ਸਕਾਰਪੀਓ ਗੱਡੀ 'ਚ ਘੁੰਮਦੇ ਸ਼ੱਕੀ ਵਿਅਕਤੀਆਂ ਨੂੰ ਰੋਕਣ ਗਈ ਪੁਲਸ ਤਾਂ ਟੱਕਰ ਮਾਰ ਹੋਏ ਫਰਾਰ

Saturday, Jun 10, 2023 - 11:34 PM (IST)

ਸੁਲਤਾਨਪੁਰ ਲੋਧੀ (ਸੋਢੀ) : ਪਵਿੱਤਰ ਧਰਤੀ ਸੁਲਤਾਨਪੁਰ ਲੋਧੀ ਦੇ ਸਿਵਲ ਹਸਪਤਾਲ ਸਾਹਮਣੇ ਸਥਾਨਕ ਪੁਲਸ ਦੀ ਸ਼ੱਕੀ ਵਿਅਕਤੀਆਂ ਨਾਲ ਹੋਈ ਝੜਪ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਮਾਮਲਾ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਪੁਲਸ ਕਰਮਚਾਰੀਆਂ ਨੂੰ ਚੁਣੌਤੀ ਦੇ ਕੇ ਭੱਜੇ ਗਲਤ ਅਨਸਰਾਂ ਦੀ ਪਛਾਣ ਕਰਨ ਲਈ ਸਬ-ਡਵੀਜ਼ਨ ਸੁਲਤਾਨਪੁਰ ਲੋਧੀ ਦੀ ਪੁਲਸ ਵੱਲੋਂ ਜਿੱਥੇ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ, ਉੱਥੇ ਉਨ੍ਹਾਂ ਦੀ ਭਾਲ ਲਈ ਵੱਖ-ਵੱਖ ਟੀਮਾਂ ਛਾਪੇਮਾਰੀ ਕਰ ਰਹੀਆਂ ਹਨ। ਘਟਨਾ ਦੀ ਤਫਤੀਸ਼ ਖੁਦ ਪ੍ਰੋਬੇਸ਼ਨਰ ਡੀਐੱਸਪੀ ਖੁਸ਼ਪ੍ਰੀਤ ਸਿੰਘ ਕਰ ਰਹੇ ਹਨ।

ਇਹ ਵੀ ਪੜ੍ਹੋ : ਸੋਸ਼ਲ ਮੀਡੀਆ 'ਚ 11 ਮੁੱਦੇ ਨਹੀਂ ਚਾਹੁੰਦੀ ਸਰਕਾਰ, ਜਲਦ ਪੇਸ਼ ਕੀਤਾ ਜਾਵੇਗਾ ਡਿਜੀਟਲ ਪਰਸਨਲ ਡਾਟਾ ਪ੍ਰੋਟੈਕਸ਼ਨ ਬਿੱਲ

ਜਾਣਕਾਰੀ ਅਨੁਸਾਰ ਅੱਜ ਦੁਪਹਿਰ ਸਮੇਂ ਕੁਝ ਸ਼ੱਕੀ ਵਿਅਕਤੀ ਜਿਨ੍ਹਾਂ 'ਤੇ ਨਸ਼ਾ ਤਸਕਰੀ ਦਾ ਸ਼ੱਕ ਹੈ, ਨੂੰ ਚਿੱਟੇ ਰੰਗ ਦੀ ਗੱਡੀ 'ਚ ਘੁੰਮਦੇ ਦੇਖ ਕੇ ਪੁਲਸ ਨੇ ਉਨ੍ਹਾਂ ਦਾ ਪਿੱਛਾ ਕਰਕੇ ਸਿਵਲ ਹਸਪਤਾਲ ਸਾਹਮਣੇ ਪੁਲਸ ਦੀ ਗੱਡੀ ਉਨ੍ਹਾਂ ਦੀ ਸਕਾਰਪੀਓ ਮੂਹਰੇ ਲਗਾ ਕੇ ਰੋਕਿਆ ਤੇ ਜਿਉਂ ਹੀ ਪੁੱਛਗਿੱਛ ਲਈ ਪੁਲਸ ਕਰਮਚਾਰੀ ਗੱਡੀ 'ਚੋਂ ਬਾਹਰ ਨਿਕਲੇ ਤਾਂ ਸਕਾਰਪੀਓ ਗੱਡੀ 'ਚ ਸਵਾਰ ਅਣਪਛਾਤੇ ਸ਼ੱਕੀ ਵਿਅਕਤੀਆਂ ਨੇ ਗੱਡੀ ਦਾ ਸ਼ੀਸ਼ਾ ਵੀ ਹੇਠਾਂ ਨਾ ਕੀਤਾ ਤੇ ਗੱਡੀ ਅੰਦਰੋਂ ਲਾਕ ਕਰ ਦਿੱਤੀ, ਜਿਸ 'ਤੇ ਪੁਲਸ ਨੇ ਸਖਤੀ ਨਾਲ ਸਕਾਰਪੀਓ ਦੀ ਬਾਰੀ ਖੁੱਲ੍ਹਵਾਉਣ ਦੀ ਕੋਸ਼ਿਸ਼ ਕੀਤੀ ਤਾਂ ਉਕਤ ਗੱਡੀ ਦੇ ਚਾਲਕ ਨੇ ਬੜੀ ਤੇਜ਼ੀ ਨਾਲ ਸਕਾਰਪੀਓ ਗੱਡੀ ਪੁਲਸ ਕਰਮਚਾਰੀਆਂ 'ਤੇ ਚੜ੍ਹਾਉਣ ਦੀ ਕੋਸ਼ਿਸ਼ ਕੀਤੀ ਤੇ ਜਬਰਨ ਗੱਡੀ ਭਜਾ ਕੇ ਫਰਾਰ ਹੋ ਗਏ।

ਇਹ ਵੀ ਪੜ੍ਹੋ : ਪੰਜਾਬ ਪੁਲਸ ਵੱਲੋਂ ਗੈਰ-ਕਾਨੂੰਨੀ ਲਾਟਰੀ ਆਪ੍ਰੇਟਰਾਂ, ਜੂਏਬਾਜ਼ਾਂ ਖ਼ਿਲਾਫ਼ ਸੂਬਾ ਪੱਧਰੀ ਕਾਰਵਾਈ, 40 FIR's ਦਰਜ

PunjabKesari

ਇਸ ਦੌਰਾਨ ਪੁਲਸ ਕਰਮਚਾਰੀ ਵਾਲ-ਵਾਲ ਬਚ ਗਏ ਪਰ 2 ਪੁਲਸ ਮੁਲਾਜ਼ਮਾਂ ਨੇ ਸ਼ੀਸ਼ੇ 'ਤੇ ਮਾਰ ਕੇ ਰੋਕਣ ਦੀ ਕੋਸ਼ਿਸ਼ ਵੀ ਕੀਤੀ, ਜਿਸ ਨਾਲ ਗੱਡੀ ਦਾ ਸ਼ੀਸ਼ਾ ਵੀ ਤਿੜਕ ਗਿਆ ਪਰ ਫਿਰ ਵੀ ਸ਼ੱਕੀ ਵਿਅਕਤੀ ਨਾ ਰੁਕੇ। ਜਿਸ ਸਮੇਂ ਸਕਾਰਪੀਓ ਗੱਡੀ 'ਚ ਸਵਾਰ ਦੋਹਾਂ ਸ਼ੱਕੀ ਮੁਲਜ਼ਮਾਂ ਨੇ ਪੁਲਸ ਨਾਲ ਮੁੱਠ-ਭੇੜ ਕੀਤੀ, ਉਸ ਸਮੇਂ ਸਿਵਲ ਹਸਪਤਾਲ ਦੇ ਮੂਹਰੇ ਹੀ ਗੱਡੀਆਂ ਨੇੜੇ ਪਾਣੀ ਦੀ ਛਬੀਲ ਹੋਣ ਕਾਰਨ ਲੋਕਾਂ ਦੀ ਭੀੜ ਲੱਗੀ ਹੋਈ ਸੀ।

ਇਹ ਵੀ ਪੜ੍ਹੋ : ਗੁਰਦੁਆਰਾ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਪਹੁੰਚੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਮੱਥਾ ਟੇਕ ਕੀਤੀ ਅਰਦਾਸ

ਫਰਾਰ ਹੋਏ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ, ਥਾਣਾ ਮੁਖੀ ਨੇ ਜਲਦੀ ਗ੍ਰਿਫ਼ਤਾਰ ਕਰਨ ਦਾ ਕੀਤਾ ਦਾਅਵਾ

ਮਾਮਲੇ ਸਬੰਧੀ ਥਾਣਾ ਸੁਲਤਾਨਪੁਰ ਲੋਧੀ ਦੇ ਮੁਖੀ ਤੇ ਪ੍ਰੋਬੇਸ਼ਨਰ ਡੀਐੱਸਪੀ ਖੁਸ਼ਪ੍ਰੀਤ ਸਿੰਘ ਨੇ ਗੱਲਬਾਤ ਦੌਰਾਨ ਦੱਸਿਆ ਕਿ ਪੁਲਸ ਤੇ ਗੱਡੀ ਚੜ੍ਹਾਉਣ ਦੀ ਕੋਸ਼ਿਸ਼ ਕਰਕੇ ਫਰਾਰ ਹੋਏ ਸਕਾਰਪੀਓ 'ਚ ਸਵਾਰ 2 ਸ਼ੱਕੀ ਮੁਲਜ਼ਮਾਂ 'ਤੇ ਧਾਰਾ 353,186, 279 ਆਈ.ਪੀ.ਸੀ. ਤੇ 177 ਮੋਟਰ ਵ੍ਹੀਕਲ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮਾਮਲੇ 'ਚ ਇਕ ਮੁਲਜ਼ਮ ਦੀ ਪਛਾਣ ਕਰ ਲਈ ਗਈ ਹੈ, ਜੋ ਨੇੜਲੇ ਪਿੰਡ ਦਾ ਹੈ ਤੇ ਦੂਜੇ ਅਣਪਛਾਤੇ ਬਾਰੇ ਵੀ ਜਾਂਚ ਚੱਲ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਬਹੁਤ ਜਲਦ ਹੀ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Mukesh

Content Editor

Related News