ਸਤਲੁਜ ਦਰਿਆ ’ਚ ਆਰਜ਼ੀ ਰਸਤਾ ਬਣਾਉਣ ’ਤੇ ਜ਼ਮੀਨ ਮਾਲਕਾਂ ਖ਼ਿਲਾਫ਼ ਪਰਚਾ ਦਰਜ
Monday, Dec 29, 2025 - 04:16 PM (IST)
ਨੂਰਪੁਰਬੇਦੀ (ਭੰਡਾਰੀ)-ਗੈਰ-ਕਾਨੂੰਨੀ ਮਾਈਨਿੰਗ ਖ਼ਿਲਾਫ਼ ਪ੍ਰਸ਼ਾਸਨ ਵੱਲੋਂ ਆਰੰਭ ਕੀਤੀ ਗਈ ਕਾਰਵਾਈ ਨੂੰ ਦੇਰ ਸ਼ਾਮ ਉਸ ਸਮੇਂ ਕਾਮਯਾਬੀ ਮਿਲੀ, ਜਦੋਂ ਮਾਈਨਿੰਗ ਵਿਭਾਗ ਦੀ ਸ਼ਿਕਾਇਤ ਦੇ ਆਧਾਰ ’ਤੇ ਪੁਲਸ ਨੇ ਸਤਲੁਜ ਦਰਿਆ ’ਚ ਬਣਾਏ ਗਏ ਆਰਜ਼ੀ ਰਸਤੇ ਨੂੰ ਲੈ ਕੇ ਜ਼ਮੀਨ ਮਾਲਕਾਂ ਖ਼ਿਲਾਫ਼ ਆਖ਼ਿਰਕਾਰ ਮਾਮਲਾ ਦਰਜ ਕਰ ਲਿਆ। ਉਕਤ ਕਾਰਵਾਈ ਨੂੰ ਇਲਾਕੇ ’ਚ ਮਾਈਨਿੰਗ ਮਾਫ਼ੀਆ ਦੀਆਂ ਗਤੀਵਿਧੀਆਂ ਖ਼ਿਲਾਫ਼ ਸਖ਼ਤ ਸੁਨੇਹਾ ਮੰਨਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ: ਪੰਜਾਬ ਵਾਸੀਆਂ ਲਈ Good News! ਜਲੰਧਰ 'ਚ ਬਣੇਗਾ ਸਪੋਰਟਸ ਟੈਕਨਾਲੋਜੀ ਐਕਸਟੈਂਸ਼ਨ ਸੈਂਟਰ
ਦੱਸਣਯੋਗ ਹੈ ਕਿ ਬਲਾਕ ਨੂਰਪੁਰਬੇਦੀ ਦੇ ਪਿੰਡਾਂ ਗੋਬਿੰਦਪੁਰ ਬੇਲਾ ਅਤੇ ਅਮਰਪੁਰ ਬੇਲਾ ਦੇ ਵਸਨੀਕਾਂ ਵੱਲੋਂ ਉਨ੍ਹਾਂ ਦੀਆਂ ਜ਼ਮੀਨਾਂ ਦੇ ਨਾਲ ਲੱਗਦੇ ਸ੍ਰੀ ਅਨੰਦਪੁਰ ਸਾਹਿਬ ਖੇਤਰ ’ਚ ਹੋ ਰਹੀ ਗੈਰ-ਕਾਨੂੰਨੀ ਮਾਈਨਿੰਗ ਖ਼ਿਲਾਫ਼ ਜ਼ੋਰਦਾਰ ਆਵਾਜ਼ ਉਠਾਈ ਗਈ ਸੀ। ਪਿੰਡ ਵਾਸੀਆਂ ਦਾ ਕਹਿਣਾ ਸੀ ਕਿ ਮਾਈਨਿੰਗ ਕਾਰਨ ਜਿੱਥੇ ਉਨ੍ਹਾਂ ਦੀ ਉਪਜਾਊ ਜ਼ਮੀਨ ਨੂੰ ਸਿੱਧਾ ਖ਼ਤਰਾ ਪੈਦਾ ਹੋ ਰਿਹਾ ਹੈ, ਉਥੇ ਹੀ ਨੇੜਲੇ ਕਈ ਪਿੰਡ ਡਰ ਦੇ ਸਾਏ ਹੇਠ ਜੀਵਨ ਬਤੀਤ ਕਰਨ ਲਈ ਮਜਬੂਰ ਹਨ। ਦਰਿਆ ਦੇ ਕਿਨਾਰਿਆਂ ’ਤੇ ਦਰਿਆ ’ਚ ਕੀਤੀ ਜਾ ਰਹੀ ਖੁਦਾਈ ਅਤੇ ਭਾਰੀ ਮਸ਼ੀਨਰੀ ਦੀ ਆਵਾਜਾਈ ਨਾਲ ਹੜ੍ਹਾਂ ਅਤੇ ਜ਼ਮੀਨ ਧਸਣ ਸਮੇਤ ਉਨ੍ਹਾਂ ਦੇ ਜਾਨ-ਮਾਲ ਦੇ ਨੁਕਸਾਨ ਦਾ ਖਤਰਾ ਵਧ ਰਿਹਾ ਸੀ।
ਉਕਤ ਮਾਮਲਾ ਧਿਆਨ ’ਚ ਆਉਣ ’ਤੇ ਸੰਮਤੀ ਮੈਂਬਰ ਸਤਨਾਮ ਸਿੰਘ ਨਾਗਰਾ ਅਤੇ ਸੰਮਤੀ ਮੈਂਬਰ ਤਿਲਕ ਰਾਜ ਪੰਮਾ ਨੇ ਬੀਤੇ ਦਿਨ ਸਖ਼ਤ ਰੁਖ ਅਖਤਿਆਰ ਕਰਦਿਆਂ ਆਪਣੇ ਸਮਰਥਕਾਂ ਸਮੇਤ ਪਿੰਡ ਵਾਸੀਆਂ ਨੂੰ ਨਾਲ ਲੈ ਕੇ ਮਾਈਨਿੰਗ ਵਿਭਾਗ ਅਤੇ ਪੁਲਸ ਪ੍ਰਸ਼ਾਸਨ ਦੀਆਂ ਟੀਮਾਂ ਸਮੇਤ ਸਥਿਤੀ ਦਾ ਜਾਇਜ਼ਾ ਲਿਆ। ਜਾਂਚ ਦੌਰਾਨ ਵੱਡੇ ਪੱਧਰ ’ਤੇ ਗੈਰ-ਕਾਨੂੰਨੀ ਮਾਈਨਿੰਗ ਸਾਹਮਣੇ ਆਉਣ ’ਤੇ ਅਧਿਕਾਰੀਆਂ ਦੀ ਹਾਜ਼ਰੀ ’ਚ ਦਰਿਆ ’ਚ ਬਣਿਆ ਉਕਤ ਆਰਜ਼ੀ ਪੁਲ ਤੋੜ ਦਿੱਤਾ ਗਿਆ।
ਇਹ ਵੀ ਪੜ੍ਹੋ: ਇਕ ਹਜ਼ਾਰ ਰੁਪਏ ਦੀ ਉਡੀਕ 'ਚ ਬੈਠੀਆਂ ਔਰਤਾਂ ਲਈ ਖ਼ੁਸ਼ਖ਼ਬਰੀ! ਮੰਤਰੀ ਹਰਪਾਲ ਚੀਮਾ ਨੇ ਆਖੀ ਵੱਡੀ ਗੱਲ
ਇਸ ਤੋਂ ਬਾਅਦ ਵੀ ਉਕਤ ਟੀਮ ਵੱਲੋਂ ਮਾਮਲੇ ਦੀ ਲਗਾਤਾਰ ਪੈਰਵੀ ਜਾਰੀ ਰੱਖੀ ਗਈ। ਇਸ ਉਪਰੰਤ ਮਾਈਨਿੰਗ ਵਿਭਾਗ ਵੱਲੋਂ ਪੁਲਸ ਨੂੰ ਸੌਂਪੀ ਗਈ ਸ਼ਿਕਾਇਤ ’ਚ ਦੱਸਿਆ ਗਿਆ ਕਿ ਅਗੰਮਪੁਰ ਹੱਦ ’ਚ ਹੋਈ ਮਾਈਨਿੰਗ ਸਬੰਧੀ ਨੂਰਪੁਰਬੇਦੀ ਖੇਤਰ ਦੇ ਪਿੰਡਾਂ ਅਮਰਪੁਰ ਬੇਲਾ ਅਤੇ ਗੋਬਿੰਦਪੁਰ ਬੇਲਾ ਦੇ ਲੋਕਾਂ ਦੀ ਸ਼ਿਕਾਇਤ ਹਾਸਲ ਹੋਈ ਸੀ। ਇਸ ਦੌਰਾਨ ਮਾਈਨਿੰਗ ਵਿਭਾਗ ਦੇ ਜੇ. ਈ. ਯੋਗਰਾਜ ਨੇ ਸ਼ਿਕਾਇਤ ’ਚ ਦੱਸਿਆ ਕਿ ਜਾਂਚ ਕਰਨ ’ਤੇ ਪਾਇਆ ਗਿਆ ਕਿ ਦਰਿਆ ’ਚ ਗਰੈਵਲ ਦੀ ਖੁਦਾਈ ਕਰ ਕੇ ਕੰਕਰੀਟ ਦੀਆਂ ਪਾਈਪਾਂ ਪਾ ਕੇ ਆਰਜ਼ੀ ਪੁਲ ਬਣਾਇਆ ਗਿਆ ਜੋ ਗੈਰ ਕਾਨੂੰਨੀ ਹੈ। ਇਸ ਦੌਰਾਨ 30 ਹਜ਼ਾਰ ਕਿਊਬਿਕ ਫੁੱਟ ਗਰੈਵਲ ਦੀ ਵੀ ਨਿਕਾਸੀ ਪਾਈ ਗਈ। ਇਸ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਸ੍ਰੀ ਅਨੰਦਪੁਰ ਸਾਹਿਬ ਦੀ ਪੁਲਸ ਨੇ ਆਰਜ਼ੀ ਪੁਲ ਵਾਲੇ ਸਥਾਨ ਦੀ ਜ਼ਮੀਨ ਦੇ ਅਣਪਛਾਤੇ ਮਾਲਕਾਂ ਖਿਲਾਫ ਮਾਈਨਿੰਗ ਐਕਟ ਤਹਿਤ ਮਾਮਲਾ ਦਰਜ ਕਰ ਲਿਆ। ਪੁਲਸ ਅਧਿਕਾਰੀਆਂ ਅਨੁਸਾਰ ਮਾਲ ਵਿਭਾਗ ਦੀ ਮਦਦ ਨਾਲ ਜਲਦ ਹੀ ਜ਼ਮੀਨ ਦੇ ਅਸਲ ਮਾਲਕਾਂ ਦੀ ਪਛਾਣ ਕਰਕੇ ਕਾਨੂੰਨ ਅਨੁਸਾਰ ਅਗਲੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।
ਇਹ ਵੀ ਪੜ੍ਹੋ: Big Breaking: ਅੱਧੀ ਰਾਤ ਨੂੰ ਜਲੰਧਰ 'ਚ ਪੈ ਗਿਆ ਡਾਕਾ! ਜਿਊਲਰੀ ਸ਼ਾਪ ਲੁੱਟ ਕੇ ਲੈ ਗਏ 10 ਬੰਦੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
