ਦੀ ਲਾਗਤ ਵਧਾਉਣ ਤੋਂ ਨਾਂਹ ਕਰ ਦਿੱਤੀ ਅਤੇ ਉਸ ਤੋਂ ਬਾਅਦ ਵੀ ਸਮਾਰਟ ਸਿਟੀ ਦੇ ਅਧਿਕਾਰੀ ਇਸ ਡਰਾਇੰਗ ਨੂੰ ਵੀ ਫਾਈਨਲ ਨਹੀਂ ਕਰ ਸਕੇ ਸਨ।
ਹਰ ਸਿਆਸੀ ਪਾਰਟੀ ਨੇ ਖੇਡ ਪ੍ਰੇਮੀਆਂ ਨੂੰ ਨਿਰਾਸ਼ ਹੀ ਕੀਤਾ
ਜਦੋਂ ਭਾਜਪਾ ਦੇ ਤਤਕਾਲੀ ਮੇਅਰ ਰਾਕੇਸ਼ ਰਾਠੌਰ ਨੇ ਇਸ ਪ੍ਰਾਜੈਕਟ ਦਾ ਸੁਪਨਾ ਦੇਖਿਆ ਸੀ ਤਾਂ ਉਨ੍ਹਾਂ ਦੀ ਆਪਣੀ ਪਾਰਟੀ ਦੇ ਕੁਝ ਦੁਸ਼ਮਣਾਂ ਨੇ ਇਸ ਪ੍ਰਾਜੈਕਟ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਸੀ। ਉਸ ਤੋਂ ਬਾਅਦ ਭਾਜਪਾ ਦੇ ਸੁਨੀਲ ਜੋਤੀ ਮੇਅਰ ਬਣੇ ਪਰ ਉਹ ਵੀ ਇਸ ਪ੍ਰਾਜੈਕਟ ਨੂੰ ਨਹੀਂ ਚਲਾ ਸਕੇ। 5 ਸਾਲ ਸਰਕਾਰ 'ਚ ਰਹੇ ਕਾਂਗਰਸੀਆਂ ਨੇ ਵੀ ਖੇਡ ਪ੍ਰੇਮੀਆਂ ਨੂੰ ਨਿਰਾਸ਼ ਕੀਤਾ ਅਤੇ 500 ਕਰੋੜ ਰੁਪਏ ਦਾ ਬਣਨ ਵਾਲਾ ਪ੍ਰਾਜੈਕਟ ਸਿਮਟ ਕੇ ਸਿਰਫ 77 ਕਰੋੜ ਰੁਪਏ ਦਾ ਹੀ ਰਹਿ ਗਿਆ। ਇਸ ਪ੍ਰਾਜੈਕਟ ਤਹਿਤ ਹੋਰ ਹਾਕੀ ਗਰਾਊਂਡ ਦਾ ਟਰਫ ਵਿਛਾਉਣ, ਕ੍ਰਿਕਟ ਸਟੇਡੀਅਮ ਬਣਾਉਣ, ਮਲਟੀਪਰਪਜ਼ ਹਾਲ, ਪਾਰਕਿੰਗ ਏਰੀਆ ਅਤੇ ਪਾਰਕਾਂ ਦੇ ਸੁਧਾਰ ਆਦਿ ਦੇ ਦਾਅਵੇ ਕੀਤੇ ਗਏ ਸਨ ਪਰ ਸਾਰੀਆਂ ਸਰਕਾਰਾਂ ਵੱਲੋਂ ਕੁਝ ਨਹੀਂ ਕੀਤਾ ਜਾ ਸਕਿਆ। ਹੁਣ ਵੇਖਣਾ ਹੋਵੇਗਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਇਸ ਸਪੋਰਟਸ ਹੱਬ ਦਾ ਕ੍ਰੈਡਿਟ ਲੈ ਪਾਉਂਦੀ ਹੈ ਜਾਂ ਨਹੀਂ।
ਇਹ ਵੀ ਪੜ੍ਹੋ : ਜੂਡੋ ਖਿਡਾਰੀ ਸੱਤਾ ਕਤਲ ਕਾਂਡ ਮਾਮਲੇ 'ਚ ਰਾਜਸਥਾਨ ਤੋਂ 3 ਕਾਤਲ ਗ੍ਰਿਫ਼ਤਾਰ, ਵੱਡੇ ਖ਼ੁਲਾਸੇ ਹੋਣ ਦੀ ਉਮੀਦ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।