ਸੀ. ਆਈ. ਏ. ਸਟਾਫ਼ ਵੱਲੋਂ ਪਿਸਟਲ ਸਣੇ ਇਕ ਕਾਬੂ

Wednesday, Jun 10, 2020 - 05:47 AM (IST)

ਸੀ. ਆਈ. ਏ. ਸਟਾਫ਼ ਵੱਲੋਂ ਪਿਸਟਲ ਸਣੇ ਇਕ ਕਾਬੂ

ਟਾਂਡਾ ਉੜਮੁੜ,(ਪੰਡਿਤ, ਮੋਮੀ)- ਸੀ. ਆਈ. ਏ. ਸਟਾਫ਼ ਦਸੂਹਾ ਦੀ ਟੀਮ ਨੇ ਦਸੂਹਾ-ਮਿਆਣੀ ਰੋਡ 'ਤੇ ਮਿਆਣੀ ਨਿਵਾਸੀ ਇਕ ਵਿਅਕਤੀ ਕੋਲੋਂ ਨਾਜਾਇਜ਼ ਢੰਗ ਨਾਲ ਰੱਖੇ ਪਿਸਟਲ ਅਤੇ ਰੌਂਦ ਬਰਾਮਦ ਕੀਤੇ ਹਨ। ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਹੁੰਦਲ ਨੇ ਦੱਸਿਆ ਕਿ ਜ਼ਿਲਾ ਪੁਲਸ ਮੁਖੀ ਗੌਰਵ ਗਰਗ ਦੇ ਦਿਸ਼ਾ-ਨਿਰਦੇਸ਼ਾਂ ਅਤੇ ਉਪ ਕਪਤਾਨ ਇਨਵੈਸਟੀਗੇਸ਼ਨ ਹੁਸ਼ਿਆਰਪੁਰ ਰਾਕੇਸ਼ ਕੁਮਾਰ ਦੀ ਅਗਵਾਈ ਵਿਚ ਸਮਾਜ ਵਿਰੋਧੀ ਅਨਸਰਾਂ ਖਿਲਾਫ ਵਿੱਢੀ ਮੁਹਿੰਮ ਤਹਿਤ ਥਾਣੇਦਾਰ ਸਤਵਿੰਦਰ ਸਿੰਘ, ਗੁਰਬਚਨ ਸਿੰਘ, ਅੰਮ੍ਰਿਤਪਾਲ ਸਿੰਘ, ਪੁਨੀਤ ਕੁਮਾਰ ਅਤੇ ਗੁਰਵਿੰਦਰ ਸਿੰਘ ਦੀ ਟੀਮ ਵੱਲੋਂ ਕਾਬੂ ਕੀਤੇ ਗਏ ਮੁਲਜ਼ਮ ਦੀ ਪਛਾਣ ਜਸਵੀਰ ਸਿੰਘ ਉਰਫ ਮੋਮੀ ਪੁੱਤਰ ਸਤਨਾਮ ਸਿੰਘ ਨਿਵਾਸੀ ਅਬਦੁੱਲਾਪੁਰ ਹਾਲ ਵਾਸੀ ਵਾਰਡ 1 ਮਿਆਣੀ ਦੇ ਰੂਪ ਵਿਚ ਹੋਈ ਹੈ।
ਉਨ੍ਹਾਂ ਦੱਸਿਆ ਕਿ ਪੁਲਸ ਦੀ ਟੀਮ ਜਦੋਂ ਪਿੰਡ ਗਿਲਜੀਆਂ ਟੀ-ਪੁਆਇੰਟ ਨਜ਼ਦੀਕ ਮੌਜੂਦ ਸੀ ਤਾਂ ਕਿਸੇ ਮੁਖਬਰ ਤੋਂ ਸੂਚਨਾ ਮਿਲੀ ਕਿ ਨਾਜਾਇਜ਼ ਅਸਲਾ ਰੱਖਣ ਵਾਲਾ ਮੋਟਰਸਾਈਕਲ ਸਵਾਰ ਵਿਅਕਤੀ ਮਿਆਣੀ ਵੱਲੋਂ ਆ ਰਿਹਾ ਹੈ। ਪੁਲਸ ਟੀਮ ਨੇ ਜਦੋਂ ਉਸਨੂੰ ਰੋਕਣਾ ਚਾਹਿਆ ਤਾਂ ਉਸਨੇ ਆਪਣਾ ਪਲਸਰ ਮੋਟਰਸਾਈਕਲ ਪਿੱਛੇ ਵੱਲ ਮੋੜ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਪੁਲਸ ਟੀਮ ਨੇ ਉਸਦਾ ਪਿੱਛਾ ਕਰਕੇ ਉਸਨੂੰ ਕਾਬੂ ਕਰ ਲਿਆ। ਤਲਾਸ਼ੀ ਲੈਣ 'ਤੇ ਪੁਲਸ ਟੀਮ ਨੇ ਉਸਦੇ ਕਬਜ਼ੇ 'ਚੋਂ ਚੀਨ ਦਾ ਬਣਿਆ 9 ਐੱਮ. ਐੱਮ. ਪਿਸਟਲ ਅਤੇ 2 ਮੈਗਜ਼ੀਨ ਅਤੇ 50 ਜ਼ਿੰਦਾ ਰੌਂਦ ਅਤੇ ਮੋਟਰਸਾਈਕਲ ਬਰਾਮਦ ਕਰਕੇ ਉਕਤ ਮੁਲਜ਼ਮ ਦੇ ਖਿਲਾਫ ਆਰਮਜ਼ ਐਕਟ ਦੇ ਅਧੀਨ ਮਾਮਲਾ ਦਰਜ ਕਰ ਲਿਆ ਹੈ। ਪੁਲਸ ਦੋਸ਼ੀ ਕੋਲੋਂ ਪੁੱਛਗਿੱਛ ਕਰ ਰਹੀ ਹੈ। ਸੀ. ਆਈ. ਏ. ਸਟਾਫ ਦੇ ਇੰਚਾਰਜ ਨੇ ਦੱਸਿਆ ਕਿ ਉਕਤ ਮੁਲਜ਼ਮ ਦੇ ਖਿਲਾਫ 2019 ਵਿਚ ਥਾਣਾ ਸਿਟੀ ਫਿਰੋਜ਼ਪੁਰ 'ਚ ਕਤਲ ਦਾ ਮਾਮਲਾ ਵੀ ਦਰਜ ਹੈ।


author

Bharat Thapa

Content Editor

Related News