ਝੁੱਗੀ ਨੂੰ ਅੱਗ ਲੱਗਣ ਕਾਰਨ ਬੁਰੀ ਤਰ੍ਹਾਂ ਝੁਲਸਿਆ 18 ਸਾਲਾ ਪ੍ਰਵਾਸੀ ਨੌਜਵਾਨ, ਮੌਤ
Sunday, Apr 06, 2025 - 10:57 PM (IST)

ਆਦਮਪੁਰ, (ਰਣਦੀਪ ਕੁਮਾਰ)- ਆਦਮਪੁਰ ਦੇ ਪਿੰਡ ਡਮੁੰਡਾ ਵਿਖੇ ਝੁੱਗੀ ਵਿਚ ਰਹਿੰਦੇ 18 ਸਾਲ ਦੇ ਨੌਜਵਾਨ ਦੀ ਅੱਗ ਦੀ ਲਪੇਟ ਵਿੱਚ ਆਉਣ ਕਾਰਨ ਮੌਤ ਹੋ ਗਈ।
ਇਸ ਸਬੰਧੀ ਪੁਲਸ ਨੂੰ ਦਿੱਤੇ ਆਪਣੇ ਬਿਆਨਾਂ ਅੰਦਰ ਜਮੇਲੀ ਰਾਮ ਪੁੱਤਰ ਸੋਨੇਲਾਲ ਵਾਸੀ ਲਿਲਜਾ ਡਾਕਖਾਨਾ ਤੇਲਵਾ ਜਿਲਾ ਸਾਹਰਸਾ, ਬਿਹਾਰ ਹਾਲ ਵਾਸੀ ਪਾਲ ਸਿੰਘ ਪੁੱਤਰ ਪਿਆਰਾ ਸਿੰਘ ਪਿੰਡ ਡਮੁੰਡਾ ਥਾਣਾ ਆਦਮਪੁਰ ਨੇ ਦੱਸਿਆ ਕਿ ਮੈਂ ਆਪਣੇ ਪਰਿਵਾਰ ਸਮੇਤ ਕਰੀਬ 15 ਸਾਲ ਤੋਂ ਪੰਜਾਬ ਵਿੱਚ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਹੈ ਤੇ ਹੁਣ ਉਹ ਕਰੀਬ ਦੋ ਸਾਲ ਤੋ ਪਾਲ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਡਮੁੰਡਾ ਦੇ ਖੇਤਾ ਵਿੱਚ ਲੱਗੀ ਮੋਟਰ ਦੇ ਕਮਰੇ ਨਾਲ ਆਪਣੀ ਅਲੱਗ ਲੱਕੜ ਅਤੇ ਕਾਨਿਆਂ ਦੀ ਝੁੱਗੀ ਬਣਾ ਕੇ ਪਰਿਵਾਰ ਸਮੇਤ ਰਹਿ ਰਿਹਾ ਸੀ। ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਮੇਰੇ 4 ਲੜਕੀਆ ਅਤੇ 1 ਲੜਕਾ ਹੈ। ਮੇਰੀ ਵੱਡੀ ਲੜਕੀ ਦਾ ਵਿਆਹ ਹੋ ਚੁੱਕਾ ਹੈ।
ਉਸਨੇ ਦੱਸਿਆ ਕਿ ਮੇਰਾ ਵੱਡਾ ਲੜਕਾ ਕ੍ਰਿਸ਼ਨਾ ਜਿਸਦੀ ਉਮਰ ਕਰੀਬ 18 ਸਾਲ ਹੈ ਜੋ ਦਿਮਾਗੀ ਤੌਰ ਤੇ ਸਿਧਰਾ ਹੋਣ ਕਾਰਨ ਕੋਈ ਕੰਮਕਾਰ ਨਹੀ ਕਰਦਾ ਸੀ। ਅੱਜ ਮੈਂ ਆਪਣੀ ਘਰਵਾਲੀ ਬਚਮਨੀ ਦੇਵੀ ਨਾਲ ਪਿੰਡ ਕੰਮ 'ਤੇ ਗਿਆ ਹੋਇਆ ਸੀ। ਮੈਨੂੰ ਮੇਰੇ ਸਾਂਢੂ ਵਿਜੈ ਕੁਮਾਰ ਦਾ ਫੋਨ ਆਇਆ ਕਿ ਤੇਰੇ ਲੜਕੇ ਦੀ ਝੁੱਗੀ ਨੂੰ ਅੱਗ ਲੱਗਣ ਗਈ ਜਿਸ ਕਾਰਨ ਮੌਤ ਹੋ ਗਈ ਹੈ ਤੇ ਮੈਂ ਉਸੇ ਵੇਲੇ ਹੀ ਆਪਣੀ ਪਤਨੀ ਬਚਨੀ ਦੇਵੀ ਨੂੰ ਲੈ ਕੇ ਘਰ ਆ ਗਿਆ ਜਿੱਥੇ ਮੈਂ ਦੇਖਿਆ ਕਿ ਮੇਰੀ ਝੁੱਗੀ ਸੜ ਚੁੱਕੀ ਸੀ ਅਤੇ ਕਾਰਨ ਅੱਗ ਵਿੱਚ ਝੁਲਸ ਕੇ ਮੌਕੇ ਤੇ ਹੀ ਮੌਤ ਹੋ ਗਈ ਹੈ।
ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਝੁੱਗੀ 'ਚ ਅੱਗ ਲੱਗਣ ਕਾਰਨ ਕੱਪੜੇ ਧੋਣ ਵਾਲੀ ਮਸ਼ੀਨ, ਤਿੰਨ ਮੰਜੇ, ਬਿਸਤਰੇ, ਕਰੀਬ 8,000 ਰੁਪਏ, ਰਾਸ਼ਨ ਅਤੇ ਜ਼ਰੂਰੀ ਕਾਗਜਾਤ ਆਦਿ ਸੜ੍ਹ ਗਏ।
ਉਨ੍ਹਾਂ ਦਾ ਕਹਿਣਾ ਹੈ ਕਿ ਇਹ ਹਾਦਸਾ ਕੁਦਰਤੀ ਤੇ ਅਚਾਨਕ ਹੋਇਆ ਹੈ ਜਿਸ ਵਿੱਚ ਕਿਸੇ ਦਾ ਕੋਈ ਕਸੂਰ ਨਹੀ ਅਤੇ ਨਾ ਹੀ ਸਾਨੂੰ ਕਿਸੇ 'ਤੇ ਕੋਈ ਸ਼ੱਕ ਹੈ। ਇਸ ਸਬੰਧੀ ਥਾਣਾ ਮੁਖੀ ਇੰਸਪੈਕਟਰ ਹਰਦੇਵ ਪ੍ਰੀਤ ਸਿੰਘ ਨੇ ਦੱਸਿਆ ਕਿ ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਜਲੰਧਰ ਭੇਜ ਦਿੱਤਾ ਹੈ ਤੇ ਪੋਸਟਮਾਰਟਮ ਉਪਰੰਤ ਮ੍ਰਿਤਕ ਕ੍ਰਿਸ਼ਨਾ ਦੀ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਜਾਵੇਗੀ।