ਲੋਹੰਡ ਖੱਡ ’ਚੋਂ ਅਣਪਛਾਤੇ ਵਿਅਕਤੀ ਦੀ ਮਿਲੀ ਲਾਸ਼

Friday, Jan 28, 2022 - 04:52 PM (IST)

ਲੋਹੰਡ ਖੱਡ ’ਚੋਂ ਅਣਪਛਾਤੇ ਵਿਅਕਤੀ ਦੀ ਮਿਲੀ ਲਾਸ਼

ਸ੍ਰੀ ਕੀਰਤਪੁਰ ਸਾਹਿਬ (ਬਾਲੀ)-ਥਾਣਾ ਸ੍ਰੀ ਕੀਰਤਪੁਰ ਸਾਹਿਬ ਦੀ ਪੁਲਸ ਨੂੰ ਲੋਹੰਡ ਖੱਡ ਪਿੰਡ ਕਲਿਆਣਪੁਰ ਵਿਚੋਂ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੁਲਸ ਥਾਣਾ ਸ੍ਰੀ ਕੀਰਤਪੁਰ ਸਾਹਿਬ ਦੇ ਐੱਸ. ਐੱਚ. ਓ. ਇੰਸਪੈਕਟਰ ਸੁਮਿਤ ਮੋਰ ਨੇ ਦੱਸਿਆ ਕਿ ਲੋਹੰਡ ਖੱਡ, ਜਿਸ ’ਚ ਸ੍ਰੀ ਆਨੰਦਪੁਰ ਸਾਹਿਬ ਹਾਈਡਲ ਚੈਨਲ ਨਹਿਰ ਦਾ ਪਾਣੀ ਆ ਕੇ ਡਿਗਦਾ ਹੈ ਅਤੇ ਇਹ ਪਾਣੀ ਅੱਗੇ ਜਾ ਕੇ ਸਤਲੁਜ ਦਰਿਆ ’ਚ ਮਿਲਦਾ ਹੈ। ਇਸ ਨਹਿਰ ਦਾ ਪਾਣੀ ਬੰਦ ਹੋਣ ਕਾਰਨ ਅੱਜ ਸਵੇਰੇ ਉੱਥੇ ਨਾਲ ਲੱਗਦੇ ਘਰਾਂ ਦੇ ਲੋਕਾਂ ਨੇ ਇਕ ਲਾਸ਼ ਲੋਹੰਡ ਖੱਡ ਦਰਿਆ ’ਚ ਹੋਣ ਬਾਰੇ ਪੁਲਸ ਨੂੰ ਜਾਣਕਾਰੀ ਦਿੱਤੀ ਸੀ, ਜਿਸ ਤੋਂ ਬਾਅਦ ਪੁਲਸ ਨੇ ਮੌਕੇ ’ਤੇ ਜਾ ਕੇ ਦੇਖਿਆ ਤਾਂ ਇਕ ਵਿਅਕਤੀ ਦੀ ਲਾਸ਼ ਲੋਹੰਡ ਖੱਡ ਦਰਿਆ ਦੇ ਵਿਚਕਾਰ ਪਾਣੀ ’ਚ ਪਈ ਸੀ।

ਦੇਖਣ ਤੋਂ ਲਾਸ਼ 8 ਤੋਂ 10 ਦਿਨ ਪੁਰਾਣੀ ਲੱਗਦੀ ਹੈ। ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ ਸਿਰ ਤੋਂ ਮੋਨਾ, ਦਾੜ੍ਹੀ ਕੱਟਵੀਂ ਉਮਰ ਕਰੀਬ 40/45 ਸਾਲ, ਸਿਹਤ ਭਰਵੀਂ ਹੈ, ਜਿਸ ਦੇ ਸਰੀਰ ’ਤੇ ਨੀਲੇ ਰੰਗ ਦੀ ਲੋਅਰ ਅਤੇ ਕਾਲੇ ਰੰਗ ਦੀ ਟੀ-ਸ਼ਰਟ ਹੈ। ਲਾਸ਼ ਦੀ ਸ਼ਨਾਖ਼ਤ ਨਾ ਹੋਣ ਕਾਰਨ ਪੁਲਸ ਨੇ 174 ਦੀ ਕਾਰਵਾਈ ਕਰਦਿਆਂ ਲਾਸ਼ ਨੂੰ ਪਾਣੀ ’ਚੋਂ ਬਾਹਰ ਕਢਵਾ ਕੇ ਸਿਵਲ ਹਸਪਤਾਲ ਸ੍ਰੀ ਆਨੰਦਪੁਰ ਸਾਹਿਬ ਦੇ ਮੋਰਚਰੀ ਹਾਲ ’ਚ ਸ਼ਨਾਖਤ ਲਈ ਰਖਵਾ ਦਿੱਤਾ ਹੈ।


author

Manoj

Content Editor

Related News