ਸਾਹਲੋਂ ਬੱਸ ਅੱਡੇ ਦੀਆਂ 4 ਦੁਕਾਨਾਂ ਤੇ ਚੋਰਾਂ ਨੇ ਬੋਲਿਆ ਧਾਵਾ
Sunday, Dec 28, 2025 - 05:21 PM (IST)
ਔੜ/ਚੱਕਦਾਨਾ (ਛਿੰਜੀ ਲੜੋਆ)- ਜਿੱਥੇ ਕੜਾਕੇ ਦੀ ਠੰਡ ਨੇ ਆਮ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਮੁਸ਼ਕਿਲ ਕੀਤਾ ਹੋਇਆ ਹੈ ਉੱਥੇ ਹੀ ਚੋਰਾਂ ਨੇ ਆਪਣੀ ਕਾਰਵਾਈ ਤੇਜ਼ ਕੀਤੀ ਹੋਈ ਹੈ। ਇਸੇ ਕੜੀ ਵਿੱਚ ਪਿੰਡ ਸਾਹਲੋਂ ਦੇ ਬੱਸ ਅੱਡੇ ਦੀ ਮਾਰਕੀਟ ਵਿੱਚ ਇਕ ਮੈਡੀਕਲ ਸਟੋਰ, ਜਿਊਲਰਜ਼ ਦੀ ਦੁਕਾਨ, ਕੱਪੜੇ ਦੀ ਦੁਕਾਨ ਅਤੇ ਸੀਡ ਸਟੋਰ 'ਤੇ ਚੋਰਾਂ ਵੱਲੋਂ ਧਾਵਾ ਬੋਲ ਦਿੱਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਸਵੀਰ ਚਾਹਲ ਨੇ ਦੱਸਿਆ ਕਿ ਉਹ ਕੁਲਰਾਜ ਮੈਡੀਕਲ ਸਟੋਰ ਦੇ ਨਾਂ ਤੇ ਅੱਡੇ 'ਚ ਦਵਾਈਆਂ ਦੀ ਦੁਕਾਨ ਕਰਦਾ ਹੈ ਅਤੇ ਬੀਤੇ ਰਾਤ ਚੋਰਾਂ ਵੱਲੋਂ ਉਸ ਦੀ ਦੁਕਾਨ ਸ਼ਟਰ ਪੁੱਟਣ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਅਸਫ਼ਲ ਰਹੇ, ਜਿਸ ਕਾਰਨ ਉਸ ਦਾ ਵੱਡਾ ਨੁਕਸਾਨ ਹੋਣੋ ਬਚ ਗਿਆ।
ਇਸੇ ਤਰ੍ਹਾਂ ਚੌਹਾਨ ਜਿਊਲਰਜ਼ ਦੇ ਮਾਲਕ ਰਾਕੇਸ਼ ਕੁਮਾਰ ਨੇ ਦੱਸਿਆ ਕਿ ਉਸ ਦੀ ਦੁਕਾਨ ਦਾ ਸ਼ਟਰ ਪੁੱਟਕੇ ਦੁਕਾਨ ਅੰਦਰ ਚੋਰਾਂ ਵੱਲੋਂ ਦਾਖ਼ਲ ਹੋ ਕੇ ਕਾਫ਼ੀ ਭੰਨਤੋੜ ਕੀਤੀ ਗਈ ਅਤੇ ਸਾਰਾ ਸਮਾਨ ਖਿਲਾਰਿਆ ਗਿਆ ਪਰ ਕੋਈ ਨਕਦੀ ਜਾਂ ਸਾਮਾਨ ਦਾ ਨੁਕਸਾਨ ਹੋਣ ਤੋਂ ਬਚ ਗਿਆ ਪਰ ਚੋਰ ਭੁਲੇਖੇ ਨਾਲ ਸੋਨੇ ਦੇ ਸਮਝ ਕੇ ਆਰਟੀਫਿਸ਼ੀਅਲ ਗਹਿਣੇ ਹੀ ਚੋਰੀ ਕਰਕੇ ਲੈ ਗਏ। ਇਸੇ ਤਰ੍ਹਾਂ ਪਰਮਾਰ ਪੇਂਟ ਸਟੋਰ ਦੇ ਮਾਲਕ ਮਹਿੰਦਰਜੀਤ ਸਿੰਘ ਨੇ ਦੱਸਿਆ ਕਿ ਉਸ ਦੀ ਦੁਕਾਨ ਅਤੇ ਸ਼ਟਰ ਤੋੜ ਕੇ ਪੈਸੇ ਲੱਭਦਿਆਂ ਚੋਰਾਂ ਨੇ ਸਾਰਾ ਸਾਮਾਨ ਖਿਲਾਰ ਦਿੱਤਾ।
ਇਹ ਵੀ ਪੜ੍ਹੋ: ਮਨਰੇਗਾ ਸਕੀਮ ਨੂੰ ਲੈ ਕੇ 'ਆਪ' ਆਗੂ ਪਵਨ ਟੀਨੂੰ ਨੇ ਘੇਰੀ ਕੇਂਦਰ ਸਰਕਾਰ (ਵੀਡੀਓ)
ਇਸ ਮੌਕੇ ਸ਼ਰਮਾ ਕੁਲੇਕਸ਼ਨ ਦੇ ਮਾਲਕ ਰਜਿਤ ਕੁਮਾਰ ਨੇ ਦੱਸਿਆ ਕਿ ਉਸ ਵੱਲੋਂ ਅਜੇ ਤਿੰਨ ਕੁ ਮਹੀਨੇ ਪਹਿਲਾਂ ਹੀ ਆਪਣੇ ਰੋਜ਼ਗਾਰ ਲਈ ਰੈਡੀਮੇਡ ਕੱਪੜੇ ਦੀ ਦੁਕਾਨ ਖੋਲ੍ਹੀ ਸੀ ਪਰ ਚੋਰਾਂ ਨੇ ਉਸ ਦੀ ਦੁਕਾਨ 'ਚੋਂ ਲਗਭਗ ਸਾਢੇ ਤਿੰਨ ਲੱਖ ਰੁਪਏ ਦੇ ਕੱਪੜੇ ਚੋਰੀ ਕਰਕੇ ਉਸ ਨੂੰ ਮੁੜ ਬੇ-ਰੋਜ਼ਗਾਰ ਕਰ ਦਿੱਤਾ ਹੈ। ਇਸ ਮੌਕੇ ਮਾਰਕੀਟ ਦੇ ਸਮੂਹ ਦੁਕਾਨਦਾਰਾਂ ਵੱਲੋਂ ਥਾਣਾ ਔੜ ਦੀ ਪੁਲਸ ਨੁੰ ਸੂਚਿਤ ਕੀਤਾ ਗਿਆ ਜਿੱਥੋਂ ਆਏ ਮੁਲਾਜ਼ਮਾਂ ਨੇ ਮੌਕਾ ਦੇਖ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਇਸ ਮੌਕੇ ਸੁੱਖੀ ਪ੍ਰਧਾਨ,ਜਸਵੀਰ ਸਿੰਘ ਭੱਟੀ, ਬਲਵਿੰਦਰ ਸਿੰਘ, ਡਾ. ਸ਼ਾਮ ਲਾਲ ਭਾਟੀਆ, ਲੰਬੜਦਾਰ ਨਾਨਕ ਸਿੰਘ, ਹਰਬੰਸ ਸਿੰਘ, ਅਸ਼ਵਨੀ ਕੁਮਾਰ ਆਦਿ ਵੱਲੋਂ ਪ੍ਰਸ਼ਾਸਨ ਨੁੰ ਅਪੀਲ ਕੀਤੀ ਕਿ ਚੋਰਾਂ ਨੂੰ ਜਲਦੀ ਕਾਬੂ ਕੀਤਾ ਜਾਵੇ ਤਾਂ ਜੋ ਸਾਰੇ ਦੁਕਾਨਦਾਰ ਸੁੱਖ ਦਾ ਸਾਹ ਲੈ ਸਕਣ। ਇਸ ਮੌਕੇ ਥਾਣਾ ਔੜ ਦੇ ਐੱਸ. ਐੱਚ. ਓ. ਅਸ਼ੋਕ ਕੁਮਾਰ ਨਾਲ ਗੱਲਬਾਤ ਹੋਈ, ਜਿਨਾਂ ਨੇ ਦੱਸਿਆ ਕਿ ਹਰ ਐਂਗਲ ਤੋਂ ਚੋਰਾਂ ਦੀ ਭਾਲ ਜਾਰੀ ਹੈ ਅਤੇ ਜਲਦੀ ਹੀ ਇਸ ਦੇ ਨਤੀਜੇ ਵੀ ਸਾਹਮਣੇ ਹੋਣਗੇ, ਕਿਉਂਕਿ ਇਲਾਕੇ ਦਾ ਮਾਹੌਲ ਖ਼ਰਾਬ ਕਰਨ ਦੀ ਕਿਸੇ ਨੂੰ ਵੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ: ਪਾਕਿ 'ਚ ਗ੍ਰਿਫ਼ਤਾਰ ਸ਼ਾਹਕੋਟ ਨੇ ਨੌਜਵਾਨ ਬਾਰੇ ਵੱਡੀ ਅਪਡੇਟ! ਭਾਰਤ ਆਉਣ ਤੋਂ ਕੀਤਾ ਇਨਕਾਰ, ਦੱਸਿਆ ਜਾਨ ਨੂੰ ਖ਼ਤਰਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
