ਸੁਖਬੀਰ ਬਾਦਲ ਵੱਲੋਂ ਦੀਵਾਲੀ ਮੌਕੇ ਸ਼ਹੀਦ ਕਿਸਾਨਾਂ ਦੀ ਯਾਦ 'ਚ ਦੀਵੇ ਜਗਾਉਣ ਦੀ ਅਪੀਲ
Tuesday, Nov 02, 2021 - 12:39 PM (IST)

ਜਲੰਧਰ (ਬਿਊਰੋ): ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਅੱਜ ਇਕ ਵੀਡੀਓ ਜਾਰੀ ਕਰਕੇ ਕਿਹਾ ਗਿਆ ਕਿ ਕੇਂਦਰ ਦੇ ਕਾਲੇ ਖੇਤੀ ਕਾਨੂੰਨਾਂ ਖ਼ਿਲਾਫ਼ 11 ਮਹੀਨਿਆਂ ਤੋਂ ਧਰਨੇ ਦੇ ਰਹੇ 700 ਦੇ ਕਰੀਬ ਕਿਸਾਨ ਸ਼ਹੀਦੀ ਪਾ ਚੁੱਕੇ ਹਨ ਪਰ ਅਜੇ ਤੱਕ ਕਿਸਾਨਾਂ ਨੂੰ ਇਨਸਾਫ਼ ਨਹੀਂ ਮਿਲਿਆ। ਉਨ੍ਹਾਂ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਜਿਹੜੇ ਕਿਸਾਨ ਸ਼ਹੀਦ ਹੋ ਚੁੱਕੇ ਹਨ ਉਨ੍ਹਾਂ ਦੀ ਯਾਦ ਵਿੱਚ ਦੀਵਾਲੀ ਮੌਕੇ ਆਪਣੇ ਘਰਾਂ ’ਚ ਇਕ ਦੀਵਾਂ ਜਾਂ ਮੋਮਬੱਤੀ ਜ਼ਰੂਰ ਜਗਾਓ ਤਾਂ ਕਿ ਜੋ ਬਹਾਦਰ ਕਿਸਾਨ ਸ਼ਹੀਦ ਹੋ ਗਏ ਹਨ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਸਕੀਏ। ਉਨ੍ਹਾਂ ਕਿਹਾ ਕਿ ਕਿਸਾਨ ਭਾਵੇਂ ਮੀਂਹ ਆਵੇ ਜਾਂ ਤੂਫ਼ਾਨ ਫਿਰ ਵੀ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਸੰਘਰਸ਼ ਕਰ ਰਹੇ ਹਨ।
ਇਸ ਤੋਂ ਇਲਾਵਾ ਕਾਂਗਰਸ ਹਾਈਕਮਾਨ ਵੱਲੋਂ ਜਗਦੀਸ਼ ਟਾਈਟਲਰ ਨੂੰ ਕਾਂਗਰਸ ਕਮੇਟੀ ਦਾ ਸਥਾਈ ਮੈਂਬਰ ਬਣਾਉਣ ’ਤੇ ਸੁਖਬੀਰ ਬਾਦਲ ਨੇ ਵੱਡੇ ਸਵਾਲ ਚੁੱਕੇ ਹਨ। ਸੁਖਬੀਰ ਬਾਦਲ ਨੇ ਇਸ ਮਾਮਲੇ 'ਚ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਨਵਜੋਤ ਸਿੱਧੂ ਨੂੰ ਆਪਣਾ ਪੱਖ ਸਪੱਸ਼ਟ ਕਰਨ ਲਈ ਕਿਹਾ ਹੈ ਕਿ ਉਹ ਦੱਸਣ ਕਿ ਉਹ ਕੌਮ ਨਾਲ ਖੜ੍ਹੇ ਹਨ ਜਾਂ ਗਾਂਧੀ ਪਰਿਵਾਰ ਨਾਲ। ਸੁਖਬੀਰ ਬਾਦਲ ਨੇ ਇਕ ਵੀਡੀਓ ਸੰਦੇਸ਼ ਜਾਰੀ ਕਰਕੇ ਸਿੱਧੂ-ਚੰਨੀ ਜੋੜੀ ਨੂੰ ਪੁੱਛਿਆ ਕਿ ਕੀ ਉਹ ਸਿੱਖਾਂ ਦੇ ਕਾਤਲ ਦੀ ਨਿਯੁਕਤੀ 'ਤੇ ਹਾਈਕਮਾਨ ਕੋਲ ਆਪਣਾ ਰੋਸ ਪ੍ਰਗਟਾਉਣਗੇ ਜਾਂ ਨਹੀਂ ਅਤੇ ਜੇਕਰ ਟਾਈਟਲਰ ਨੂੰ ਕਾਂਗਰਸ ਦੀ ਸਥਾਈ ਕਮੇਟੀ 'ਚੋਂ ਬਾਹਰ ਨਹੀਂ ਕੱਢਿਆ ਜਾਂਦਾ ਤਾਂ ਆਪਣਾ ਅਸਤੀਫ਼ਾ ਦੇਣਗੇ।