ਡਰੱਗ ਦੀ ਕਾਲੀ ਕਮਾਈ ਨੂੰ ਹਵਾਲਾ ਜ਼ਰੀਏ ਟਰਾਂਸਫਰ ਕਰਨ ਵਾਲੇ ਮੁਲਜ਼ਮਾਂ ’ਤੇ ਹੋਵੇਗੀ ਸਖ਼ਤ ਕਾਰਵਾਈ
Thursday, May 15, 2025 - 02:16 PM (IST)

ਕਪੂਰਥਲਾ (ਭੂਸ਼ਣ/ਮਹਾਜਨ/ਮਲਹੋਤਰਾ)-ਕਪੂਰਥਲਾ ਪੁਲਸ ਨੇ ਜ਼ਿਲ੍ਹੇ ਦੇ 15 ਥਾਣਾ ਖੇਤਰਾਂ ਵਿਚ ਡਰੱਗ ਮਾਫੀਆ ਵਿਰੁੱਧ ਸ਼ੁਰੂ ਕੀਤੀ ਮੁਹਿੰਮ ਦੌਰਾਨ ਵੱਡੀ ਸਫ਼ਲਤਾ ਹਾਸਲ ਕੀਤੀ ਹੈ, ਉੱਥੇ ਹੀ ਡਰੱਗ ਦੀ ਕਾਲੀ ਕਮਾਈ ਨੂੰ ਹਵਾਲਾ ਦੇ ਜਰੀਏ ਟਰਾਂਸਫਰ ਕਰਨ ਵਾਲੇ ਮੁਲਜ਼ਮਾਂ ਨੂੰ ਕਿਸੇ ਵੀ ਕੀਮਤ ’ਤੇ ਬਖ਼ਸ਼ਿਆ ਨਹੀਂ ਜਾਵੇਗਾ। ਅਜਿਹੇ ਮਾਮਲਿਆਂ ਵਿਚ ਕਪੂਰਥਲਾ ਪੁਲਸ ਪਹਿਲਾਂ ਹੀ 3 ਹਵਾਲਾ ਕਾਰੋਬਾਰੀਆਂ ਵਿਰੁੱਧ ਵੱਡੇ ਪੱਧਰ ’ਤੇ ਕਾਰਵਾਈ ਕਰ ਚੁੱਕੀ ਹੈ। ਇਹ ਗੱਲਾਂ ਐੱਸ. ਐੱਸ. ਪੀ. ਕਪੂਰਥਲਾ ਗੌਰਵ ਤੂਰਾ ਨੇ ਕਹੀਆਂ। ਐੱਸ. ਐੱਸ. ਪੀ. ਕਪੂਰਥਲਾ ਡਰੱਗ ਮਾਫੀਆ ਨਾਲ ਹਵਾਲਾ ਕਾਰੋਬਾਰੀਆਂ ਦੇ ਸਬੰਧਾਂ ਨੂੰ ਲੈ ਕੇ ਸੂਬੇ ਭਰ ’ਚ ਲਗਾਤਾਰ ਫੜੇ ਜਾ ਰਹੇ ਮਾਮਲਿਆਂ ਸਬੰਧੀ ਵਿਸ਼ੇਸ਼ ਜਾਣਕਾਰੀ ਦੇ ਰਹੇ ਸੀ। ਉਨ੍ਹਾਂ ਕਿਹਾ ਕਿ ਕਪੂਰਥਲਾ ਪੁਲਸ ਦਾ ਫੋਕਸ ਕਈ ਅਜਿਹੇ ਸ਼ੱਕੀ ਮਨੀ ਐਕਸਚੇਂਜਰਾਂ ’ਤੇ ਹੈ, ਜੋ ਆਪਣੇ ਕਾਰੋਬਾਰ ਦੀ ਆੜ ਵਿਚ ਹਵਾਲਾ ਕਾਰੋਬਾਰੀਆਂ ਨਾਲ ਸਬੰਧ ਰੱਖਦੇ ਹਨ ਅਤੇ ਹਵਾਲਾ ਰਾਹੀਂ ਉਨ੍ਹਾਂ ਦੀ ਗੈਰ-ਕਾਨੂੰਨੀ ਰਕਮ ਨੂੰ ਵੱਖ-ਵੱਖ ਦੇਸ਼ਾਂ-ਵਿਦੇਸ਼ਾਂ ’ਚ ਟਰਾਂਸਫਰ ਕਰ ਰਹੇ ਹਨ।
ਇਹ ਵੀ ਪੜ੍ਹੋ: ਪੰਜਾਬ 'ਚ ਵੱਡੀ ਵਾਰਦਾਤ! ਗੋਲ਼ੀਆਂ ਦੀ ਠਾਹ-ਠਾਹ ਨਾਲ ਦਹਿਲਿਆ ਇਹ ਇਲਾਕਾ
ਉਨ੍ਹਾਂ ਕਿਹਾ ਕਿ ਇਹ ਬਹੁਤ ਗੰਭੀਰ ਅਪਰਾਧ ਹੈ। ਅਜਿਹੇ ਅਪਰਾਧਾਂ ’ਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਕਿਸੇ ਵੀ ਕੀਮਤ ’ਤੇ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਹਵਾਲਾ ਰਾਹੀਂ ਡਰੱਗ ਵੇਚਣ ਵਾਲਿਆਂ ਦੇ ਪੈਸੇ ਨੂੰ ਟਰਾਂਸਫਰ ਕਰਨ ’ਤੇ ਰੋਕ ਲਗਾਉਣ ਲਈ ਜਲਦੀ ਹੀ ਪੂਰੇ ਜ਼ਿਲ੍ਹੇ ’ਚ ਇਕ ਨਵੇਂ ਐਕਸ਼ਨ ਪਲਾਨ ਦੇ ਤਹਿਤ ਕੰਮ ਕੀਤਾ ਜਾ ਰਿਹਾ ਹੈ, ਜਿਸ ਦੇ ਤਹਿਤ ਜ਼ਿਲ੍ਹਾ ਭਰ ’ਚ ਕੰਮ ਕਰਨ ਵਾਲੇ ਸਾਰੇ ਮਨੀ ਐਕਸਚੇਂਜਰਾਂ ਨੂੰ ਅਜਿਹੇ ਸ਼ੱਕੀ ਲੋਕਾਂ ਬਾਰੇ ਤੁਰੰਤ ਪੁਲਸ ਨੂੰ ਸੂਚਿਤ ਕਰਨ ਲਈ ਕਿਹਾ ਜਾਵੇਗਾ, ਜੋ ਉਨ੍ਹਾਂ ਕੋਲ ਗੈਰ-ਕਾਨੂੰਨੀ ਰਕਮ ਨੂੰ ਦੇਸ਼-ਵਿਦੇਸ਼ ’ਚ ਟਰਾਂਸਫਰ ਕਰਵਾਉਣ ਲਈ ਆਉਂਦੇ ਹਨ।
ਉਨ੍ਹਾਂ ਕਿਹਾ ਕਿ ਸਾਰੇ ਮਨੀ ਐਕਸਚੇਂਜਰਾਂ ਨੂੰ ਸੀ. ਸੀ. ਟੀ. ਵੀ. ਲਗਾਉਣ ਦੇ ਨਾਲ-ਨਾਲ ਆਪਣੇ ਲੈਣ-ਦੇਣ ਦਾ ਰਿਕਾਰਡ ਰੱਖਣ ਲਈ ਹੁਕਮ ਦਿੱਤੇ ਜਾਣਗੇ ਤਾਂ ਜੋ ਡਰੱਗ ਮਾਫੀਆ ਦੀ ਕਿਸੇ ਵੀ ਸਾਜਿਸ਼ ਨੂੰ ਕਾਮਯਾਬ ਨਾ ਹੋਣ ਦਿੱਤਾ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਡਰੱਗ ਦੇ ਧੰਦੇ ਨਾਲ ਕਮਾਈ ਗਈ ਕਾਲੀ ਕਮਾਈ ਅਤੇ ਪ੍ਰਾਪਰਟੀ ਨੂੰ ਸਰਕਾਰੀ ਤੌਰ ‘ਤੇ ਅਟੈਚ ਕਰਨ ਦੀ ਪ੍ਰਕਿਰਿਆ ਜਾਰੀ ਹੈ ਤੇ ਹੁਣ ਤੱਕ ਕਪੂਰਥਲਾ ਪੁਲਸ ਕਰੋੜਾਂ ਰੁਪਏ ਦੀ ਪ੍ਰਾਪਰਟੀ ਸਰਕਾਰੀ ਤੌਰ ‘ਤੇ ਅਟੈਚ ਕਰ ਚੁੱਕੀ ਹੈ।
ਇਹ ਵੀ ਪੜ੍ਹੋ: ਪੰਜਾਬ ਦੇ ਇਸ ਜ਼ਿਲ੍ਹੇ 'ਚ DC ਨੇ ਜਾਰੀ ਕਰ 'ਤੇ ਸਖ਼ਤ ਹੁਕਮ, ਜੇਕਰ ਕੀਤੀ ਇਹ ਗਲਤੀ ਤਾਂ...
ਸ਼ੱਕੀ ਹਵਾਲਾ ਕਾਰੋਬਾਰੀਆਂ ’ਤੇ ਪੁਲਸ ਦੀ ਤਿੱਖੀ ਨਜ਼ਰ
ਬੀਤੇ ਦਿਨ ਅੰਮ੍ਰਿਤਸਰ ਪੁਲਸ ਵੱਲੋਂ ਇਕ ਕਰੋੜ ਰੁਪਏ ਦੀ ਹਵਾਲਾ ਰਕਮ ਤੇ ਵੱਡੀ ਮਾਤਰਾ ’ਚ ਹੈਰੋਇਨ ਜ਼ਬਤ ਕਰਨ ਤੋਂ ਬਾਅਦ ਕਈ ਮੁਲਜ਼ਮਾਂ ਦੀ ਗ੍ਰਿਫਤਾਰੀ ਦੇ ਪੁੱਛੇ ਗਏ ਸਵਾਲ ’ਤੇ ਐੱਸ. ਐੱਸ. ਪੀ. ਕਪੂਰਥਲਾ ਗੌਰਵ ਤੂਰਾ ਨੇ ਕਿਹਾ ਕਿ ਜ਼ਿਲਾ ਪੁਲਸ ਦੀ ਅਜਿਹੇ ਸ਼ੱਕੀ ਹਵਾਲਾ ਕਾਰੋਬਾਰੀਆਂ ’ਤੇ ਤਿੱਖੀ ਨਜ਼ਰ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਸਾਰੇ ਜੀ. ਓ. ਰੈਂਕ ਦੇ ਅਧਿਕਾਰੀਆਂ ਤੇ ਥਾਣਿਆਂ ਦੇ ਐੱਸ. ਐੱਚ. ਓ. ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ ਤਾਂ ਜੋ ਅਜਿਹੇ ਲੋਕਾਂ ਨੂੰ ਜਲਦ ਤੋਂ ਜਲਦ ਫੜਿਆ ਜਾ ਸਕੇ।
ਇਹ ਵੀ ਪੜ੍ਹੋ: Punjab: ਸਤਿਸੰਗ ਭਵਨ ਨੇੜੇ ਵੱਡਾ ਹਾਦਸਾ! ਕਾਰ ਦੀ ਤੂੜੀ ਨਾਲ ਭਰੀ ਟਰੈਕਟਰ-ਟਰਾਲੀ ਨਾਲ ਜ਼ਬਰਦਸਤ ਟੱਕਰ
ਪੰਜਾਬ ਪੁਲਸ ਦਾ ਮਕਸਦ ਡਰੱਗ ਦੇ ਕਾਲੇ ਕਾਰੋਬਾਰ ਨੂੰ ਜੜ੍ਹੋਂ ਖ਼ਤਮ ਕਰਨੈ
ਐੱਸ. ਐੱਸ. ਪੀ. ਨੇ ਕਿਹਾ ਕਿ ਪੰਜਾਬ ਪੁਲਸ ਦਾ ਮਕਸਦ ਜਿੱਥੇ ਡਰੱਗ ਦੇ ਕਾਲੇ ਕਾਰੋਬਾਰ ਨੂੰ ਜੜ੍ਹ ਤੋਂ ਖਤਮ ਕਰਨਾ ਹੈ, ਉੱਥੇ ਹੀ ਡਰੱਗ ਦੀ ਕਾਲੀ ਕਮਾਈ ਨੂੰ ਸਰਕਾਰੀ ਤੌਰ ’ਤੇ ਅਟੈਚ ਕਰਕੇ ਨਸ਼ਾ ਕਾਰੋਬਾਰੀਆਂ ਨੂੰ ਵੱਡਾ ਸਬਕ ਸਿਖਾਉਣਾ ਹੈ। ਇਸਦੇ ਮਕਸਦ ਨਾਲ ਕਪੂਰਥਲਾ ਪੁਲਸ ਨੇ ਕਈ ਡਰੱਗ ਕਾਰੋਬਾਰੀਆਂ ਦੇ ਬੈਂਕ ਖਾਤਿਆਂ ਨੂੰ ਫਰੀਜ਼ ਵੀ ਕੀਤਾ ਹੈ ਤੇ ਇਨ੍ਹਾਂ ਨੂੰ ਸਰਕਾਰੀ ਤੌਰ ’ਤੇ ਅਟੈਚ ਵੀ ਕੀਤਾ ਹੈ ਤੇ ਇਹ ਮੁਹਿੰਮ ਆਉਣ ਵਾਲੇ ਦਿਨਾਂ ‘ਚ ਜਾਰੀ ਰਹੇਗੀ। ਉਨ੍ਹਾਂ ਆਮ ਜਨਤਾ ਤੋਂ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਦੇ ਕੋਲ ਅਜਿਹੀ ਸੂਚਨਾ ਹੈ ਤਾਂ ਉਸ ਦੀ ਸੂਚਨਾ ਤੁਰੰਤ ਪੁਲਸ ਨੂੰ ਦਿੱਤੀ ਜਾਵੇ। ਸੂਚਨਾ ਦੇਣ ਵਾਲੇ ਦਾ ਨਾਮ ਪੂਰੀ ਤਰ੍ਹਾਂ ਨਾਲ ਗੁਪਤ ਰੱਖਿਆ ਜਾਵੇਗਾ।
ਇਹ ਵੀ ਪੜ੍ਹੋ: ਡਰਾਈਵਿੰਗ ਲਾਇਸੈਂਸ ਬਣਵਾਉਣ ਵਾਲੇ ਦੇਣ ਧਿਆਨ, ਨਹੀਂ ਆਵੇਗੀ ਹੁਣ ਇਹ ਪਰੇਸ਼ਾਨੀ, ਨਵੇਂ ਹੁਕਮ ਜਾਰੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e