ਮੱਕੜ ਨੂੰ ਸਿਰ ਨਾ ਚੜ੍ਹਾਓ ਸੁਖਬੀਰ ਜੀ, ਨਹੀਂ ਤਾਂ ਪਛਤਾਉਣਾ ਪਵੇਗਾ

12/07/2018 3:26:14 PM

ਜਲੰਧਰ (ਬੁਲੰਦ)— ਬੀਤੇ ਦਿਨੀਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਭੋਗਪੁਰ 'ਚ ਕਿਸਾਨ ਰੈਲੀ ਦੇ ਬਾਅਦ ਅਕਾਲੀ ਦਲ ਦੇ ਕਈ ਆਗੂਆਂ ਨਾਲ ਬੈਠਕ ਕੀਤੀ ਗਈ। ਇਨ੍ਹਾਂ 'ਚ ਮੁੱਖ ਚਰਚਾ ਜੋ ਅਕਾਲੀ ਹਲਕਿਆਂ 'ਚ ਛਾਈ ਰਹੀ, ਉਹ ਪਾਰਟੀ ਦੇ ਸਾਬਕਾ ਜਲੰਧਰ ਸ਼ਹਿਰੀ ਪ੍ਰਧਾਨ ਗੁਰਚਰਨ ਸਿੰਘ ਚੰਨੀ ਦੇ ਨਾਲ ਹੋਈ ਸੁਖਬੀਰ ਦੀ ਬੈਠਕ ਸੀ। ਜਾਣਕਾਰਾਂ ਅਨੁਸਾਰ ਗੁਰਚਰਨ ਸਿੰਘ ਚੰਨੀ ਨੂੰ ਖੁਦ ਸੁਖਬੀਰ ਨੇ ਮਿਲਣ ਲਈ ਬੁਲਾਇਆ ਸੀ।

ਇਥੇ ਦੱਸਣਯੋਗ ਹੈ ਕਿ ਪੰਜਾਬ ਵਿਧਾਨ ਸਭਾ ਚੋਣ ਦੌਰਾਨ ਹੀ ਚੰਨੀ ਦਾ ਅਕਾਲੀ ਦਲ ਨਾਲ ਮਨ-ਮੁਟਾਵ ਹੋ ਗਿਆ ਸੀ। ਇਸ ਦਾ ਮੁੱਖ ਕਾਰਨ ਜਲੰਧਰ ਕੈਂਟ ਹਲਕੇ ਤੋਂ ਅਕਾਲੀ ਦਲ ਵੱਲੋਂ ਸਰਬਜੀਤ ਸਿੰਘ ਮੱਕੜ ਨੂੰ ਟਿਕਟ ਦਿੱਤੀ ਜਾਣੀ ਸੀ। ਮੱਕੜ ਅਤੇ ਚੰਨੀ ਦਾ ਕਿਸੇ ਜ਼ਮੀਨ ਦੇ ਸੌਦੇ ਨੂੰ ਲੈ ਕੇ ਮਨ-ਮੁਟਾਵ ਚੱਲ ਰਿਹਾ ਸੀ, ਜਿਸ ਕਾਰਨ ਚੰਨੀ ਨੇ ਮੱਕੜ ਨੂੰ ਕੈਂਟ ਹਲਕੇ ਤੋਂ ਟਿਕਟ ਦਿੱਤੇ ਜਾਣ ਦਾ ਵਿਰੋਧ ਕੀਤਾ ਸੀ ਪਰ ਪਾਰਟੀ ਨੇ ਚੰਨੀ ਨੂੰ ਵਿਸ਼ਵਾਸ 'ਚ ਲਏ ਬਿਨਾਂ ਮੱਕੜ ਨੂੰ ਕੈਂਟ ਤੋਂ ਟਿਕਟ ਦੇ ਦਿੱਤੀ ਸੀ। ਜਿਸ ਤੋਂ ਬਾਅਦ ਚੰਨੀ ਨੇ ਨਾ ਸਿਰਫ ਚੋਣ ਪ੍ਰਚਾਰ ਤੋਂ ਹੀ ਮੂੰਹ ਫੇਰ ਲਿਆ ਸਗੋਂ ਸੁਖਬੀਰ ਬਾਦਲ ਦੀਆਂ ਰੈਲੀਆਂ ਤੇ ਬੈਠਕਾਂ ਦਾ ਵੀ ਚੰਨੀ ਨੇ ਬਾਈਕਾਟ ਕਰ ਦਿੱਤਾ ਸੀ।

ਸੂਤਰਾਂ ਅਨੁਸਾਰ ਬੀਤੇ ਦਿਨੀਂ ਬੈਠਕ 'ਚ ਸੁਖਬੀਰ ਨੇ ਚੰਨੀ ਤੋਂ ਉਨ੍ਹਾਂ ਦੀ ਨਾਰਾਜ਼ਗੀ ਦਾ ਕਾਰਨ ਪੁੱਛਿਆ ਤਾਂ ਚੰਨੀ ਦੇ ਨਾਲ ਗਏ ਕੁਝ ਹੋਰ ਅਕਾਲੀ ਆਗੂਆਂ ਅਤੇ ਵਰਕਰਾਂ ਨੇ ਸੁਖਬੀਰ ਦੇ ਅੱਗੇ ਖੁੱਲ੍ਹ ਕੇ ਸਰਬਜੀਤ ਮੱਕੜ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਸੁਖਬੀਰ ਜੀ ਮੱਕੜ ਨੂੰ ਸਿਰ ਚੜ੍ਹਾ ਕੇ ਪਹਿਲਾਂ ਕਪੂਰਥਲਾ 'ਚ ਪਾਰਟੀ ਨੂੰ ਕਮਜ਼ੋਰ ਕੀਤਾ ਅਤੇ ਹੁਣ ਕੈਂਟ ਹਲਕੇ 'ਚ ਜਿੱਤੀਆਂ ਸੀਟਾਂ ਹਾਰਨੀਆਂ ਪਈਆਂ। ਜਾਣਕਾਰਾਂ ਦੀ ਮੰਨੀਏ ਤਾਂ ਅਕਾਲੀ ਆਗੂਆਂ ਨੇ ਸੁਖਬੀਰ ਨੂੰ ਕਿਹਾ ਕਿ ਜੇਕਰ ਤੁਸੀਂ ਮੱਕੜ ਨੂੰ ਇੰਝ ਹੀ ਸਿਰ ਚੜਾਈ ਰੱਖਿਆ ਤਾਂ ਪਛਤਾਉਣਾ ਪਵੇਗਾ। ਜਾਣਕਾਰਾਂ ਦੀ ਮੰਨੀਏ ਤਾਂ ਸੁਖਬੀਰ ਨੇ ਚੰਨੀ ਅਤੇ ਹੋਰ ਆਗੂਆਂ ਨੂੰ ਭਰੋਸਾ ਦਿਵਾਇਆ ਕਿ ਉਹ ਉਨ੍ਹਾਂ ਦੀਆਂ ਸ਼ਿਕਾਇਤਾਂ 'ਤੇ ਗੌਰ ਕਰਨਗੇ ਅਤੇ ਮੱਕੜ ਨਾਲ ਗੱਲ ਵੀ ਕਰਨਗੇ। ਉਨ੍ਹਾਂ ਨੇ ਚੰਨੀ ਨੂੰ ਦੋਬਾਰਾ ਅਕਾਲੀ ਦਲ 'ਚ ਐਕਟਿਵ ਹੋਣ ਨੂੰ ਕਿਹਾ ਅਤੇ ਆਉਣ ਵਾਲੀ ਚੋਣ 'ਚ ਹਿੱਸਾ ਲੈਣ ਨੂੰ ਵੀ ਕਿਹਾ।


shivani attri

Content Editor

Related News