ਭਿਆਨਕ ਹਾਦਸਾ, ਕਾਰ ਅਤੇ ਟੱਰਕ ਨਾਲ ਟਕਰਾਉਣ ਮਗਰੋਂ ਹਾਈਵੇ ''ਤੇ ਪਲਟਿਆ ਕੈਂਟਰ
Tuesday, Nov 26, 2024 - 01:05 AM (IST)
ਬੰਗਾ, (ਰਾਕੇਸ਼ ਅਰੋੜਾ)- ਨਵਾਂਸ਼ਹਿਰ ਬੰਗਾ ਨੈਸ਼ਨਲ ਹਾਈਵੇ 'ਤੇ ਤੇਜ਼ ਰਫਤਾਰ ਕੈਂਟਰ ਵੱਲੋਂ ਨੈਸ਼ਨਲ ਹਾਈਵੇ 'ਤੇ ਪੈਂਦੇ ਇਕ ਢਾਬੇ ਦੇ ਬਾਹਰ ਖੜ੍ਹੀ ਇਕ ਕਾਰ ਅਤੇ ਟੱਰਕ ਵਿਚਕਾਰ ਹੋਈ ਜ਼ਬਰਦਸਤ ਟੱਕਰ ਵਿੱਚ ਕੈਂਟਰ ਚਾਲਕ ਦੇ ਗੰਭੀਰ ਰੂਪ ਵਿੱਚ ਜ਼ਖਮੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਢਾਬੇ ਦੇ ਮਾਲਕ ਸੰਨੀ ਪੁੱਤਰ ਕਸ਼ਮੀਰੀ ਲਾਲ ਨਿਵਾਸੀ ਮਜਾਰੀ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਆਪਣੀ ਕਾਰ 'ਚ ਸਵਾਰ ਹੋ ਕੇ ਢਾਬੇ 'ਤੇ ਆਇਆ ਅਤੇ ਉਹ ਆਪਣੀ ਕਾਰ ਢਾਬੇ ਦੇ ਬਾਹਰ ਕੱਚੇ ਸਥਾਨ 'ਤੇ ਪਾਰਕ ਕਰ ਢਾਬੇ ਅੰਦਰ ਚਲਾ ਗਿਆ ਅਤੇ ਕੁਝ ਚਿਰ ਮਗਰੋਂ ਇਕ ਟੱਰਕ ਚਾਲਕ ਜਿਸ ਨਾਲ ਕੁਝ ਹੋਰ ਲੋਕ ਵੀ ਹਾਜ਼ਰ ਸਨ, ਉਸਦੇ ਢਾਬੇ 'ਤੇ ਚਾਹ ਪੀਣ ਲਈ ਲਈ ਰੁੱਕ ਗਏ।
ਉਸ ਨੇ ਦੱਸਿਆ ਕਿ ਕੁਝ ਪਲਾਂ ਬਾਅਦ ਇਕ ਕੈਂਟਰ ਪੀ. ਬੀ. 02 ਈ. ਐਚ. 5034 ਜੋ ਬਹੁਤ ਹੀ ਤੇਜ਼ੀ ਨਾਲ ਨਵਾਂਸ਼ਹਿਰ ਦੀ ਤਰਫੋਂ ਆਇਆ ਤੇ ਸਿੱਧਾ ਆ ਕੇ ਉਨਾਂ ਦੀ ਢਾਬੇ ਦੇ ਬਾਹਰ ਉਨਾਂ ਦੀ ਪਾਰਕ ਕੀਤੀ ਹੋਈ ਕਾਰ ਨਾਲ ਟਕਰਾਉਣ ਉਪੰਰਤ ਟੱਰਕ ਨਾਲ ਟਕਰਾ ਗਿਆ ਅਤੇ ਨੈਸ਼ਨਲ ਹਾਈਵੇ 'ਤੇ ਪਲਟ ਗਿਆ।
ਮੌਕੇ 'ਤੇ ਹਾਜ਼ਰ ਪਹਿਲਾਂ ਤੋਂ ਖੜ੍ਹੇ ਟੱਰਕ ਦੇ ਡਰਾਈਵਰ ਜਸਪਾਲ ਸਿੰਘ ਨਿਵਾਸੀ ਅੰਮ੍ਰਿਤਸਰ ਨੇ ਦੱਸਿਆ ਕਿ ਉਹ ਹਰਿਦੁਆਰ ਤੋਂ ਸਾਮਾਨ ਲੈ ਕੇ ਆਏ ਸਨ ਤੇ ਤੜਕਸਾਰ ਹੋਣ ਕਾਰਨ ਉਹ ਚਾਹ ਪੀਣ ਲਈ ਢਾਬੇ 'ਤੇ ਰੁੱਕ ਗਏ। ਉਨ੍ਹਾਂ ਦੱਸਿਆ ਕਿ ਰੱਬ ਦਾ ਸ਼ੁਕਰ ਹੈ ਕਿ ਉਨ੍ਹਾਂ ਦੇ ਉਕਤ ਟੱਰਕ ਵਿੱਚ 5 ਹੋਰ ਵਿਅਕਤੀ ਸਵਾਰ ਸਨ ਜੋ ਉਨ੍ਹਾਂ ਨਾਲ ਚਾਹ ਪੀਣ ਲਈ ਢਾਬੇ ਦੇ ਅੰਦਰ ਚਲੇ ਗਏ ਅਤੇ ਕੁਝ ਚਿਰ ਮਗਰੋਂ ਇਹ ਭਾਣਾ ਵਾਪਰ ਗਿਆ ਨਹੀ ਤਾਂ ਸ਼ਾਇਦ ਕੋਈ ਵੱਡਾ ਨੁਕਸਾਨ ਹੋ ਜਾਂਦਾ।
ਉਨ੍ਹਾਂ ਦੱਸਿਆ ਕਿ ਹਾਦਸਾ ਇੰਨਾ ਜ਼ਬਰਦਸਤ ਸੀ ਕਿ ਕੈਂਟਰ ਦੇ ਪਰਖੱਚੇ ਉੱਡ ਗਏ ਅਤੇ ਕੈਂਟਰ ਚਾਲਕ ਜਿਸਦੀ ਪਛਾਣ ਪ੍ਰਦੀਪ ਸਿੰਘ ਨਿਵਾਸੀ ਅੰਮ੍ਰਿਤਸਰ ਵੱਜੋਂ ਹੋਈ ਵੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਜਿਸ ਨੂੰ ਕਾਫੀ ਜੱਦੋ-ਜਹਿਦ ਮਗਰੋ ਕੈਂਟਰ ਵਿੱਚੋ ਬਾਹਰ ਕੱਢਿਆ ਗਿਆ। ਉਸ ਨੂੰ ਮੌਕੇ 'ਤੇ ਪੁੱਜੀ ਐੱਸ. ਐੱਸ. ਐਫ. ਦੀ ਟੀਮ ਅਤੇ ਥਾਣਾ ਸਦਰ ਪੁਲਸ ਪਾਰਟੀ ਨੇ ਲੋਕਾਂ ਦੀ ਮਦਦ ਨਾਲ ਹਸਪਤਾਲ ਪੁਹੰਚਾਇਆ ਅਤੇ ਹਾਦਸਾਗ੍ਰਸਤ ਵਾਹਨਾਂ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।