ਨਵਾਂਸ਼ਹਿਰ ਜ਼ਿਲ੍ਹੇ ਦੀਆਂ ਮੰਡੀਆਂ ’ਚ 9 ਤੋਂ ਸ਼ੁਰੂ ਹੋ ਸਕਦੀ ਹੈ ਕਣਕ ਦੀ ਆਮਦ
Sunday, Apr 03, 2022 - 05:58 PM (IST)

ਨਵਾਂਸ਼ਹਿਰ (ਤ੍ਰਿਪਾਠੀ)- ਸਰਕਾਰ ਵੱਲੋਂ ਕਣਕ ਦੀ ਖ਼ਰੀਦ ਦਾ ਕੰਮ 1 ਅਪ੍ਰੈਲ ਤੋਂ ਸ਼ੁਰੂ ਹੋ ਚੁੱਕਾ ਹੈ, ਜਦਕਿ ਅੱਜ ਤੀਜੇ ਦਿਨ ਵੀ ਜ਼ਿਲ੍ਹੇ ਦੀ ਕਿਸੇ ਮੰਡੀ ’ਚ ਕਣਕ ਦੀ ਆਮਦ ਸ਼ੁਰੂ ਨਹੀਂ ਹੋਈ ਹੈ। ਜ਼ਿਲ੍ਹੇ ’ਚ ਕਣਕ ਦੀ ਖ਼ਰੀਦ ਦਾ ਕਾਰਜ 8-9 ਅਪ੍ਰੈਲ ਤਕ ਸ਼ੁਰੂ ਹੋਣ ਦੀ ਉਮੀਦ ਹੈ, ਜੋਕਿ ਪਿਛਲੇ ਸਾਲ ਸ਼ੁਰੂ ਹੋਏ ਖ਼ਰੀਦ ਕਾਰਜ ਤੋਂ 3 ਦਿਨ ਪਹਿਲਾ ਹੋਵੇਗਾ। ਆਮ ਤੌਰ ’ਤੇ ਜ਼ਿਲ੍ਹੇ ’ਚ ਅਪ੍ਰੈਲ ਦੇ ਦੂਜੇ ਹਫ਼ਤੇ ਤੋਂ ਬਾਅਦ ਹੀ ਕਣਕ ਦੀ ਕਟਾਈ ਸ਼ੁਰੂ ਹੋ ਜਾਂਦੀ ਹੈ, ਪਰ ਇਸ ਵਾਰ ਮਾਰਚ ਮਹੀਨੇ ’ਚ ਹੀ ਗਰਮੀ ਦਾ ਮੌਸਮ ਸ਼ੁਰੂ ਹੋਣ ਦੇ ਚਲਦੇ ਇਸਦਾ ਅਸਰ ਕਣਕ ਦੀ ਕਰੀਬ ਅਪ੍ਰੈਲ ਵਿਚ ਹੀ ਪੱਕਣ ਵਾਲੀ ਫ਼ਸਲ ’ਤੇ ਪਿਆ ਹੈ ਅਤੇ ਜ਼ਿਲ੍ਹੇ ਦੇ ਕਈ ਥਾਵਾਂ ’ਤੇ ਕਣਕ ਦੀ ਫ਼ਸਲ 31 ਮਾਰਚ ਤੋਂ ਪਹਿਲਾਂ ਹੀ ਕਟਾਈ ਲਈ ਤਿਆਰ ਮੰਨੀ ਜਾ ਰਹੀ ਹੈ।
ਜ਼ਿਲ੍ਹੇ ਦੀਆਂ 33 ਮੰਡੀਆਂ ’ਚ ਪੌਣੇ 3 ਲੱਖ ਟਨ ਕਣਕ ਦੀ ਆਮਦ ਦੀ ਸੰਭਾਵਨਾ
ਜ਼ਿਲ੍ਹਾ ਮੰਡੀ ਅਫਸਰ ਸਵਰਨ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ 33 ਮੰਡੀਆਂ ਜਿਸ ਵਿਚ ਨਵਾਂਸ਼ਹਿਰ ਦੀ ਜ਼ਿਲ੍ਹਾ ਮੰਡੀ ਤੋਂ ਇਲਾਵਾ ਰਾਹੋਂ, ਜਾਡਲਾ, ਫਾਂਬੜਾ, ਬਹਿਲੂਰਕਲਾਂ, ਸਬ ਯਾਰਡ ਗਰਚਾ, ਬਾਜ਼ੀਦਪੁਰ, ਮਝੂਰ, ਜੱਬੋਵਾਲ, ਧੈਂਗਡ਼ਪੁਰ, ਮੀਰਪੁਰ ਜੱਟਾਂ, ਬੰਗਾ ਮੁੱਖ ਯਾਰਡ, ਕਟਾਰੀਆਂ, ਮਾਹਿਲ ਗਹਿਲਾਂ, ਹਕੀਮਪੁਰ, ਬਹਿਰਾਮ, ਪਠਲਾਵਾ, ਮੁਕੰਦਪੁਰ, ਸੂੰਢ, ਉੱਚਾ ਲਧਾਣਾ, ਬਲਾਚੌਰ ਮੁੱਖ ਮੰਡੀ, ਸਡ਼ੋਆ, ਸਾਹਿਬਾ, ਬਕਾਪੁਰ, ਨਾਨੋਵਾਲ ਬੇਟ, ਕਰਾਵਰ, ਕਾਠਗਡ਼੍ਹ, ਟੌਂਸਾ ਅਤੇ ਮੌਹਰਾ ਆਦਿ ਵਿਖੇ ਕਣਕ ਦੀ ਖ਼ਰੀਦ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਸਾਬਕਾ CM ਚਰਨਜੀਤ ਸਿੰਘ ਚੰਨੀ ਦੇ ਭਾਣਜੇ ਖ਼ਿਲਾਫ਼ ਈ. ਡੀ. ਨੇ ਦਾਇਰ ਕੀਤੀ ਚਾਰਜਸ਼ੀਟ
ਸਬ-ਸੈਂਟਰਾਂ ’ਤੇ ਸਫਾਈ-ਬਿਜਲੀ ਪਾਣੀ ਦੀ ਸਹੂਲਤ ਦਾ ਕੰਮ ਅਧੂਰਾ
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਣਕ ਦੀ ਖ਼ਰੀਦ ਦੇ ਕਾਰਜਾਂ ਨੂੰ ਨਿਰਵਿਘਨ ਕਰਨ ਸਬੰਧੀ ਜਿੱਥੇ ਸਬੰਧਤ ਅਧਿਕਾਰੀਆਂ ਨੂੰ ਜ਼ਰੂਰੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ ਤਾਂ ਉੱਥੇ ਹੀ ਖਰੀਦ ਕਾਰਜਾਂ ’ਚ ਕਿਸੇ ਵੀ ਤਰ੍ਹਾਂ ਦਾ ਵਿਘਨ ਨਾ ਆਉਣ ਅਤੇ ਸੁਚਾਰੂ ਢੰਗ ਨਾਲ ਖਰੀਦ ਦੇ ਦਾਅਵੇ ਕੀਤੇ ਜਾ ਰਹੇ ਹਨ, ਬਾਵਜੂਦ ਇਸਦੇ ਜਿੱਥੇ ਮੰਡੀਆਂ ਵਿਚ ਆਮਦ ਹੋਣ ਵਾਲੀ ਕਣਕ ਨੂੰ ਭਰਨ ਲਈ ਕੇਵਲ 60 ਫੀਸਦੀ ਬਾਰਦਾਨਾ ਹੀ ਪਹੁੰਚਿਆ ਹੈ। ਆੜ੍ਹਤੀ ਐਸੋਸੀਏਸ਼ਨ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਜ਼ਿਲ੍ਹ ’ਚ ਕਰੀਬ 12 ਹਜ਼ਾਰ ਗੱਠਾਂ ਦੀ ਲੋੜ ਹੁੰਦੀ ਹੈ, ਜਦਕਿ ਅਜੇ ਤਕ ਆਮਦ ਕਰੀਬ 7 ਹਜ਼ਾਰ ਹੀ ਹੋਈ ਹੈ। ਇਸੇ ਤਰ੍ਹਾਂ ਦੇ ਕਈ ਸਬ-ਸੈਂਟਰਾਂ ’ਤੇ ਬਿਜਲੀ ਪਾਣੀ ਅਤੇ ਸਫ਼ਾਈ ਦੇ ਪ੍ਰਬੰਧ ਅਧੂਰੇ ਦੱਸੇ ਜਾ ਰਹੇ ਹਨ।
ਆੜ੍ਹਤੀਆਂ ਨੂੰ ਅਜੇ ਤਕ ਨਹੀਂ ਹੋਈ ਖਰੀਦ ਏਜੰਸੀਆਂ ਦੀ ਅਲਾਟਮੈਂਟ
ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਮਨਜਿੰਦਰ ਸਿੰਘ ਵਾਲੀਆ ਨੇ ਦੱਸਿਆ ਕਿ ਕਿਸ ਆੜ੍ਹਤੀ ਨੇ ਕਿਹੜੀ ਖ਼ਰੀਦ ਏਜੰਸੀ ਲਈ ਖ਼ਰੀਦ ਕਰਨੀ ਹੈ, ਸਬੰਧੀ ਅਜੇ ਤਕ ਪ੍ਰਸ਼ਾਸਨ ਵੱਲੋਂ ਕੋਈ ਅਲਾਟਮੈਂਟ ਨਹੀਂ ਹੋਈ ਹੈ। ਇਸੇ ਤਰ੍ਹਾਂ ਹੀ ਹੀਮਰ ਰਜਿਸਟ੍ਰੇਸ਼ਨ ਸਾਈਟ ਵੀ ਨਹੀਂ ਖੁੱਲ੍ਹੀ ਹੈ, ਜਿਸਦੇ ਚਲਦੇ ਕਿਸਾਨਾਂ ਵੱਲੋਂ ਲਗਾਈ ਜਾਣ ਵਾਲੀ ਫਸਲ ਦੀ ਪਰਚੀ ਉਪਲਬਧ ਕਰਵਾਉਣ ’ਚ ਦਿੱਕਤ ਹੋਵੇਗੀ।
ਇਹ ਵੀ ਪੜ੍ਹੋ: ਮਨੀ ਲਾਂਡਰਿੰਗ ਦੇ ਮਾਮਲੇ ’ਚ ਈ. ਡੀ. ਨੇ ਪੰਜਾਬ ਪੁਲਸ ਦੇ ਸਾਬਕਾ SSP ਦੀ ਜਾਇਦਾਦ ਕੀਤੀ ਅਟੈਚ
ਇਸ ਵਾਰ ਨਹੀਂ ਆਵੇਗੀ ਕਣਕ ਨੂੰ ਸਟੋਰ ਕਰਨ ਵਿਚ ਸਮੱਸਿਆ
ਭਾਰਤ ਦੇ ਆਲੇ-ਦੁਆਲੇ ਦੇ ਰਾਸ਼ਟਰ ਸ਼੍ਰੀਲੰਕਾ, ਪਾਕਿਸਤਾਨ, ਅਫਗਾਨਿਸਤਾਨ ਤੋਂ ਇਲਾਵਾ ਯੂਕ੍ਰੇਨ ਵਿਖੇ ਚਲ ਰਹੇ ਯੁੱਧ ਦਾ ਅਸਰ ਕਈ ਦੇਸ਼ਾਂ ’ਚ ਕਣਕ ਦੀ ਘਾਟ ਅਤੇ ਵੱਧ ਮੰਗ ਦੇ ਰੂਪ ਵਿਚ ਸਾਹਮਣੇ ਆਇਆ ਹੈ। ਮਾਹਰਾਂ ਨੇ ਦੱਸਿਆ ਕਿ ਜ਼ਿਲੇ ਦਾ ਮੂਲਾਂਕਣ ਕੀਤਾ ਜਾਵੇ ਤਾਂ ਕਰੀਬ-ਕਰੀਬ ਸਾਰੇ ਗੋਦਾਮ ਖਾਲੀ ਪਏ ਹਨ, ਜਿਸ ਦੇ ਚਲਦੇ ਇਸ ਵਾਰ ਮੰਡੀਆਂ ’ਚ ਆਉਣ ਵਾਲੀ ਕਣਕ ਨੂੰ ਸਟੋਰ ਕਰਨ ਵਿਚ ਕੋਈ ਮੁਸ਼ਕਿਲ ਨਹੀਂ ਆਵੇਗੀ। ਇਸ ਗੱਲ ਦੀ ਸੰਭਾਵਨਾ ਹੈ ਕਿ ਕਣਕ ਦੀ ਆਮਦ ਦੇ ਤੁਰੰਤ ਬਾਅਦ ਹੀ ਸਪੈਸ਼ਲ ਟ੍ਰੇਨ ਲੱਗਣ ਨਾਲ ਕਣਕ ਨੂੰ ਕੇਂਦਰੀ ਭੰਡਾਰ ਵਿਖੇ ਭੇਜ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਯੂਰੋਪ ਦੇ ਵਧੇਰੇ ਦੇਸ਼ਾਂ ਨੂੰ ਅਨਾਜ ਯੂਕ੍ਰੇਨ ਤੋਂ ਨਿਰਯਾਤ ਹੁੰਦਾ ਹੈ, ਪਰ ਇਸ ਵਾਰ ਰੂਸ ਦੇ ਨਾਲ ਹੋ ਰਹੀ ਲੜਈ ਦੇ ਚਲਦੇ ਯੂਕ੍ਰੇਨ ਦੀ ਭਰਪਾਈ ਭਾਰਤ ਤੋਂ ਹੋਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ: ਜਲੰਧਰ ਵਿਖੇ ਵਿਅਕਤੀ ਨੇ ਕੀਤੀ ਖ਼ੁਦਕੁਸ਼ੀ, ਸੁਸਾਈਡ ਨੋਟ ’ਚ ਪਤਨੀ ਤੇ ਸੁਹਰਿਆਂ ਬਾਰੇ ਕੀਤਾ ਇਹ ਖ਼ੁਲਾਸਾ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ