ਸੋਢਲ ਮੇਲੇ ਨੂੰ ਲੈ ਕੇ ਦੁਕਾਨਾਂ ਸਜੀਅਾਂ, ਝੂਲੇ ਲੱਗੇ

09/19/2018 6:31:33 AM

ਜਲੰਧਰ,   (ਖੁਰਾਣਾ)- ਲੱਖਾਂ ਲੋਕਾਂ ਦੀ ਆਸਥਾ ਦਾ ਕੇਂਦਰ ਸ਼੍ਰੀ ਸਿੱਧ ਬਾਬਾ ਸੋਢਲ ਮੇਲਾ ਭਾਵੇਂ 23  ਸਤੰਬਰ ਨੂੰ ਹੈ ਪਰ ਹਰ ਸਾਲ ਇਹ ਮੇਲਾ ਇਕ ਹਫਤਾ ਪਹਿਲਾਂ ਹੀ ਗੈਰ-ਰਸਮੀ ਤੌਰ ’ਤੇ ਸ਼ੁਰੂ ਹੋ ਜਾਂਦਾ ਹੈ। ਇਸ ਵਾਰ ਦੇ ਮੇਲੇ ਨੂੰ ਸਿਰਫ 4-5 ਦਿਨ  ਹੀ ਬਚੇ ਹਨ ਤੇ ਅਜਿਹੇ ਵਿਚ ਅਸਥਾਈ  ਦੁਕਾਨਾਂ ਸਜਣੀਅਾਂ ਸ਼ੁਰੂ ਹੋ ਗਈਅਾਂ ਹਨ। ਮੇਲਾ ਖੇਤਰ ਵਿਚ ਥਾਂ-ਥਾਂ ਝੂਲੇ ਫਿੱਟ ਹੋ ਗਏ ਹਨ ਤੇ ਬਾਬਾ ਸੋਢਲ ਦੇ ਦਰ ’ਤੇ ਮੱਥਾ ਟੇਕਣ  ਵਾਲਿਅਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੁੰਦਾ ਨਜ਼ਰ ਆ ਰਿਹਾ ਹੈ। 
ਨਿਗਮ ਹਰ ਸਾਲ ਸੋਢਲ ਮੇਲੇ  ਤੋਂ ਪਹਿਲਾਂ ਇਸ ਖੇਤਰ ਨੂੰ ਸੰਵਾਰਣ ਲਈ ਜੰਗੀ ਪੱਧਰ ’ਤੇ ਉਪਰਾਲੇ ਕਰਨੇ ਸ਼ੁਰੂ ਕਰ ਦਿੰਦਾ ਹੈ। ਇਸ ਵਾਰ ਵੀ ਸੋਢਲ ਮੇਲਾ ਖੇਤਰ ਵਿਚ ਸਾਫ-ਸਫਾਈ ਕਰਵਾਈ ਜਾ ਰਹੀ ਹੈ ਤੇ ਰੰਗ ਰੋਗਨ ਦਾ ਸਿਲਸਿਲਾ ਵੀ  ਜਾਰੀ ਹੈ ਪਰ ਮੇਲਾ ਖੇਤਰ ਵੱਲ ਜਾਣ ਵਾਲੀਅਾਂ ਸੜਕਾਂ ਬੁਰੀ ਤਰ੍ਹਾਂ ਟੁੱਟੀਅਾਂ ਹੋਈਅਾਂ ਹਨ, ਜਿਸ ਨੇ ਸੱਤਾਧਾਰੀ ਕਾਂਗਰਸ ਤੇ ਨਿਗਮ  ਪ੍ਰਸ਼ਾਸਨ  ਦੀ ਚਿੰਤਾ ਵਧਾ ਦਿੱਤੀ ਹੈ। 
ਤਿੰਨਾਂ ਮੇਨ ਸੜਕਾਂ ਨੂੰ ਬਣਾਇਆ ਜਾਣਾ ਜ਼ਰੂਰੀ
ਸੋਢਲ ਮੰਦਰ ਨੂੰ ਮੁੱਖ ਤੌਰ ’ਤੇ ਤਿੰਨ ਸੜਕਾਂ ਬਾਕੀ ਸ਼ਹਿਰ ਨਾਲ ਜੋੜਦੀਅਾਂ ਹਨ, ਇਕ ਸੜਕ  ਚੰਦਨ ਨਗਰ ਫਾਟਕ ਤੋਂ ਮੰਦਰ ਤਕ, ਦੂਜੀ ਸੜਕ ਕਾਲੀ ਮਾਤਾ ਮੰਦਰ ਤੱਕ ਅਤੇ ਤੀਜੀ ਸੋਢਲ ਮੰਦਰ ਤੋਂ ਦੋਆਬਾ ਚੌਕ ਤੱਕ ਜਾਂਦੀ ਹੈ। ਇਹ ਤਿੰਨੇ ਸੜਕਾਂ ਟੁੱਟੀਅਾਂ ਹੋਈਅਾਂ ਹਨ। ਇਨ੍ਹਾਂ ਨੂੰ ਨਵਾਂ ਬਣਾਉਣ ਲਈ  ਨਿਗਮ ਨੇ ਪਿਛਲੇ ਮਹੀਨੇ ਟੈਂਡਰ ਕਾਲ ਕੀਤੇ ਸਨ, ਜੋ ਕਰੀਬ 40 ਲੱਖ ਰੁਪਏ ਦੇ ਸਨ ਪਰ ਨਿਗਮ ਠੇਕੇਦਾਰਾਂ ਨੇ  ਇਨ੍ਹਾਂ ਨੂੰ ਭਰਿਆ ਹੀ ਨਹੀਂ ਕਿਉਂਕਿ ਨਿਗਮ  ਇਨ੍ਹਾਂ ਦਾ ਪੁਰਾਣਾ ਭੁਗਤਾਨ ਹੀ ਨਹੀਂ ਕਰ ਰਿਹਾ। ਅੱਜ ਮੇਅਰ ਜਗਦੀਸ਼ ਰਾਜਾ ਤੇ ਨਿਗਮ ਕਮਿਸ਼ਨਰ ਦੀਪਰਵ ਲਾਕੜਾ ਦਰਮਿਆਨ ਇਨ੍ਹਾਂ ਸੜਕਾਂ ਬਾਰੇ ਵਿਚਾਰ-ਵਟਾਂਦਰਾ ਹੋਇਆ। ਮੇਅਰ ਨੇ ਤਿੰਨਾਂ ਸੜਕਾਂ ਨੂੰ ਨਵਾਂ ਬਣਾਉਣ ਬਾਰੇ ਕਿਹਾ ਹੈ। ਇਸ ਦੌਰਾਨ ਨਿਗਮ ਦੀ ਬੀ. ਐਂਡ ਆਰ. ਸ਼ਾਖਾ ਨਾਲ ਜੁੜੇ ਅਧਿਕਾਰੀ ਦੱਸਦੇ ਹਨ ਕਿ ਹੁਣ ਇਨ੍ਹਾਂ ਸੜਕਾਂ ਨੂੰ ਨਵਾਂ ਬਣਾਇਆ ਜਾਣਾ ਮੁਸ਼ਕਲ ਹੈ, ਇਸ ਲਈ  ਪੈਚਵਰਕ ਦਾ ਕੰਮ ਸ਼ੁਰੂ ਕਰਵਾ  ਦਿੱਤਾ ਗਿਆ ਹੈ। 
ਕਿਤੇ 10 ਲੱਖ ਦਾ ਪੈਚਵਰਕ ਹੀ ਨਾ ਹੋ ਜਾਵੇ
ਨਿਗਮ ਪ੍ਰਸ਼ਾਸਨ ਨੇ ਸੋਢਲ ਦੀਅਾਂ ਸੜਕਾਂ ’ਤੇ ਪੈਚਵਰਕ ਕਰਵਾਉਣਾ    ਸ਼ੁਰੂ ਕਰ ਦਿੱਤਾ ਹੈ। ਜੇਕਰ ਸੜਕਾਂ ਨਵੀਅਾਂ ਨਾ ਬਣੀਅਾਂ ਤਾਂ ਇਨ੍ਹਾਂ ਟੁੱਟੀਅਾਂ ਸੜਕਾਂ ’ਤੇ ਪੈਚਵਰਕ ਕਰਨ ਵਿਚ ਕਰੀਬ 10 ਲੱਖ ਰੁਪਏ ਦਾ ਖਰਚ ਵੀ ਆ  ਸਕਦਾ ਹੈ ਅਤੇ ਇਹ ਖਰਚਾ ਉਸ ਸਮੇਂ ਬੇਕਾਰ ਸਾਬਿਤ ਹੋ ਸਕਦਾ ਹੈ ਜਦੋਂ ਇਸ ’ਤੇ ਨਵੀਅਾਂ ਸੜਕਾਂ ਬਣਾਈਅਾਂ ਜਾਣਗੀਅਾਂ। 
 


Related News