ਕਾਂਗਰਸੀ MP ਤੋਂ 300 ਕਰੋੜ ਰੁਪਏ ਮਿਲਣ ''ਤੇ ਸੁਨੀਲ ਜਾਖੜ ਦਾ ਵੱਡਾ ਬਿਆਨ, ਕਹੀ ਇਹ ਗੱਲ

12/10/2023 10:52:32 PM

ਜਲੰਧਰ (ਗੁਲਸ਼ਨ) : ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਜਲੰਧਰ ਦੇ ਸਰਕਟ ਹਾਊਸ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਝਾਰਖੰਡ ਤੋਂ ਕਾਂਗਰਸ ਦੇ ਰਾਜ ਸਭਾ ਸੰਸਦ ਮੈਂਬਰ ਸਾਹੂ ਤੋਂ 300 ਕਰੋੜ ਤੋਂ ਵੱਧ ਰੁਪਏ ਮਿਲਣਾ ਲੋਕਤੰਤਰ ਦੇ ਮੱਥੇ ’ਤੇ ਇਕ ਵੱਡਾ ਕਲੰਕ ਹੈ। ਉਨ੍ਹਾਂ ਕਿਹਾ ਕਿ ਅਜੇ ਤਾਂ ਇਕ ਹੀ ਸ਼ਖਸ ਕੋਲ ਇੰਨੇ ਨੋਟ ਮਿਲੇ ਹਨ, ਅਜਿਹੇ ਕਈ ਹੋਰ ਨੇਤਾਵਾਂ ਦੀਆਂ ਅਲਮਾਰੀਆਂ ਤੇ ਲਾਕਰ ਖੁੱਲ੍ਹਣੇ ਬਾਕੀ ਹੈ।

ਜਾਖੜ ਨੇ ਕਿਹਾ ਕਿ ਕੱਟੜ ਈਮਾਨਦਾਰ ਹੋਣ ਦਾ ਦਾਅਵਾ ਕਰਨ ਵਾਲੀ ‘ਆਪ’ ਸਣੇ ਹੋਰ ਸਿਆਸੀ ਪਾਰਟੀਆਂ ਦੇ ਨੇਤਾਵਾਂ ਨੇ ਵੀ ਇਸ ਮਾਮਲੇ ’ਚ ਚੁੱਪ ਸਾਧ ਲਈ ਹੈ। ਉਨ੍ਹਾਂ ਸਵਾਲ ਕੀਤਾ ਕਿ ਕੀ ਝਾਰਖੰਡ ’ਚ ਸ਼ਰਾਬ ਕਾਰੋਬਾਰੀ ਤੇ ਤੀਜੀ ਵਾਰ ਬਣੇ ਰਾਜ ਸਭਾ ਸੰਸਦ ਮੈਂਬਰ ਤੋਂ ਮਿਲੇ 300 ਕਰੋੜ ਰੁਪਏ ਦਾ ਕੁਨੈਕਸ਼ਨ ਪੰਜਾਬ ਨਾਲ ਵੀ ਹੈ। ਇਹ ਵੀ ਜਾਂਚ ਦਾ ਵਿਸ਼ਾ ਹੈ। ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਦਾਅਵਾ ਕਰਨ ਵਾਲੀ ‘ਆਪ’ ਨੇ ਐਕਸਾਈਜ਼ ਪਾਲਿਸੀ ਤੋਂ 40 ਹਜ਼ਾਰ ਕਰੋੜ ਰੁਪਏ ਦਾ ਰੈਵੀਨਿਊ ਇਕੱਠਾ ਕਰਨ ਦੀ ਗੱਲ ਕਹੀ ਸੀ।

ਇਹ ਵੀ ਪੜ੍ਹੋ : ਚੱਲਦੀ ਕਾਰ ਨੂੰ ਲੱਗ ਗਈ ਅੱਗ, ਦੇਖਦੇ ਹੀ ਦੇਖਦੇ ਬਣ ਗਈ ਅੱਗ ਦਾ ਗੋਲ਼ਾ, ਟ੍ਰੈਫਿਕ ਕਰਮਚਾਰੀ ਨੇ ਦਿਖਾਈ ਦਲੇਰੀ

ਉਨ੍ਹਾਂ ਕਿਹਾ ਕਿ ਸ਼ਰਾਬ ਕਾਰੋਬਾਰ ਸਬੰਧਾਂ ਕਾਰਨ ਡਿਪਟੀ ਸੀ. ਐੱਮ. ਪਹਿਲਾਂ ਹੀ ਜੇਲ੍ਹ ’ਚ ਹੈ। ਕੇਜਰੀਵਾਲ ਨੂੰ ਵੀ ਈ.ਡੀ. ਨੇ ਬੁਲਾਇਆ ਸੀ ਪਰ ਉਹ ਦੂਜੇ ਸੂਬਿਆਂ ’ਚ ਚੋਣਾਂ ’ਚ ਬਿਜ਼ੀ ਹੋਣ ਦੀ ਗੱਲ ਕਹਿ ਕੇ ਈ.ਡੀ. ਦੇ ਸਾਹਮਣੇ ਪੇਸ਼ ਨਹੀਂ ਹੋਏ। ਉਨ੍ਹਾਂ ਕਿਹਾ ਕਿ ਦਿੱਲੀ, ਪੰਜਾਬ ਤੋਂ ਬਾਅਦ ਹੁਣ ਝਾਰਖੰਡ ਨਾਲ ਵੀ ਕੁਨੈਕਸ਼ਨ ਹੋਣ ਦੀ ਸੰਭਾਵਨਾ ਹੈ। ‘ਆਪ’ ਵੱਲੋਂ ਕੇਂਦਰ ਸਰਕਾਰ ’ਤੇ ਈ.ਡੀ., ਸੀ.ਬੀ.ਆਈ. ਤੇ ਇਨਕਮ ਟੈਕਸ ਵਿਭਾਗ ਦੀ ਦੁਰਵਰਤੋਂ ਦਾ ਦੋਸ਼ ਲਾਇਆ ਜਾਂਦਾ ਰਿਹਾ ਹੈ। ਹੁਣ ਧਨ ਕੁਬੇਰ ਬਣੇ ਕਾਂਗਰਸ ਦੇ ਰਾਜ ਸਭਾ ਸੰਸਦ ਮੈਂਬਰ ਤੋਂ ਇੰਨੇ ਰੁਪਏ ਮਿਲੇ ਹਨ ਕਿ ਗਿਣਦੇ-ਗਿਣਦੇ ਮਸ਼ੀਨਾਂ ਵੀ ਖਰਾਬ ਹੋ ਗਈਆਂ ਹਨ। ਇਸ ’ਤੇ ‘ਆਪ’ ਆਪਣਾ ਸਟੈਂਡ ਸਪੱਸ਼ਟ ਕਰੇ।

ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਪੰਜਾਬ ਜਾਣਨਾ ਚਾਹੁੰਦਾ ਹੈ ਕਿ ਕੀ ‘ਆਪ’ ਹੁਣ ਕਾਂਗਰਸ ਨਾਲ ਗਠਜੋੜ ਕਰੇਗੀ? ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਹੁੰਦਾ ਹੈ ਤਾਂ ਭਾਜਪਾ ਇਸ ਭ੍ਰਿਸ਼ਟ ਗਠਜੋੜ ਦਾ ਚਿਹਰਾ ਬੇਨਕਾਬ ਕਰੇਗੀ। ਇਸ ਮੌਕੇ ਸਾਬਕਾ ਮੰਤਰੀ ਮਨੋਰੰਜਨ ਕਾਲੀਆ, ਸਾਬਕਾ ਵਿਧਾਇਕ ਅਵਿਨਾਸ਼ ਚੰਦਰ, ਜ਼ਿਲ੍ਹਾ ਪ੍ਰਧਾਨ ਸੁਸ਼ੀਲ ਸ਼ਰਮਾ, ਜਨਰਲ ਸਕੱਤਰ ਅਸ਼ੋਕ ਸਰੀਨ, ਰਾਜੇਸ਼ ਕਪੂਰ, ਸਕੱਤਰ ਅਜੇ ਚੌਪੜਾ, ਅਮਿਤ ਭਾਟੀਆ ਆਦਿ ਮੌਜੂਦ ਸਨ।


Mukesh

Content Editor

Related News