ਮ੍ਰਿਤਕ ਮਹਿਲਾ ਦੀ ਪਾਵਰ ਆਫ ਅਟਾਰਨੀ ’ਤੇ ਰਜਿਸਟਰੀ ਕਰਵਾਉਣ ਦੇ ਮਾਮਲੇ ’ਚ ਨਹੀਂ ਦਰਜ ਹੋਏ ਬਿਆਨ

02/09/2023 5:56:38 PM

ਜਲੰਧਰ (ਚੋਪੜਾ) : ਤਹਿਸੀਲ ਕੰਪਲੈਕਸ ’ਚ ਅਰਜ਼ੀਨਵੀਸ, ਨੰਬਰਦਾਰਾਂ ਅਤੇ ਕਰਮਚਾਰੀਆਂ ਵਿਚਕਾਰ ਚੱਲ ਰਹੇ ਨੈਕਸਸ ਦੁਆਰਾ ਪਿਛਲੇ ਮਹੀਨੇ ਦਸਤਾਵੇਜ਼ਾਂ ’ਚ ਹੇਰਫੇਰ ਕਰ ਕੇ ਬਸਤੀ ਭੂਰੇ ਖਾਂ, ਪ੍ਰੀਤ ਨਗਰ ਦੇ ਇਕ ਲਗਭਗ 4 ਮਰਲੇ ਦੇ ਮਕਾਨ ਦੀ ਰਜਿਸਟਰੀ ਕਰਵਾਉਣ ਨੂੰ ਲੈ ਕੇ ਕਥਿਤ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਸ਼ਿਕਾਇਤਕਰਤਾ, ਅਟਾਰਨੀ ਹੋਲਡਰ, ਅਰਜ਼ੀਨਵੀਸ, ਸਰਟੀਫਿਕੇਟ ਜਾਰੀ ਕਰਨ ਵਾਲਾ ਕੌਂਸਲਰ, ਗਵਾਹੀ ਦੇਣ ਵਾਲਾ ਨੰਬਰਦਾਰ ਸਮੇਤ ਕੋਈ ਵੀ ਵਿਅਕਤੀ ਸਬ-ਰਜਿਸਟਰਾਰ-1 ਦਫਤਰ ’ਚ ਆਪਣਾ ਬਿਆਨ ਦਰਜ ਕਰਵਾਉਣ ਨਹੀਂ ਪਹੁੰਚਿਆ। ਸਬ-ਰਜਿਸਟਰਾਰ-1 ਕੁਲਵੰਤ ਸਿੰਘ ਸਿੱਧੂ ਨੇ ਦੱਸਿਆ ਕਿ ਉਨ੍ਹਾਂ ਨੂੰ ਆਰ. ਟੀ. ਆਈ. ਐਕਟੀਵਿਸਟ ਦਵਿੰਦਰ ਸਿੰਘ ਨੇ ਇਕ ਲਿਖਤੀ ਸ਼ਿਕਾਇਤ ਸੌਂਪ ਕੇ ਦੋਸ਼ ਲਗਾਇਆ ਕਿ ਉਨ੍ਹਾਂ ਦੇ ਦਫਤਰ ’ਚੇ 23 ਜਨਵਰੀ 2023 ਨੂੰ ਸਬੰਧਤ ਪ੍ਰਾਪਰਟੀ ਦੀ ਜਾਅਲੀ ਰਜਿਸਟਰੀ ਹੋਈ ਹੈ, ਜੋ ਸਾਲ 2011 ਅਤੇ 2012 ਦੀ ਪਾਵਰ ਆਫ ਅਟਾਰਨੀ ਦੇ ਆਧਾਰ ’ਤੇ ਕਰਵਾਈ ਗਈ ਹੈ। ਉਸਨੇ ਦੋਸ਼ ਲਗਾਇਆ ਸੀ ਕਿ ਉਕਤ ਪ੍ਰਾਪਰਟੀ ਵਿਚ ਹਿੱਸੇਦਾਰ ਇਕ ਔਰਤ ਦੀ ਪਾਵਰ ਆਫ ਅਟਾਰਨੀ ਦਸਤਾਵੇਜ਼ਾਂ ਦੇ ਨਾਲ ਲਗਾਈ ਗਈ ਹੈ ਤੇ ਉਸਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਕੁਲਵੰਤ ਸਿੱਧੂ ਨੇ ਦੱਸਿਆ ਕਿ ਸ਼ਿਕਾਇਤ ਮਿਲਣ ਉਪਰੰਤ ਸ਼ਿਕਾਇਤਕਰਤਾ ਸਮੇਤ ਸਾਰੀਆਂ ਧਿਰਾਂ ਨੂੰ ਨੋਟਿਸ ਜਾਰੀ ਕਰਦਿਆਂ 8 ਫਰਵਰੀ ਨੂੰ ਉਨ੍ਹਾਂ ਦੇ ਦਫਤਰ ਵਿਚ ਪੇਸ਼ ਹੋ ਕੇ ਰਜਿਸਟਰੀ ਸਬੰਧੀ ਦਸਤਾਵੇਜ਼ਾਂ ਨੂੰ ਲੈ ਕੇ ਆਪਣੇ-ਆਪਣੇ ਬਿਆਨ ਦਰਜ ਕਰਵਾਉਣ ਦੀ ਹਦਾਇਤ ਦਿੱਤੀ ਗਈ ਸੀ। ਉਨ੍ਹਾਂ ਕਿਹਾ ਕਿ ਹੁਣ ਸਾਰੀਆਂ ਧਿਰਾਂ ਨੂੰ ਦੁਬਾਰਾ ਨੋਟਿਸ ਜਾਰੀ ਕੀਤਾ ਜਾਵੇਗਾ। ਜੇਕਰ ਫਿਰ ਵੀ ਕੋਈ ਵਿਅਕਤੀ ਆਪਣੇ ਬਿਆਨ ਦੇਣ ਨਾ ਆਇਆ ਤਾਂ ਉਹ ਆਪਣੇ ਪੱਧਰ ’ਤੇ ਜਾਂਚ ਕਰ ਕੇ ਇਸ ਮਾਮਲੇ ਵਿਚ ਦੋਸ਼ੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਲਈ ਉੱਚ ਅਧਿਕਾਰੀਆਂ ਨੂੰ ਸਿਫਾਰਸ਼ ਕਰਨਗੇ।

ਇਹ ਵੀ ਪੜ੍ਹੋ :  ਕੈਨੇਡਾ ’ਚ ਆਰਥਿਕ ਮੰਦੀ ਦਾ ਖਮਿਆਜਾ ਭੁਗਤ ਰਹੇ ਭਾਰਤੀ ਵਿਦਿਆਰਥੀ, ਲੱਖਾਂ ਵਿਦਿਆਰਥੀ ਭੁੱਖਮਰੀ ਦੀ ਕੰਗਾਰ ’ਤੇ 

ਆਖਿਰ ਕੀ ਹੈ ਮ੍ਰਿਤਕ ਮਹਿਲਾ ਅਤੇ ਪਾਵਰ ਆਫ ਅਟਾਰਨੀ ਦੇ ਵਿਵਾਦ ਦਾ ਕਾਰਨ
ਹਾਲਾਂਕਿ ਤਹਿਸੀਲ ਕੰਪਲੈਕਸ ’ਚ ਪਾਵਰ ਆਫ ਅਟਾਰਨੀ ਰਾਹੀਂ ਕਿਸੇ ਵੀ ਕਮਰਸ਼ੀਅਲ, ਰੈਜ਼ੀਡੈਂਸ਼ੀਅਲ ਅਤੇ ਐਗਰੀਕਲਚਰ ਲੈਂਡ ਦੀ ਰਜਿਸਟਰੀ ਦਾ ਹੋਣਾ ਇਕ ਸਾਧਾਰਨ ਗੱਲ ਹੈ ਪਰ ਇਸ ਰਜਿਸਟਰੀ ਦੇ ਨਾਲ ਲੱਗੀ ਪਾਵਰ ਆਫ ਅਟਾਰਨੀ ਦੀ ਵਰਤੋਂ ਕਰਨ ਨੂੰ ਲੈ ਕੇ ਵਿਵਾਦ ਇਸ ਲਈ ਪੈਦਾ ਹੋਇਆ ਕਿਉਂਕਿ ਕਿਹਾ ਜਾ ਰਿਹਾ ਹੈ ਕਿ ਜਿਸ ਮਹਿਲਾ ਦੀ ਪਾਵਰ ਆਫ ਅਟਾਰਨੀ ਦੇ ਬਿਹਾਫ ’ਤੇ ਇਹ ਰਜਿਸਟਰੀ ਹੋਈ ਹੈ, ਉਸਦੀ ਕਾਫੀ ਪਹਿਲਾਂ ਮੌਤ ਹੋ ਚੁੱਕੀ ਹੈ। ਜ਼ਿਕਰਯੋਗ ਹੈ ਕਿ ਜੇਕਰ ਕਿਸੇ ਵੀ ਵਿਅਕਤੀ ਵੱਲੋਂ ਜਾਰੀ ਕੀਤੀ ਗਈ ਪਾਵਰ ਆਫ ਅਟਾਰਨੀ ਨੂੰ ਯੂਜ਼ ਕੀਤੇ ਜਾਣ ਤੋਂ ਪਹਿਲਾਂ ਅਟਾਰਨੀ ਜਾਰੀ ਕਰਨ ਵਾਲੇ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਤਾਂ ਸਬੰਧਤ ਪਾਵਰ ਆਫ ਅਟਾਰਨੀ ਦੀ ਮਾਨਤਾ ਖੁਦ ਹੀ ਖਤਮ ਹੋ ਜਾਂਦੀ ਹੈ।'

ਇਹ ਵੀ ਪੜ੍ਹੋ : 'ਠੰਡੇ ਆਂਡਿਆਂ' ਤੋਂ ਪਿਆ ਕਲੇਸ਼, ਦਰਜਨ ਭਰ ਨੌਜਵਾਨਾਂ ਨੇ ਰੇਹੜੀ ਵਾਲੇ 'ਤੇ ਕੀਤਾ ਹਮਲਾ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Anuradha

Content Editor

Related News