ACP ਆਫਿਸ ਤੇ ਥਾਣਾ ਕੈਂਟ ਤੋਂ ਕੁਝ ਹੀ ਦੂਰੀ ’ਤੇ ਸ੍ਰੀ ਗੁਰੂ ਰਵਿਦਾਸ ਭਵਨ ਨੂੰ ਚੋਰਾਂ ਨੇ ਬਣਾਇਆ ਆਪਣਾ ਨਿਸ਼ਾਨਾ

Sunday, Jan 07, 2024 - 11:06 AM (IST)

ਜਲੰਧਰ (ਮਹੇਸ਼)–ਏ. ਸੀ. ਪੀ. ਜਲੰਧਰ ਕੈਂਟ ਦੇ ਆਫਿਸ ਅਤੇ ਥਾਣਾ ਕੈਂਟ ਤੋਂ ਕੁਝ ਹੀ ਦੂਰੀ ’ਤੇ ਸਥਿਤ ਸ੍ਰੀ ਗੁਰੂ ਰਵਿਦਾਸ ਭਵਨ ਓਲਡ ਫਗਵਾੜਾ ਰੋਡ, ਨਜ਼ਦੀਕ ਦੁਸਹਿਰਾ ਗਰਾਊਂਡ ਜਲੰਧਰ ਛਾਉਣੀ ਨੂੰ ਨਕਾਬਪੋਸ਼ 3 ਚੋਰਾਂ ਵੱਲੋਂ ਆਪਣਾ ਨਿਸ਼ਾਨਾ ਬਣਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਚੋਰਾਂ ਨੇ ਪਹਿਲਾਂ ਭਵਨ ਦੇ ਬਾਹਰੀ ਗੇਟ ਨੂੰ ਲੱਗਾ ਹੋਇਆ ਤਾਲਾ ਤੋੜਿਆ ਅਤੇ ਫਿਰ ਹਾਲ ਕਮਰੇ ਦੇ ਦਰਵਾਜ਼ੇ ਅਤੇ ਕੈਂਚੀ ਗੇਟ ਦਾ ਤਾਲਾ ਵੀ ਤੋੜ ਦਿੱਤਾ। ਕਾਫ਼ੀ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਵੀ ਚੜ੍ਹਾਵੇ ਵਾਲੇ ਗੱਲੇ ਦਾ ਚੋਰ ਤਾਲਾ ਨਹੀਂ ਤੋੜ ਸਕੇ। ਜਦੋਂ ਗੱਲਾ ਚੁੱਕ ਕੇ ਲਿਜਾਣ ਦੀ ਉਨ੍ਹਾਂ ਕੋਸ਼ਿਸ਼ ਕੀਤੀ ਤਾਂ ਭਵਨ ਦੇ ਅੰਦਰ ਹੀ ਰਹਿੰਦੇ ਰਾਮ ਕੁਮਾਰ ਨਾਂ ਦੇ ਪ੍ਰਵਾਸੀ ਵਿਅਕਤੀ ਵੱਲੋਂ ਰੌਲਾ ਪਾਉਣ ਕਾਰਨ ਉਨ੍ਹਾਂ ਨੂੰ ਬੇਰੰਗ ਹੀ ਫ਼ਰਾਰ ਹੋਣਾ ਪਿਆ। ਜਦੋਂ ਇਕ ਚੋਰ ਗੱਲਾ ਤੋੜ ਰਿਹਾ ਸੀ ਤਾਂ ਉਸ ਦੇ 2 ਸਾਥੀਆਂ ਨੇ ਰਾਮ ਕੁਮਾਰ ਨੂੰ ਫੜਿਆ ਹੋਇਆ ਸੀ ਅਤੇ ਉਸ ਨਾਲ ਕੁੱਟਮਾਰ ਵੀ ਕਰ ਰਹੇ ਸਨ।

PunjabKesari

ਅੱਜ ਸਵੇਰੇ ਤੜਕੇ 2.30 ਵਜੇ ਦੇ ਲਗਭਗ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਆਏ ਚੋਰ ਸ੍ਰੀ ਗੁਰੂ ਰਵਿਦਾਸ ਭਵਨ ਵਿਚ ਲੱਗੇ ਹੋਏ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਪਾਏ ਗਏ ਹਨ। ਇਸ ਸਬੰਧ ਵਿਚ ਸੂਚਨਾ ਮਿਲਣ ’ਤੇ ਥਾਣਾ ਜਲੰਧਰ ਕੈਂਟ ਦੇ ਏ. ਐੱਸ. ਆਈ. ਗੁਰਦੀਪ ਚੰਦ ਮੌਕੇ ’ਤੇ ਪੁੱਜੇ ਅਤੇ ਜਾਂਚ ਸ਼ੁਰੂ ਕੀਤੀ ਪਰ ਇਸ ਸਬੰਧ ਵਿਚ ਦੇਰ ਰਾਤ ਤਕ ਪੁਲਸ ਵੱਲੋਂ ਕੋਈ ਐੱਫ਼. ਆਈ. ਆਰ. ਦਰਜ ਨਹੀਂ ਕੀਤੀ ਗਈ ਸੀ। ਸ੍ਰੀ ਗੁਰੂ ਰਵਿਦਾਸ ਭਵਨ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰੋਹਿਤ ਕੁਮਾਰ ਵਿੱਕੀ ਤੁਲਸੀ ਨੇ ਦੱਸਿਆ ਕਿ ਉਨ੍ਹਾਂ ਨੂੰ ਅੱਜ ਸਵੇਰੇ ਕਮੇਟੀ ਦੇ ਹੀ ਮੈਂਬਰ ਨਰਿੰਦਰ ਕੁਮਾਰ ਨਿਵਾਸੀ ਕੁੱਕੜ ਪਿੰਡ ਨੇ ਫੋਨ ’ਤੇ ਉਕਤ ਵਾਰਦਾਤ ਬਾਰੇ ਜਾਣਕਾਰੀ ਦਿੱਤੀ, ਜਿਸ ਤੋਂ ਤੁਰੰਤ ਬਾਅਦ ਉਹ ਮੌਕੇ ’ਤੇ ਪਹੁੰਚ ਗਏ।

ਇਹ ਵੀ ਪੜ੍ਹੋ : ਜਲੰਧਰ ਸ਼ਹਿਰ 'ਚ ਅਪਰਾਧ ਨੂੰ ਰੋਕਣ ਲਈ ਪੁਲਸ ਕਮਿਸ਼ਨਰ ਵੱਲੋਂ ਮਾਸਟਰ ਪਲਾਨ ਤਿਆਰ, ਦਿੱਤੀਆਂ ਇਹ ਹਦਾਇਤਾਂ

PunjabKesari

ਵਿੱਕੀ ਨੇ ਦੱਸਿਆ ਕਿ ਸ੍ਰੀ ਗੁਰੂ ਰਵਿਦਾਸ ਭਵਨ ਵਿਚ 2 ਪ੍ਰਵਾਸੀ ਵਿਅਕਤੀ ਰਹਿੰਦੇ ਹਨ, ਜੋਕਿ ਮਜ਼ਦੂਰੀ ਦਾ ਕੰਮ ਕਰਦੇ ਹਨ ਅਤੇ ਇਸ ਦੇ ਨਾਲ-ਨਾਲ ਭਵਨ ਦੀ ਦੇਖ-ਰੇਖ ਵੀ ਕਰਦੇ ਹਨ। ਦੋਵੇਂ ਸ਼ੁੱਕਰਵਾਰ ਰਾਤ ਨੂੰ ਆਪਣੇ ਕਮਰੇ ਵਿਚ ਸੁੱਤੇ ਹੋਏ ਸਨ। ਰਾਮ ਕੁਮਾਰ ਨਾਂ ਦਾ ਪ੍ਰਵਾਸੀ ਵਿਅਕਤੀ ਰਾਤ ਨੂੰ ਅਚਾਨਕ ਬਾਥਰੂਮ ਜਾਣ ਲਈ ਉੱਠਿਆ ਅਤੇ ਉਸ ਨੇ ਵੇਖਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਵਾਲੇ ਮੇਨ ਹਾਲ ਵਿਚ 3 ਨਕਾਬਪੋਸ਼ ਵਿਅਕਤੀ ਘੁੰਮ ਰਹੇ ਹਨ। ਉਸ ਨੇ ਰੌਲਾ ਪਾਇਆ ਤਾਂ ਨਕਾਬਪੋਸ਼ਾਂ ਨੇ ਉਸ ਨੂੰ ਬਾਹਰ ਲਿਜਾ ਕੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।

ਰਾਮ ਕੁਮਾਰ ਨੇ ਬੜੀ ਮੁਸ਼ਕਲ ਨਾਲ ਉਨ੍ਹਾਂ ਤੋਂ ਆਪਣੀ ਜਾਨ ਛੁਡਾਈ ਅਤੇ ਰੌਲਾ ਪਾਉਂਦਾ ਰਿਹਾ, ਜਿਸ ਕਾਰਨ ਚੋਰ ਆਪਣੇ ਮਿਸ਼ਨ ਵਿਚ ਕਾਮਯਾਬ ਨਹੀਂ ਹੋ ਸਕੇ। ਵਿੱਕੀ ਤੁਲਸੀ ਨੇ ਦੱਸਿਆ ਕਿ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ ਜਾਂਚ ਅਧਿਕਾਰੀ ਗੁਰਦੀਪ ਚੰਦ ਨੂੰ ਸੌਂਪ ਦਿੱਤੀ ਗਈ ਹੈ। ਪੁਲਸ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕਰਦੇ ਹੋਏ ਸ੍ਰੀ ਗੁਰੂ ਰਵਿਦਾਸ ਭਵਨ ਵਿਚ ਦਾਖ਼ਲ ਹੋਏ ਚੋਰਾਂ ਤਕ ਪਹੁੰਚਣ ਦਾ ਯਤਨ ਕਰ ਰਹੀ ਹੈ ਪਰ ਅਜੇ ਤਕ ਉਨ੍ਹਾਂ ਦਾ ਕੋਈ ਵੀ ਸੁਰਾਗ ਪੁਲਸ ਦੇ ਹੱਥ ਨਹੀਂ ਲੱਗਾ। ਏ. ਸੀ. ਪੀ. ਕੈਂਟ ਦੇ ਆਫਿਸ ਅਤੇ ਥਾਣਾ ਜਲੰਧਰ ਕੈਂਟ ਤੋਂ ਸਿਰਫ਼ 300-400 ਮੀਟਰ ਦੀ ਦੂਰੀ ’ਤੇ ਹੋਈ ਇਸ ਵਾਰਦਾਤ ਕਾਰਨ ਜਲੰਧਰ ਕੈਂਟ ਨਿਵਾਸੀਆਂ ਵਿਚ ਚੋਰ-ਲੁਟੇਰਿਆਂ ਦਾ ਕਾਫੀ ਖੌਫ ਪਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ : 4 ਦਿਨ ਦੇ ਮਰੇ ਬੱਚੇ ਦੀ ਲਾਸ਼ ਨੂੰ ਕਬਰ 'ਚੋਂ ਕੱਢਣਾ ਪਿਆ ਬਾਹਰ, ਹਾਲਤ ਵੇਖ ਫੁੱਟ-ਫੁੱਟ ਕੇ ਰੋਈ ਮਾਂ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


shivani attri

Content Editor

Related News