ਗੰਨੇ ਦਾ ਬਕਾਇਆ ਨਾ ਮਿਲਣ ''ਤੇ ਕਿਸਾਨ ਗੰਨੇ ਦੀ ਫਸਲ ਨਸ਼ਟ ਕਰਨ ਨੂੰ ਮਜਬੂਰ

Monday, Jul 15, 2019 - 02:52 PM (IST)

ਗੰਨੇ ਦਾ ਬਕਾਇਆ ਨਾ ਮਿਲਣ ''ਤੇ ਕਿਸਾਨ ਗੰਨੇ ਦੀ ਫਸਲ ਨਸ਼ਟ ਕਰਨ ਨੂੰ ਮਜਬੂਰ

ਭੋਗਪੁਰ (ਰਾਜੇਸ਼ ਸੂਰੀ)— ਪੰਜਾਬ ਸਰਕਾਰ ਵੱਲੋਂ ਗੰਨਾ ਕਾਸ਼ਤਕਾਰ ਕਿਸਾਨਾਂ ਨੂੰ ਉਨ੍ਹਾਂ ਵੱਲੋਂ ਗੰਨਾ ਮਿੱਲਾਂ ਨੂੰ ਸਪਲਾਈ ਕੀਤੇ ਗਏ ਗੰਨੇ ਦੀਆਂ ਬਕਾਇਆ ਰਕਮਾਂ ਨਾ ਦਿੱਤੇ ਜਾਣ ਤੋਂ ਪਰੇਸ਼ਾਨ ਕਿਸਾਨ ਫਸਲ ਨਸ਼ਟ ਕਰਨ ਨੂੰ ਮਜਬੂਰ ਹੋ ਗਏ ਹਨ। ਬਲਾਕ ਭੋਗਪੁਰ ਦੇ ਪਿੰਡ ਬਿਨਪਾਲਕੇ 'ਚ ਇਕ ਕਿਸਾਨ ਵੱਲੋਂ ਸ਼ੂਗਰ ਮਿੱਲ ਭੋਗਪੁਰ ਨੂੰ ਪਿਛਲੇ ਸਾਲ ਵੇਚੀ ਗਈ ਗੰਨੇ ਦੀ ਫਸਲ ਦਾ ਮਿੱਲ ਵੱਲ ਬਕਾਇਆ ਛੇ ਲੱਖ ਰੁਪਏ ਨਾ ਮਿਲਣ ਕਾਰਨ ਉਸ ਵੱਲੋਂ ਇਸ ਸਾਲ ਬੀਜੀ ਗਈ ਪੰਜ ਏਕੜ ਗੰਨੇ ਦੀ ਫਸਲ ਨੂੰ ਟਰੈਕਟਰ ਨਾਲ ਵਾਹ ਕੇ ਨਸ਼ਟ ਕਰ ਦਿੱਤਾ ਗਿਆ ਹੈ। ਇਸ ਮੌਕੇ ਭਾਰੀ ਗਿਣਤੀ 'ਚ ਇਕੱਤਰ ਕਿਸਾਨਾਂ ਨੇ ਪੰਜਾਬ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ।

ਪੱਤਰਕਾਰਾਂ ਨਾਲ ਗੱਲਬਾਤ ਕਰਦੇ ਗੰਨੇ ਦੀ ਫਸਲ ਨਸ਼ਟ ਕਰਨ ਵਾਲੇ ਕਿਸਾਨ ਦਿਲਜੀਤ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਲਾਹਦੜਾ ਨੇ ਦੱਸਿਆ ਹੈ ਕਿ ਉਸ ਨੇ ਪਿੰਡ ਬਿਨਪਾਲਕੇ 'ਚ 10 ਏਕੜ ਦੇ ਕਰੀਬ ਜ਼ਮੀਨ ਠੇਕੇ 'ਤੇ ਲਈ ਹੋਈ ਹੈ। ਇਸ ਜ਼ਮੀਨ 'ਚ ਪੰਜ ਏਕੜ ਰਕਬੇ ਅਤੇ ਗੰਨੇ ਦੀ ਫਸਲ ਬੀਜੀ ਸੀ। ਪਿਛਲੇ ਸਾਲ ਵੀ ਉਸ ਨੇ ਭਾਰੀ ਮਾਤਰਾ 'ਚ ਸਹਿਕਾਰੀ ਖੰਡ ਮਿੱਲ ਭੋਗਪੁਰ ਨੂੰ ਗੰਨਾ ਸਪਲਾਈ ਕੀਤਾ ਸੀ। ਭੋਗਪੁਰ ਮਿੱਲ ਵੱਲੋਂ ਉਸ ਦਾ ਛੇ ਲੱਖ ਦੇ ਕਰੀਬ ਰਕਮ ਦਾ ਬਕਾਇਆ ਨਹੀਂ ਦਿੱਤਾ ਜਾ ਰਿਹਾ ਹੈ। ਮਿੱਲ ਤੋਂ ਬਕਾਇਆ ਲੈਣ ਲਈ ਉਹ ਕਈ ਵਾਰ ਮਿੱਲ ਦੇ ਚੱਕਰ ਲਗਾ ਚੁੱਕਾ ਹੈ। ਮਿੱਲ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਸ ਦੇ ਗੰਨੇ ਦੀ ਬਕਾਇਆ ਰਾਸ਼ੀ ਦਾ ਭੁਗਤਾਨ ਪੰਜਾਬ ਸਰਕਾਰ ਵੱਲੋਂ ਰੀਲੀਜ਼ ਕੀਤੇ ਜਾਣ 'ਤੇ ਹੀ ਉਸ ਨੂੰ ਮਿਲੇਗਾ। ਲੰਮਾ ਸਮਾਂ ਇੰਤਜ਼ਾਰ ਕਰਨ 'ਤੇ ਵੀ ਜਦੋਂ ਉਸ ਨੂੰ ਉਸ ਦੀ ਬਕਾਇਆ ਰਕਮ ਨਾ ਮਿਲੀ ਤਾਂ ਇਸ ਕਿਸਾਨ ਨੇ ਅਪਣੀ ਪੰਜ ਏਕੜ ਗੰਨੇ ਦੀ ਫਸਲ ਨੂੰ ਨਸ਼ਟ ਕਰ ਦਿੱਤਾ ਹੈ। ਇਸ ਮੌਕੇ ਇਕੱਤਰ ਕਿਸਾਨਾਂ ਹਰਬੋਲਿੰਦਰ ਸਿੰਘ ਬੋਲੀਨਾ, ਨੰਬਰਦਾਰ ਕੁਲਵੰਤ ਸਿੰਘ ਮੱਲੀ ਆਦਿ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਕਿਸਾਨਾਂ ਦੀ ਮਦਦ ਕਰਨ ਦੀ ਬਜਾਏ ਕਿਸਾਨਾਂ ਨੂੰ ਆਰਥਿਕ ਬੋਝ ਪਾ ਕੇ ਖਤਮ ਕਰਨਾ ਚਾਹੁੰਦੀ ਹੈ।

ਪੰਜਾਬ ਦੇ ਕਿਸਾਨ ਸਿਰ ਬੈਂਕਾਂ ਅਤੇ ਸ਼ਾਹੂਕਾਰਾਂ ਦੇ ਕਰੋੜਾਂ ਰੁਪਏ ਦੇ ਕਰਜ਼ੇ ਹਨ, ਜਿਨ੍ਹਾਂ ਦਾ ਬਿਆਜ ਉਨ੍ਹਾਂ ਨੂੰ ਹਰ ਦਿਨ ਤਬਾਹੀ ਵੱਲ ਲਿਜਾ ਰਿਹਾ ਹੈ ਪਰ ਸਾਰੀ ਜਾਣਕਾਰੀ ਹੋਣ ਦੇ ਬਾਵਜੂਦ ਪੰਜਾਬ ਸਰਕਾਰ ਇਸ ਪਾਸੇ ਕੋਈ ਵੀ ਧਿਆਨ ਦਿੰਦੀ ਨਜ਼ਰ ਨਹੀਂ ਆ ਰਹੀ ਹੈ। ਜੇਕਰ ਪੰਜਾਬ ਸਰਕਾਰ ਨੇ ਤੁਰੰਤ ਗੰਨਾ ਕਿਸਾਨਾਂ ਨੂੰ ਮਿੱਲਾਂ ਵੱਲ ਰਹਿੰਦੀਆਂ ਬਕਾਇਆ ਰਕਮਾਂ ਜਾਰੀ ਨਾ ਕੀਤੀਆਂ ਤਾਂ ਹੋਰ ਕਿਸਾਨ ਵੀ ਇਸ ਰਾਹ ਚੱਲਣ ਨੂੰ ਮਜ਼ਬੂਰ ਹੋ ਜਾਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਖਵਿੰਦਰ ਸਿੰਘ ਸਰਪੰਚ, ਗੁਰਦਿਆਲ ਸਿੰਘ, ਨਰਿੰਦਰ ਸਿੰਘ, ਜਰਨੈਲ ਸਿੰਘ ਆਦਿ ਹਾਜ਼ਰ ਸਨ।


author

shivani attri

Content Editor

Related News