SSP ਅਲਕਾ ਮੀਨਾ ਨੇ ‘ਮਾਂ ਦਿਵਸ’ ’ਤੇ ਮਹਿਲਾ ਪੁਲਸ ਮੁਲਾਜ਼ਮਾਂ ਨੂੰ ਦਿੱਤਾ ਖੁਸ਼ੀਆਂ ਦਾ ਤੋਹਫ਼ਾ

05/10/2020 1:44:56 AM

ਨਵਾਂਸ਼ਹਿਰ, (ਤ੍ਰਿਪਾਠੀ)- ਕੋਵਿਡ ਡਿਊਟੀ ’ਤੇ ਲੱਗੀਆਂ ਜ਼ਿਲੇ ਦੀਆਂ ਮਹਿਲਾ ਪੁਲਸ ਮੁਲਾਜ਼ਮਾਂ ਜਿਹਡ਼ੀਆਂ ਮਾਂਵਾਂ ਵੀ ਹਨ, ਨੂੰ ਅੱਜ ਐੱਸ. ਐੱਸ. ਪੀ. ਅਲਕਾ ਮੀਨਾ ਵੱਲੋਂ ‘ਮਾਂ ਦਿਵਸ’ ਨੂੰ ਸਮਰਪਿਤ ਸਾਦਾ ਸਮਾਗਮ ਕਰਕੇ ਖੁਸ਼ੀਆਂ ਵੰਡੀਆਂ ਗਈਆਂ। ਐੱਸ. ਐੱਸ. ਪੀ. ਅਲਕਾ ਮੀਨਾ ਨੇ ਆਖਿਆ ਕਿ ਮਹਿਲਾ ਪੁਲਸ ਮੁਲਾਜ਼ਮਾਂ ਜੋ ਕਿ ਆਪਣੀ ਦੋਹਰੀ ਡਿਊਟੀ ਬਹੁਤ ਹੀ ਸਮਰਪਣ ਅਤੇ ਨਿਸ਼ਠਾ ਨਾਲ ਕਰ ਰਹੀਆਂ ਹਨ ਨੂੰ ਅੱਜ ਇਸ ਸਮਾਗਮ ਰਾਹੀਂ ਸਲਾਮ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਖੁਦ ਵੀ ਇਕ ਬੱਚੇ ਦੀ ਮਾਂ ਹੋਣ ਕਾਰਣ, ਉਹ ਮਾਂ ਅਤੇ ਪੁਲਸ ਦੀਆਂ ਜ਼ਿੰਮੇਵਾਰੀਆਂ ਤੋਂ ਚੰਗੀ ਤਰ੍ਹਾਂ ਵਾਕਿਫ਼ ਹਨ। ਇਕ ਪਾਸੇ ਬੱਚਿਆਂ ਦੀ ਜ਼ਿਦ ਹੁੰਦੀ ਹੈ ਪਰ ਦੂਜੇ ਪਾਸੇ ਜਨਤਕ ਡਿਊਟੀ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪੁਲਸ ਮੁਲਾਜ਼ਮ ਮਾਂਵਾਂ ਨੂੰ ਉਨ੍ਹਾਂ ਦੀ ਇਸ ਡਿਊਟੀ ਪ੍ਰਤੀ ਸਮਰਪਣ ਭਾਵਨਾ ਨੂੰ ਸਲਾਮ ਕਰਨ ਅਤੇ ਉਨ੍ਹਾਂ ਦਾ ਸਨਮਾਨ ਕਰਨ ਦਾ ਅੱਜ ਢੁਕਵਾਂ ਸਮਾਂ ਜਾਪਿਆ, ਜਿਸ ਲਈ ਇਹ ਸਾਰਾ ਕੁੱਝ ਕੀਤਾ ਗਿਆ।

ਮਹਿਲਾ ਮੁਲਾਜ਼ਮਾਂ ਦੀਆਂ ਮਸ਼ਕਿਲਾਂ ਸੁਣ ਕੇ ਮੌਕੇ ’ਤੇ ਕੀਤਾ ਨਿਪਟਾਰਾ

ਇਸ ਮੌਕੇ ਇਨ੍ਹਾਂ ਪੁਲਸ ਮੁਲਾਜ਼ਮਾਂ ਵੱਲੋਂ ਆਪਣੀਆਂ ਮੁਸ਼ਕਿਲਾਂ ਵੀ ਸਾਂਝੀਆਂ ਕੀਤੀਆਂ ਗਈਆਂ, ਜਿਨ੍ਹਾਂ ਨੂੰ ਐੱਸ.ਐੱਸ.ਪੀ. ਨੇ ਮੌਕੇ ’ਤੇ ਹੀ ਹੱਲ ਕਰਨ ਦੀ ਨਿੱਕੀ ਜਿਹੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਕਿ ਸਮਾਗਮ ਦੌਰਾਨ ਇਕ ਮਾਂ, ਦੂਜੀ ਮਾਂ ਨਾਲ ਗੱਲ ਕਰ ਰਹੀ ਸੀ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੀ ਸਥਿਤੀ ’ਚ ਹੋਣ ਕਾਰਣ, ਨਾਲ ਦੀ ਨਾਲ, ਉਨ੍ਹਾਂ ਨੂੰ ਸੁਲਝਾ ਵੀ ਰਹੀ ਸੀ। ਇਸ ਮੌਕੇ ਆਪੋ-ਆਪਣੇ ਤਜ਼ਰਬੇ ਸਾਂਝੇ ਕਰਦਿਆਂ ਇਨ੍ਹਾਂ ਪੁਲਸ ਮੁਲਾਜ਼ਮਾਂ ਨੇ ਉਹ ਸਮੇਂ ਵੀ ਯਾਦ ਕੀਤੇ ਜਦੋਂ ਜਜ਼ਬਾਤਾਂ ਅਤੇ ਮਮਤਾ ’ਤੇ ਉਨ੍ਹਾਂ ਨੇ ਆਪਣੇ ਫ਼ਰਜ਼ ਨੂੰ ਪਹਿਲ ਦਿੱਤੀ।

ਇਸ ਦੌਰਾਨ ਸੰਗੀਤਾ ਰਾਣੀ , ਰਣਦੀਪ ਕੌਰ, ਮਨਦੀਪ ਕੌਰ, ਅੰਜੂ ਬਾਲਾ,ਏ. ਐੱਸ. ਆਈ. ਅਮਰਜੀਤ ਕੌਰ ਨੇ ਆਪਣੇ ਬੱਚਿਆਂ ਅਤੇ ਡਿਊਟੀ ਨਾਲ ਸਬੰਧਤ ਤਜ਼ਰਬੇ ਸਾਂਝੇ ਕੀਤੇ। ਐੱਸ. ਐੱਸ. ਪੀ. ਅਲਕਾ ਮੀਨਾ ਨੇ ਆਪਣਾ ਤਜ਼ਰਬਾ ਸਾਂਝਾ ਕਰਦਿਆਂ ਦੱਸਿਆ ਕਿ ਪਤੀ ਦੇ ਹੋਰ ਸ਼ਹਿਰ ’ਚ ਤਾਇਨਾਤ ਹੋਣ ਕਾਰਣ ਅੱਜ ਕੱਲ ਬੇਟਾ ਇੱਥੇ ਹੀ ਹੈ। ਜਦੋਂ ਵੀ ਬਾਹਰ ਡਿਊਟੀ ’ਤੇ ਜਾਣ ਲੱਗਦੀ ਹਾਂ ਤਾਂ ਉਸ ਦੇ ਢੇਰ ਸਾਰੇ ਸੁਆਲ ਹੁੰਦੇ ਹਨ। ਇਸ ਮੌਕੇ ਉਨ੍ਹਾਂ ਨੇ ਇਨ੍ਹਾਂ 52 ਪੁਲਸ ਮਾਂਵਾਂ ਨੂੰ ‘ਮਦਰਜ਼ ਡੇ’ ਦੀ ਵਧਾਈ ਦੇ ਕਾਰਡ ਅਤੇ ਤੋਹਫ਼ੇ ਦਿੱਤੇ ਜਦਕਿ ਜ਼ਿਲਾ ਪੁਲਸ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਇਸ ਵਿਸ਼ੇਸ਼ ਮੌਕੇ ’ਤੇ ਸਨਮਾਨਿਆ। ਇਸ ਮੌਕੇ ਡੀ. ਐੱਸ. ਪੀ. ਦੀਪਿਕਾ ਸਿੰਘ ਨੇ ਸਮਾਗਮ ’ਚ ਵਿਸ਼ੇਸ਼ ਯੋਗਦਾਨ ਪਾਇਆ।


Bharat Thapa

Content Editor

Related News