ਠੇਕੇਦਾਰਾਂ ਨੇ ਸੜਕਾਂ ਦੇ ਜਿਹੜੇ ਟੈਂਡਰ ਲੈੱਸ ’ਤੇ ਲਏ, ਉਨ੍ਹਾਂ ਕੰਮਾਂ ਦਾ ਉਦਘਾਟਨ CM ਮਾਨ ਤੋਂ ਕਰਵਾਏਗਾ ਨਿਗਮ

06/19/2023 11:58:39 AM

ਜਲੰਧਰ (ਖੁਰਾਣਾ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸੋਮਵਾਰ ਸ਼ਾਮ ਨੂੰ ਮਕਸੂਦਾਂ ਇਲਾਕੇ ਵਿਚ 28 ਕਰੋੜ ਦੀ ਲਾਗਤ ਨਾਲ ਬਣਨ ਵਾਲੀਆਂ ਨਵੀਆਂ ਸੜਕਾਂ ਦੇ ਕੰਮ ਦਾ ਉਦਘਾਟਨ ਕਰਨਗੇ ਪਰ ਪਤਾ ਲੱਗਾ ਹੈ ਕਿ ਨਗਰ ਨਿਗਮ ਦੇ ਠੇਕੇਦਾਰਾਂ ਨੇ ਸੜਕਾਂ ਦੇ ਨਿਰਮਾਣ ਦੇ ਜਿਹੜੇ ਟੈਂਡਰ 40-40 ਫ਼ੀਸਦੀ ਲੈੱਸ ’ਤੇ ਲਏ ਹੋਏ ਹਨ, ਉਨ੍ਹਾਂ ਕੰਮਾਂ ਦਾ ਉਦਘਾਟਨ ਨਗਰ ਨਿਗਮ ਮੁੱਖ ਮੰਤਰੀ ਤੋਂ ਕਰਵਾਉਣ ਜਾ ਰਿਹਾ ਹੈ। ਹਾਲਾਂਕਿ ਪਹਿਲਾਂ ਫ਼ੈਸਲਾ ਲਿਆ ਗਿਆ ਸੀ ਕਿ ਨਿਗਮ ਇਨ੍ਹਾਂ ਟੈਂਡਰਾਂ ਨੂੰ ਰੀ-ਕਾਲ ਕਰੇਗਾ। ਜ਼ਿਕਰਯੋਗ ਹੈ ਕਿ ਕਰੋੜਾਂ ਰੁਪਏ ਦੀ ਲਾਗਤ ਨਾਲ ਬਣਨ ਵਾਲੀਆਂ ਸ਼ਹਿਰ ਦੀਆਂ ਡੇਢ ਦਰਜਨ ਦੇ ਲਗਭਗ ਸੜਕਾਂ ਅਜਿਹੀਆਂ ਹਨ, ਜਿਨ੍ਹਾਂ ਦੇ ਟੈਂਡਰਾਂ ਵਿਚ ਠੇਕੇਦਾਰਾਂ ਨੇ 40 ਫੀਸਦੀ ਦੇ ਲਗਭਗ ਦੀ ਡਿਸਕਾਊਂਟ ਆਫਰ ਕੀਤਾ ਹੈ। ਇਸੇ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਨਗਰ ਨਿਗਮ ਇਕ ਕਰੋੜ ਰੁਪਏ ਵਿਚ ਜਿਹੜੀ ਸੜਕ ਬਣਵਾਉਣੀ ਚਾਹੁੰਦਾ ਹੈ, ਠੇਕੇਦਾਰ ਉਸੇ ਸੜਕ ਨੂੰ ਸਿਰਫ਼ 60 ਲੱਖ ਰੁਪਏ ਵਿਚ ਬਣਾਉਣ ਨੂੰ ਤਿਆਰ ਹੈ। ਇਸ ਤੋਂ ਬਾਅਦ ਵੀ ਠੇਕੇਦਾਰ ਨੂੰ ਉਸ ਦਾ ਪ੍ਰੋਫਿਟ ਮਿਲਣਾ ਤੈਅ ਹੈ।

ਇਸ ਨਾਲ ਸ਼ਹਿਰ ਵਿਚ ਚਰਚਾ ਸ਼ੁਰੂ ਹੋ ਗਈ ਹੈ ਕਿ ਕੀ ਨਗਰ ਨਿਗਮ ਦੇ ਅਧਿਕਾਰੀ ਦਫ਼ਤਰਾਂ ਵਿਚ ਬੈਠ ਕੇ ਹੀ ਸੜਕਾਂ ਦੇ ਐਸਟੀਮੇਟ ਬਣਾ ਦਿੰਦੇ ਹਨ ਜਾਂ ਦੂਜਾ ਕਾਰਨ ਇਹ ਹੋ ਸਕਦਾ ਹੈ ਕਿ ਮੌਕੇ ’ਤੇ ਉਸ ਮਾਪਦੰਡ ਦੇ ਹਿਸਾਬ ਨਾਲ ਕੰਮ ਨਹੀਂ ਹੁੰਦਾ, ਜੋ ਮਾਪਦੰਡ ਟੈਂਡਰਾਂ ਵਿਚ ਦਰਸਾਏ ਹੁੰਦੇ ਹਨ। ਜੇਕਰ ਨਿਗਮ ਅਧਿਕਾਰੀਆਂ ਨੇ ਐਸਟੀਮੇਟ ਸਹੀ ਢੰਗ ਨਾਲ ਤਿਆਰ ਕੀਤੇ ਹਨ ਤਾਂ ਠੇਕੇਦਾਰ ਦੀ ਕੀ ਮਜਾਲ ਹੈ ਕਿ ਉਹ 40 ਫ਼ੀਸਦੀ ਡਿਸਕਾਊਂਟ ਆਫਰ ਕਰਕੇ ਟੈਂਡਰ ਲੈ ਜਾਵੇ। ਪਤਾ ਲੱਗਾ ਹੈ ਕਿ ਬੀ. ਐਂਡ ਆਰ. ਵਿਭਾਗ ਵਿਚ ਚੱਲ ਰਹੇ ਇਸ ਸਕੈਂਡਲ ਦੀ ਚਰਚਾ ਚੰਡੀਗੜ੍ਹ ਵਿਚ ਬੈਠੇ ਲੋਕਲ ਬਾਡੀਜ਼ ਦੇ ਅਧਿਕਾਰੀਆਂ ਵਿਚ ਵੀ ਹੋਈ ਸੀ, ਜਿਸ ਤੋਂ ਬਾਅਦ ਨਿਗਮ ਨੂੰ ਹੁਕਮ ਆਏ ਕਿ ਅਜਿਹੀਆਂ ਸੜਕਾਂ ਦੇ ਟੈਂਡਰ ਦੋਬਾਰਾ ਮੰਗੇ ਜਾਣ। ਹੁਣ ਸਵਾਲ ਇਹ ਹੈ ਕਿ ਜੇਕਰ ਨਗਰ ਨਿਗਮ ਦੇ ਅਧਿਕਾਰੀ 40 ਫ਼ੀਸਦੀ ਲੈੱਸ ਦੇ ਕੇ ਬਣਨ ਵਾਲੀਆਂ ਸੜਕਾਂ ਦੇ ਉਦਘਾਟਨ ਸੀ. ਐੱਮ. ਤੋਂ ਕਰਵਾਉਂਦੇ ਹਨ ਤਾਂ ਉਨ੍ਹਾਂ ਕੰਮਾਂ ਦੀ ਕੁਆਲਿਟੀ ਕਿਵੇਂ ਬਰਕਰਾਰ ਰਹੇਗੀ।

ਇਹ ਵੀ ਪੜ੍ਹੋ: ਪੰਜਾਬ ਦੇ ਮੌਸਮ ਨੂੰ ਲੈ ਕੇ ਆਈ ਨਵੀਂ ਅਪਡੇਟ, ਜਾਣੋ ਆਉਣ ਵਾਲੇ ਦਿਨਾਂ 'ਚ ਕਿਹੋ-ਜਿਹਾ ਰਹੇਗਾ ਮੌਸਮ

PunjabKesari

ਬਿਧੀਪੁਰ ਤੋਂ ਮਕਸੂਦਾਂ ਤੱਕ ਸੜਕ ਦਾ ਕੰਮ 23 ਫ਼ੀਸਦੀ ਤੋਂ ਵੱਧ ਲੈੱਸ ’ਤੇ ਲਿਆ
ਮੁੱਖ ਮੰਤਰੀ ਭਗਵੰਤ ਮਾਨ ਸੋਮਵਾਰ ਨੂੰ ਬਿਧੀਪੁਰ ਤੋਂ ਮਕਸੂਦਾਂ ਚੌਕ ਤੱਕ ਬਣਨ ਵਾਲੀ ਸੜਕ ਦਾ ਵੀ ਉਦਘਾਟਨ ਕਰਨ ਜਾ ਰਹੇ ਹਨ, ਜੋ 2.22 ਕਰੋੜ ਰੁਪਏ ਦੀ ਲਾਗਤ ਨਾਲ ਬਣਨੀ ਹੈ ਅਤੇ ਇਸ ਸੜਕ ’ਤੇ ਲੁੱਕ-ਬੱਜਰੀ ਦੀ ਇਕ ਪਰਤ ਹੀ ਪਾਈ ਜਾਣੀ ਹੈ। ਪਤਾ ਲੱਗਾ ਹੈ ਕਿ ਇਸ ਸੜਕ ਦੇ ਨਿਰਮਾਣ ਦਾ ਕੰਮ ਹੁਸ਼ਿਆਰਪੁਰ ਦੇ ਇਕ ਠੇਕੇਦਾਰ ਨੇ ਲਿਆ ਹੈ, ਜਿਸ ਨੇ 23 ਫ਼ੀਸਦੀ ਤੋਂ ਵੀ ਜ਼ਿਆਦਾ ਲੈੱਸ ਆਫਰ ਕਰਕੇ ਇਹ ਟੈਂਡਰ ਪ੍ਰਾਪਤ ਕੀਤਾ ਹੈ। ਨਗਰ ਨਿਗਮ ਦੇ ਬਾਕੀ ਠੇਕੇਦਾਰ ਇਸ ਗੱਲ ਨੂੰ ਲੈ ਕੇ ਹੈਰਾਨ ਹਨ ਕਿ ਲੁੱਕ-ਬੱਜਰੀ ਦੇ ਟੈਂਡਰਾਂ ਵਿਚ ਵੀ ਜੇਕਰ 23 ਫ਼ੀਸਦੀ ਜਾਂ ਉਸ ਤੋਂ ਜ਼ਿਆਦਾ ਲੈੱਸ ਆਉਂਦਾ ਹੈ ਤਾਂ ਕੁਆਲਿਟੀ ਕਿਵੇਂ ਬਰਕਰਾਰ ਰਹੇਗੀ। ਕਿਉਂਕਿ ਇਸ ਸੜਕ ਦਾ ਉਦਘਾਟਨ ਵੀ ਮੁੱਖ ਮੰਤਰੀ ਵੱਲੋਂ ਹੀ ਕੀਤਾ ਜਾਣਾ ਹੈ, ਇਸ ਲਈ ਆਉਣ ਵਾਲੇ ਸਮੇਂ ਵਿਚ ਲੋਕਾਂ ਦੀਆਂ ਨਜ਼ਰਾਂ ਇਸ ਸੜਕ ਦੀ ਕੁਆਲਿਟੀ ’ਤੇ ਬਣੀਆਂ ਰਹਿਣਗੀਆਂ।

ਇਹ ਵੀ ਪੜ੍ਹੋ: ਪੰਜਾਬ ਕੈਬਨਿਟ ਦੀ ਮੀਟਿੰਗ ਅੱਜ, ਕਈ ਅਹਿਮ ਮੁੱਦਿਆਂ 'ਤੇ ਹੋਵੇਗੀ ਚਰਚਾ

ਕਾਂਗਰਸ ਵੇਲੇ ਹੀ ਹੋ ਗਿਆ ਸੀ ਸਿਸਟਮ ਦਾ ਬੇੜਾ ਗਰਕ
ਦਰਅਸਲ ਨਗਰ ਨਿਗਮ ਦੇ ਸਿਸਟਮ ਦਾ ਬੇੜਾ ਗਰਕ ਪਿਛਲੀ ਕਾਂਗਰਸ ਸਰਕਾਰ ਵੇਲੇ ਹੀ ਹੋ ਗਿਆ ਸੀ। ਉਸ ਸਮੇਂ ਨਿਗਮ ਅਧਿਕਾਰੀਆਂ ਅਤੇ ਠੇਕੇਦਾਰਾਂ ਵਿਚਕਾਰ ਜੋ ਨੈੱਕਸਸ ਬਣਿਆ ਹੋਇਆ ਸੀ, ਉਸ ਵਿਚ ਸਿਆਸਤਦਾਨਾਂ ਦੀ ਵੀ ਐਂਟਰੀ ਹੋ ਗਈ ਸੀ। ਇਨ੍ਹਾਂ ਤਿੰਨਾਂ ਨੇ ਮਿਲ ਕੇ ਨਿਗਮ ਦੇ ਖਜ਼ਾਨੇ ਨੂੰ ਖ਼ੂਬ ਲੁੱਟਿਆ। ਉਦੋਂ ਅਫ਼ਸਰਾਂ ਨੇ ਕਮੀਸ਼ਨ ਲੈ ਕੇ ਠੇਕੇਦਾਰਾਂ ਨੂੰ ਟੈਂਡਰ ਦਿੱਤੇ, ਠੇਕੇਦਾਰਾਂ ਨੇ ਆਪਣੀ ਮਨਮਰਜ਼ੀ ਨਾਲ ਘਟੀਆ ਕੰਮ ਕਰ ਕੇ ਕਰੋੜਾਂ-ਅਰਬਾਂ ਕਮਾਏ ਅਤੇ ਇਸ ਸਾਰੀ ਖੇਡ ਵਿਚ ਸਿਆਸਤਦਾਨਾਂ ਨੂੰ ਵੀ ਉਨ੍ਹਾਂ ਦਾ ਹਿੱਸਾ ਮਿਲਿਆ। ਕਮੀਸ਼ਨ ਲੈਣ ਵਾਲੇ ਅਧਿਕਾਰੀਆਂ ਨੇ ਠੇਕੇਦਾਰਾਂ ਦੇ ਕਿਸੇ ਵੀ ਕੰਮ ਦੀ ਜਾਂਚ ਨਹੀਂ ਕੀਤੀ। ਕਾਂਗਰਸ ਸਰਕਾਰ ਦੌਰਾਨ ਨਾ ਤਾਂ ਕਿਸੇ ਠੇਕੇਦਾਰ ਨੂੰ ਬਲੈਕ ਲਿਸਟ ਕੀਤਾ ਗਿਆ ਅਤੇ ਨਾ ਹੀ ਕਿਸੇ ਕੰਮ ਦੇ ਸੈਂਪਲ ਭਰੇ ਗਏ। ਇਕ ਸਰਕਾਰ ਦੇ ਕਾਰਜਕਾਲ ਵਿਚ ਹੀ 2-2 ਵਾਰ ਸੜਕਾਂ ਬਣਾਈਆਂ ਗਈਆਂ ਪਰ ਕਿਤੇ ਵੀ ਕੋਈ ਕਾਰਵਾਈ ਨਹੀਂ ਹੋਈ। ਚੰਡੀਗੜ੍ਹ ਬੈਠੇ ਅਧਿਕਾਰੀ ਵੀ ਸ਼ਿਕਾਇਤਾਂ ਨੂੰ ਦਬਾਉਂਦੇ ਰਹੇ ਅਤੇ ਲੋਕਲ ਬਾਡੀਜ਼ ਮੰਤਰੀਆਂ ਤੇ ਵਿਧਾਇਕਾਂ ਨੇ ਵੀ ਇਸ ਮਾਮਲੇ ਵਿਚ ਚੁੱਪ ਧਾਰਨ ਕਰੀ ਰੱਖੀ। ਹੁਣ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੂੰ ਚਾਹੀਦਾ ਹੈ ਕਿ ਨਿਗਮ ਦੇ ਵਿਗੜ ਚੁੱਕੇ ਸਿਸਟਮ ਨੂੰ ਪਟੜੀ ’ਤੇ ਲਿਆਵੇ, ਨਹੀਂ ਤਾਂ ਸਰਕਾਰੀ ਪੈਸਿਆਂ ਦੀ ਦੁਰਵਰਤੋਂ ਇਸੇ ਤਰ੍ਹਾਂ ਹੁੰਦੀ ਰਹੇਗੀ।

ਇਹ ਵੀ ਪੜ੍ਹੋ:600 ਕਰੋੜ ਨਾਲ ਬੁੱਢੇ ਨਾਲੇ ਦਾ ਪਾਣੀ ਹੋਵੇਗਾ ਸਾਫ਼, ਰਾਜਸਥਾਨ ਨੂੰ ਵੀ ਮਿਲੇਗਾ ਸਾਫ਼ ਸੁਥਰਾ ਪਾਣੀ: ਭਗਵੰਤ ਮਾਨ 

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani


shivani attri

Content Editor

Related News