ਲੱਖਾਂ ਰੁਪਏ ਦੀ ਆਮਦਨ ਦੇ ਬਾਵਜੂਦ ਵੀ ਟਾਂਡਾ ਸਬਜ਼ੀ ਮੰਡੀ ਦੀ ਹਾਲਤ ਬਣੀ ਨਰਕ ਵਰਗੀ

06/20/2018 11:25:11 AM

ਟਾਂਡਾ (ਜਸਵਿੰਦਰ)— ਮਾਰਕੀਟ ਕਮੇਟੀ ਟਾਂਡਾ ਵੱਲੋਂ ਫੀਸਾਂ ਦੇ ਨਾਂ 'ਤੇ ਵਸੂਲੇ ਜਾਂਦੇ ਲੱਖਾਂ ਰੁਪਏ ਦੇ ਬਾਵਜੂਦ ਵੀ ਸਬਜ਼ੀ ਮੰਡੀ ਟਾਂਡਾ ਪਿਛਲੇ ਲੰਬੇ ਸਮੇਂ ਤੋਂ ਨਰਕ ਦਾ ਰੂਪ ਧਾਰੀ ਵਿਕਾਸ ਪੱਖੋਂ ਆਪਣੇ ਹਾਲ 'ਤੇ ਰੋ ਰਹੀ ਹੈ। ਜਦਕਿ ਇਸ ਸਬੰਧੀ ਸਬਜ਼ੀ ਮੰਡੀ 'ਚ ਪੱਕਾ ਸਾਈਕਲ ਸਟੈਂਡ ਜਾਂ ਕੰਟੀਨ ਆਦਿ ਦਾ ਕੋਈ ਵਜੂਦ ਨਾ ਹੋਣ 'ਤੇ ਵੀ ਸਰਕਾਰੀ ਠੇਕਿਆਂ ਦੀ ਬੋਲੀ ਦੇ ਨਾਂ 'ਤੇ ਹੋ ਰਹੀ ਸਰਕਾਰੀ ਲੁੱਟ ਬਾਦਸਤੂਰ ਜਾਰੀ ਹੈ। ਸਬਜ਼ੀ ਮੰਡੀ ਦੀ ਦੁਰਦਸ਼ਾ ਅਤੇ ਇਥੇ ਹੋ ਰਹੀ ਅੰਨ੍ਹੇਵਾਹ ਸਰਕਾਰੀ ਲੁੱਟ ਦੀ ਕਹਾਣੀ ਦਾ ਸੱਚ ਜਾਨਣ ਲਈ ਜਦੋਂ ਪੱਤਰਕਾਰਾਂ ਦੀ ਟੀਮ ਵੱਲੋਂ ਦੌਰਾ ਕੀਤਾ ਗਿਆ ਤਾਂ ਹੈਰਾਨ ਕਰਨ ਵਾਲੇ ਤੱਥ ਸਾਹਮਣੇ ਆਏ। 
ਸਭ ਤੋਂ ਪਹਿਲਾਂ ਮਾਰਕੀਟ ਕਮੇਟੀ ਟਾਂਡਾ ਅਧੀਨ ਸਬਜ਼ੀ ਮੰਡੀ ਵਿਚ ਬੈਠੇ 2 ਦਰਜਨ ਤੋਂ ਵੱਧ ਲਾਇਸੈਂਸੀ ਆੜ੍ਹਤੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਖੁਲਾਸਾ ਕੀਤਾ ਕਿ ਇਸ ਸਬਜ਼ੀ ਮੰਡੀ ਤੋਂ ਰੋਜ਼ਾਨਾ ਕਰੀਬ 5 ਲੱਖ ਤੋਂ ਵੱਧ ਫਲ ਅਤੇ ਸਬਜ਼ੀਆਂ ਆਦਿ ਦੀ ਖਰੀਦ-ਵੇਚ ਹੁੰਦੀ ਹੈ, ਜਿਸ 'ਤੇ ਮਾਰਕੀਟ ਕਮੇਟੀ ਸਾਡੇ ਕੋਲੋਂ ਮਾਰਕੀਟ ਫੀਸ ਤੇ ਰੂਰਲ ਡਿਵੈੱਲਪਮੈਂਟ ਫੰਡ ਦੇ ਨਾਂ 'ਤੇ ਕੁੱਲ 4 ਫੀਸਦੀ ਹਾਸਲ ਕਰਦੀ ਹੈ ਜੋ ਹਰ ਰੋਜ਼ਾ 20 ਤੋਂ 25 ਹਜ਼ਾਰ ਰੁਪਏ ਬਣਦੀ ਹੈ। ਐਨੀ ਫੀਸ ਦੀ ਰੋਜ਼ਾਨਾ ਉਗਰਾਹੀ ਦੇ ਬਾਵਜੂਦ ਵੀ ਜਦੋਂ ਮੰਡੀ ਦੀ ਸ਼ੈੱਡ ਆਦਿ ਦਾ ਦੌਰਾ ਕੀਤਾ ਗਿਆ ਤਾਂ ਹਰ ਜ਼ੁਬਾਨ ਨੇ ਇਕਸੁਰ ਹੋ ਕੇ ਦੱਸਿਆ ਕਿ ਕਰੀਬ 25-30 ਸਾਲ ਤੋਂ ਜਦੋਂ ਤੋਂ ਇਹ ਮੰਡੀ ਬਣੀ ਹੈ, ਅੱਜ ਤੱਕ ਇਸ ਦੀ ਨਵੀਂ ਸ਼ੈੱਡ ਨਹੀਂ ਬਣਾਈ ਗਈ ਅਤੇ ਨਾ ਹੀ ਇਸ ਨੂੰ ਵਧਾਇਆ ਗਿਆ ਹੈ। ਮੰਡੀ ਅੰਦਰਲੀਆਂ ਸੜਕਾਂ 'ਤੇ ਪਈ ਗੰਦਗੀ ਤੇ ਖੜ੍ਹਾ ਬਦਬੂ ਮਾਰਦਾ ਪਾਣੀ ਮੰਡੀ ਦੀ ਹਾਲਤ 'ਤੇ ਹੰਝੂ ਵਹਾ ਰਿਹਾ ਹੈ। ਹਰ ਰੋਜ਼ ਸਬਜ਼ੀ ਆਦਿ ਦੇ ਭਰੇ ਟਰੱਕ ਤੇ ਜ਼ਿਮੀਂਦਾਰਾਂ ਦੀਆਂ ਟਰਾਲੀਆਂ ਇਸ 'ਚ ਫਸ ਜਾਂਦੀਆਂ ਹਨ। ਇਸ ਤੋਂ ਇਲਾਵਾ ਲਾਈਟਾਂ, ਪੀਣ ਵਾਲੇ ਪਾਣੀ, ਸੀਵਰੇਜ਼ ਅਤੇ ਹੋਰ ਮੁਢਲੀਆਂ ਸਹੂਲਤਾਂ ਤੋਂ ਵੀ ਇਹ ਸੱਖਣਾ ਹੈ। ਬਰਸਾਤ ਦੇ ਦਿਨਾਂ ਵਿਚ ਇਸ ਸਬਜ਼ੀ ਮੰਡੀ ਦੇ ਹਾਲਤ ਬਦ ਤੋਂ ਬਦਤਰ ਬਣ ਜਾਂਦੇ ਹਨ। ਸਾਈਕਲ ਸਟੈਂਡ ਦੇ ਨਾਂ 'ਤੇ ਕੋਈ ਸਥਾਈ ਸ਼ੈੱਡ ਤੇ ਕੰਟੀਨ ਦਾ ਵੀ ਕੋਈ ਵਜੂਦ ਨਹੀਂ ਹੈ, ਜਦਕਿ ਮਾਰਕੀਟ ਕਮੇਟੀ ਹਰ ਸਾਲ ਬੋਲੀਕਾਰਾਂ ਕੋਲੋਂ ਸਾਈਕਲ ਸਟੈਂਡ ਤੇ ਕੰਟੀਨ ਦੇ ਨਾਂ 'ਤੇ ਲੱਖਾਂ ਰੁਪਏ ਦਾ ਮਾਲੀਆ ਠੇਕੇ ਤੋਂ ਪ੍ਰਾਪਤ ਕਰਦੀ ਹੈ। ਠੇਕੇਦਾਰਾਂ ਵੱਲੋਂ ਖੁੱਲ੍ਹੇ ਅਸਮਾਨ 'ਚ ਹੀ ਸਾਈਕ, ਸਕੂਟਰ ਤੇ  ਹੋਰ ਵਾਹਨ ਖੜ੍ਹੇ ਕਰਵਾ ਕੇ ਲੱਖਾਂ ਰੁਪਏ ਦੀ ਵਸੂਲੀ ਇੱਕਠੀ ਕਰ ਰਹੇ ਹਨ। 

PunjabKesari
ਕੀ ਕਹਿਣਾ ਡਿਪਟੀ ਕਮਿਸ਼ਨਰ ਦਾ
ਇਸ ਸਬੰਧੀ ਜਦੋਂ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਵਿਪੁਲ ਉਜਵਲ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਜੇਕਰ ਅਜਿਹੇ ਹਾਲਾਤ ਹਨ ਤਾਂ ਮਹਿਕਮਾ ਮਾਰਕੀਟ ਕਮੇਟੀ ਤੋਂ ਇਸ ਸਬੰਧੀ ਪੁੱਛਗਿੱਛ ਕੀਤੀ ਜਾਵੇਗੀ ਅਤੇ ਆਮ ਲੋਕਾਂ ਦੇ ਨਾਲ-ਨਾਲ ਮੰਡੀਕਰਨ ਲਈ ਆਏ ਕਿਸਾਨਾਂ ਨੂੰ ਹਰ ਤਰ੍ਹਾਂ ਦੀ ਸਹੂਲਤ ਮੁਹੱਈਆ ਕਰਵਾਈ ਜਾਵੇਗੀ। 
ਕੀ ਕਹਿੰਦੇ ਹਨ ਸੈਕਟਰੀ ਮਾਰਕੀਟ ਕਮੇਟੀ
ਇਸ ਸਬੰਧੀ ਮਾਰਕੀਟ ਕਮੇਟੀ ਟਾਂਡਾ ਦੇ ਸੈਕਟਰੀ ਸੁੱਚਾ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਮੰਡੀ ਅੰਦਰ ਪਈ ਗੰਦਗੀ ਅਤੇ ਮੰਡੀ ਦੀ ਮਾੜੀ ਦੁਰਦਸ਼ਾ ਨੂੰ ਮੰਨਦਿਆਂ ਲੱਖਾਂ ਰੁਪਏ ਦੀ ਵਸੂਲੀ ਨੂੰ ਉੱਚ ਅਧਿਕਾਰੀਆਂ 'ਤੇ ਟਾਲ ਦਿੱਤਾ ਅਤੇ ਪਾਰਕਿੰਗ ਦਾ ਕੰਮ ਜਲਦ ਹੋਣ ਦਾ ਭਰੋਸਾ ਦਿੱਤਾ।


Related News