ਲੰਡਨ 'ਚ ਮਾਰੇ ਗਏ ਮਲਕੀਤ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਲਈ ਪਰਿਵਾਰ ਨੇ ਸਰਕਾਰ ਤੋਂ ਮੰਗੀ ਮਦਦ

Friday, Jan 24, 2020 - 11:28 AM (IST)

ਲੰਡਨ 'ਚ ਮਾਰੇ ਗਏ ਮਲਕੀਤ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਲਈ ਪਰਿਵਾਰ ਨੇ ਸਰਕਾਰ ਤੋਂ ਮੰਗੀ ਮਦਦ

ਸੁਲਤਾਨਪੁਰ ਲੋਧੀ (ਧੀਰ) : ਬੀਤੇ ਸ਼ਨੀਵਾਰ ਨੂੰ ਲੰਡਨ 'ਚ ਕਤਲ ਕੀਤੇ ਮਲਕੀਤ ਸਿੰਘ ਸਰਾਏ ਜੱਟਾਂ ਦੀ ਮ੍ਰਿਤਕ ਦੇਹ ਜਲਦੀ ਵਾਪਸ ਭਾਰਤ ਭੇਜਣ ਲਈ ਪਰਿਵਾਰ ਨੇ ਸਰਕਾਰ ਅਤੇ ਵਿਧਾਇਕ ਨਵਤੇਜ ਸਿੰਘ ਚੀਮਾ ਕੋਲੋਂ ਮਦਦ ਦੀ ਮੰਗ ਕੀਤੀ। ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕਰਨ ਗਏ ਵਿਧਾਇਕ ਚੀਮਾ ਨੂੰ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਲੰਡਨ 'ਚ ਗੱਲਬਾਤ ਕਰਨ 'ਤੇ ਇਹ ਪਤਾ ਲੱਗਾ ਹੈ ਕਿ ਪੁਲਸ ਆਪਣੀ ਕਾਰਵਾਈ ਪੂਰੀ ਕਰਨ 'ਚ ਲੱਗੀ ਹੈ ਤੇ ਜਦ ਤਕ ਇਸ ਕਤਲ ਕਾਂਡ ਬਾਰੇ ਸਾਰੇ ਸੁਰਾਗ ਤੇ ਲੋੜੀਂਦੇ ਮੁਲਜ਼ਮ ਨਹੀਂ ਮਿਲ ਜਾਂਦੇ, ਉਦੋਂ ਤੱਕ ਲੰਡਨ ਪੁਲਸ ਵਲੋਂ ਮ੍ਰਿਤਕ ਦੇਹ ਦੇਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ, ਜਿਸ ਕਾਰਨ ਇਥੇ ਸਾਰੇ ਪਰਿਵਾਰਕ ਮੈਂਬਰਾਂ 'ਚ ਕਾਫੀ ਬੇਚੈਨੀ ਪਾਈ ਜਾ ਰਹੀ ਹੈ। ਮ੍ਰਿਤਕ ਮਲਕੀਤ ਦੀ ਬਜ਼ੁਰਗ ਮਾਤਾ ਦਾ ਤਾਂ ਰੋ-ਰੋ ਬੁਰਾ ਹਾਲ ਹੈ। ਉਹ ਹਾਲੇ ਵੀ ਆਪਣੇ ਪੁੱਤ ਦਾ ਇੰਤਜ਼ਾਰ ਕਰ ਰਹੀ ਹੈ ਕਿ ਉਹ ਵਾਪਸ ਆਵੇਗਾ।

PunjabKesari

ਪਰਿਵਾਰਕ ਮੈਂਬਰਾਂ ਵਲੋਂ ਫਿਰ ਹੌਂਸਲਾ ਵਧਾਉਣ 'ਤੇ ਉਹ ਕੁਝ ਸਮੇਂ ਲਈ ਚੁੱਪ ਹੋ ਜਾਂਦੀ ਹੈ। ਵਿਧਾਇਕ ਚੀਮਾ ਨੇ ਬਜ਼ੁਰਗ ਮਾਤਾ ਤੇ ਹੋਰ ਪਰਿਵਾਰਕ ਮੈਂਬਰਾਂ ਨੂੰ ਭਰੋਸਾ ਦਿੰਦੇ ਕਿਹਾ ਕਿ ਉਹ ਜਲਦੀ ਹੀ ਇੰਗਲੈਂਡ ਦੇ ਐੱਮ. ਪੀ. ਜੋ ਕਿ ਭਾਰਤੀ ਮੂਲ ਦੇ ਹਨ ਉਨ੍ਹਾਂ ਨਾਲ ਵੀ ਗੱਲਬਾਤ ਕਰਨਗੇ ਤੇ ਇਸ ਤੋਂ ਇਲਾਵਾ ਉਹ ਆਪਣੇ ਹਲਕੇ ਦੇ ਐੱਮ. ਪੀ. ਜਸਬੀਰ ਡਿੰਪਾ ਪਾਸੋਂ ਵੀ ਇਕ ਪੱਤਰ ਲੰਡਨ ਐੱਮ. ਪੀ. ਤੇ ਭਾਰਤ ਸਰਕਾਰ ਨੂੰ ਲਿਖਣਗੇ ਤਾਂਕਿ ਜਦੋਂ ਵੀ ਪੁਲਸ ਦੀ ਤਫਤੀਸ਼ ਖਤਮ ਹੋਵੇ ਤੁਰੰਤ ਮ੍ਰਿਤਕ ਦੇਹ ਨੂੰ ਭਾਰਤ ਭੇਜਣ ਦੇ ਪ੍ਰਬੰਧ ਕੀਤੇ ਜਾਣ। ਉਨ੍ਹਾਂ ਲੰਡਨ 'ਚ ਰਹਿੰਦੇ ਭਾਰਤੀ ਮੂਲ ਦੇ ਜਸਪਾਲ ਸਿੰਘ ਜੋ ਕਿ ਇੰਗਲੈਂਡ 'ਚ ਇੰਡੀਅਨ ਓਵਰਸੀਜ਼ ਕਾਂਗਰਸ ਦੇ ਮੈਂਬਰ ਵੀ ਹਨ, ਉਨ੍ਹਾਂ ਨਾਲ ਵੀ ਫੋਨ 'ਤੇ ਗੱਲਬਾਤ ਕੀਤੀ ਤੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ। ਚੀਮਾ ਨੇ ਕਿਹਾ ਕਿ ਲੰਡਨ ਪੁਲਸ ਬਹੁਤ ਸਰਗਰਮੀ ਨਾਲ ਇਸ ਕੇਸ ਸਬੰਧੀ ਜਾਂਚ ਪੜਤਾਲ ਕਰ ਰਹੀ ਹੈ ਤੇ ਸਾਰੇ ਮੁਲਜ਼ਮ ਜਲਦੀ ਹੀ ਗ੍ਰਿਫਤਾਰ ਹੋ ਜਾਣਗੇ।

ਇਸ ਮੌਕੇ ਸੁਖਵਿੰਦਰ ਸਿੰਘ, ਬਲਕਾਰ ਸਿੰਘ, ਦੀਪਕ ਧੀਰ ਰਾਜੂ ਵਾਈਸ ਚੇਅਰਮੈਨ ਮਾਰਕੀਟ ਕਮੇਟੀ, ਸਤਿੰਦਰ ਸਿੰਘ ਚੀਮਾ, ਬਲਜਿੰਦਰ ਪੀ. ਏ. ਆਦਿ ਵੀ ਹਾਜ਼ਰ ਸਨ।


author

cherry

Content Editor

Related News