ਸਮਾਰਟ ਸਿਟੀ ਪ੍ਰਾਜੈਕਟ : 250 ਕਰੋੜ ਦੀ ਲਾਗਤ ਨਾਲ ਸਪੋਰਟਸ ਹੱਬ ਬਣੇਗਾ ਬਰਲਟਨ ਪਾਰਕ

06/16/2019 5:57:19 PM

ਜਲੰਧਰ (ਪੁਨੀਤ)— ਸਮਾਰਟ ਸਿਟੀ ਪ੍ਰਾਜੈਕਟ ਦੇ ਤਹਿਤ ਖੇਡਾਂ ਨੂੰ ਉਤਸ਼ਾਹਤ ਕਰਨ ਦੇ ਉਦੇਸ਼ ਨਾਲ ਬਰਲਟਨ ਪਾਰਕ ਨੂੰ 250 ਕਰੋੜ ਰੁਪਏ ਦੀ ਲਾਗਤ ਨਾਲ ਸਪੋਰਟਸ ਹੱਬ ਬਣਾਇਆ ਜਾਵੇਗਾ। ਪਾਰਕ 'ਚ ਫੁੱਟਬਾਲ ਸਟੇਡੀਅਮ, ਸਵਿਮਿੰਗ ਪੂਲ, ਮਲਟੀਪਲ ਹਾਲ, ਕਲੱਬ, ਸਪੋਰਟਸ ਮਾਲ, ਸਕੇਟਿੰਗ ਰਿੰਗ, ਜੋਗਿੰਗ ਤੇ ਸਾਈਕਲਿੰਗ ਟ੍ਰੈਕ, ਸ਼ੂਟਿੰਗ ਰੇਂਜ ਅਤੇ ਹੋਟਲ ਬਣਾਇਆ ਜਾਵੇਗਾ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਸਮਾਰਟ ਸਿਟੀ ਪ੍ਰਾਜੈਕਟ ਦੇ ਮੁੱਖ ਕਾਰਜਕਾਰੀ ਅਧਿਕਾਰੀ ਜਤਿੰਦਰ ਜੋਰਵਾਲ ਨੇ ਕਰਦਿਆਂ ਕਿਹਾ ਕਿ ਸਮਾਰਟ ਸਿਟੀ ਐਡਵਾਈਜ਼ਰੀ ਫੋਰਮ ਦੀ ਮੀਟਿੰਗ ਵਿਚ ਇਸ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਪ੍ਰਸਤਾਵਿਤ ਫੁੱਟਬਾਲ ਸਟੇਡੀਅਮ 90 ਗੁਣਾ 45 ਮੀਟਰ ਰਹੇਗਾ, ਜਿਸ ਵਿਚ ਖਿਡਾਰੀ, ਰੈਫਰੀ, ਕੈਮਰਾਮੈਨ ਲਈ ਵੱਖ-ਵੱਖ ਥਾਵਾਂ ਮੁਹੱਈਆ ਹੋਣਗੀਆਂ। ਸਟੇਡੀਅਮ 'ਚ 5000 ਦਰਸ਼ਕਾਂ ਦੇ ਬੈਠਣ ਦੀ ਸਹੂਲਤ ਹੋਵੇਗੀ। ਇਸ ਤੋਂ ਇਲਾਵਾ ਟਿਕਟ ਵਿੱਕਰੀ, ਵੇਟਿੰਗ ਹਾਲ, ਦਫਤਰ, ਕੈਫੇ, ਮੈੱਸ ਤੇ ਵੀ. ਆਈ. ਪੀ. ਲੌਜ ਵੀ ਬਣਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਸਪੋਰਟਸ ਹੱਬ 'ਚ 8 ਲਾਈਨ ਵਾਲਾ ਸਵਿਮਿੰਗ ਪੂਲ ਬਣਾਇਆ ਜਾਵੇਗਾ, ਜਿਸ 'ਚ ਚੇਂਜਿੰਗ ਰੂਮ, ਰੈਸਟ ਰੂਮ ਅਤੇ 200 ਲੋਕਾਂ ਦੇ ਬੈਠਣ ਦਾ ਪ੍ਰਬੰਧ ਹੋਵੇਗਾ।

ਅਧਿਕਾਰੀਆਂ ਨੇ ਦੱਸਿਆ ਕਿ ਸਪੋਰਟਸ ਹੱਬ 'ਚ ਆਧੁਨਿਕ ਹਾਲ ਬਣਾਇਆ ਜਾ ਰਿਹਾ ਹੈ, ਜਿਸ ਵਿਚ 6 ਵੱਖ-ਵੱਖ ਲੈਵਲ ਹੋਣਗੇ। ਇਸ ਦਾ ਇਸਤੇਮਾਲ ਬਾਸਕਟਬਾਲ, ਵਾਲੀਬਾਲ, ਬੈਡਮਿੰਟਨ, ਸ਼ਾਟ ਟੈਨਿਸ, ਟੇਬਲ ਟੈਨਿਸ, ਲੁੱਡੋ, ਜਿਮਨੇਜੀਅਮ, ਹੈਂਡਬਾਲ, ਨੈੱਟਬਾਲ, ਹਾਕੀ ਤੇ ਸਕੁਐਸ਼ ਖੇਡਿਆ ਜਾ ਸਕੇਗਾ। ਸਪੋਰਟਸ ਹੱਬ ਵਿਚ 12 ਬਾਏ 15 ਮੀਟਰ ਦਾ ਸਕੇਟਿੰਗ ਰਿੰਗ ਵੀ ਬਣਾਇਆ ਜਾਵੇਗ। ਰਿੰਗ ਦਾ ਪ੍ਰਬੰਧ ਸੰਭਾਲਣ ਲਈ ਦਫਤਰ, ਬਾਰ ਐਂਡ ਰੈਸਟੋਰੈਂਟ, ਲੌਜ, ਫਿਟਨੈੱਸ ਸੈਂਟਰ, ਮਸਾਜ ਰੂਮ, ਯੋਗ ਤੇ ਐਰੋਬਿਕਸ ਕਲਾਸਿਜ਼ ਦਾ ਇੰਤਜ਼ਾਮ ਹੋਵੇਗਾ। ਇਸ ਸਪੋਰਟਸ ਹੱਬ ਦੀ ਇਹ ਵਿਸ਼ੇਸ਼ਤਾ ਰਹੇਗੀ ਕਿ ਇਸ ਵਿਚ ਇਕ ਸਪੋਰਟਸ ਮਾਲ ਵੀ ਬਣਾਇਆ ਜਾਵੇਗਾ। ਇਸ ਦੀਆਂ ਮੰਜ਼ਿਲਾਂ 'ਤੇ ਖੇਡਾਂ ਨਾਲ ਸਬੰਧਤ ਦੁਕਾਨਾਂ, ਮੀਟਿੰਗ ਰੂਮ, ਫਰੂਟ ਹਾਲ, ਕਿਡਸ ਜ਼ੋਨ ਸਣੇ ਕਈ ਤਰ੍ਹਾਂ ਦੀਆਂ ਖੇਡਾਂ ਲਈ ਪ੍ਰਬੰਧ ਹੋਣਗੇ।

ਸਪੋਰਟ ਹੱਬ ਦੀ ਇਕ ਖਾਸੀਅਤ ਇਹ ਰਹੇਗੀ ਕਿ ਇਸ 'ਚ 680 ਵਰਗ ਮੀਟਰ ਇਲਾਕੇ ਵਿਚ ਇਕ ਸ਼ੂਟਿੰਗ ਰੇਂਜ ਸਥਾਪਤ ਕੀਤੀ ਜਾਵੇਗੀ। ਇਥੇ 100 ਮੀਟਰ ਕਮਰਿਆਂ ਵਾਲਾ ਇਕ ਹੋਟਲ ਤੇ ਕਨਵੈਨਸ਼ਨ ਸੈਂਟਰ ਵੀ ਬਣਾਇਆ ਜਾਵੇਗਾ। ਇਸ ਤੋਂ ਇਲਾਵਾ ਬਿਜ਼ਨੈੱਸ ਸੈਂਟਰ, ਬੈਂਕੁਇੰਟ ਹਾਲ, ਹੈਲਥ ਕਲੱਬ, ਵੇਟਿੰਗ ਲੌਜ, ਰੈਸਟੋਰੈਂਟ ਤੇ ਕੀਚਰ ਆਦਿ ਬਣਾਇਆ ਜਾਵੇਗਾ। ਇਸ ਮਲਟੀ ਸਟੋਰੀ ਸਪੋਰਟਸ ਹੱਬ ਦੇ ਬਣਨ ਤੋਂ ਬਾਅਦ ਜਲੰਧਰ ਦੇਸ਼ ਦੇ ਨਕਸ਼ੇ 'ਤੇ ਉਭਰ ਕੇ ਆਏਗਾ। ਇਸ ਯੋਜਨਾ ਨੂੰ ਪੂਰਾ ਕਰਨ ਲਈ ਅਧਿਕਾਰੀਆਂ ਵਲੋਂ ਬੇਹੱਦ ਸਖਤ ਯਤਨ ਕੀਤੇ ਜਾ ਰਹੇ ਹਨ।


shivani attri

Content Editor

Related News