ਸ੍ਰੀ ਗੁਰੂ ਰਵਿਦਾਸ ਚੌਕ ਨੂੰ ਨਵੇਂ ਸਿਰੇ ਤੋਂ ਡਿਜ਼ਾਈਨ ਕਰਨ ਦੀ ਉੱਠੀ ਮੰਗ

03/14/2020 3:14:53 PM

ਜਲੰਧਰ (ਖੁਰਾਣਾ)— ਸਮਾਰਟ ਸਿਟੀ ਦੇ 20 ਕਰੋੜ ਰੁਪਏ ਨਾਲ ਸ਼ਹਿਰ ਦੇ 11 ਚੌਕਾਂ ਨੂੰ ਸੰਵਾਰਨ ਦਾ ਪ੍ਰਾਜੈਕਟ ਸ਼ੁਰੂ ਕੀਤਾ ਗਿਆ ਹੈ। ਇਸੇ ਪ੍ਰਾਜੈਕਟ ਤਹਿਤ ਵਰਕਸ਼ਾਪ ਚੌਕ ਤੋਂ ਬਾਅਦ ਹੁਣ ਗੁਰੂ ਰਵਿਦਾਸ ਚੌਕ ਨੂੰ ਸੰਵਾਰਨ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਹੈ, ਜਿਸ 'ਤੇ ਐਸਟੀਮੇਟ ਮੁਤਾਬਕ 3.52 ਕਰੋੜ ਰੁਪਏ ਖਰਚ ਹੋਣ ਦਾ ਅੰਦਾਜ਼ਾ ਹੈ।

ਜ਼ਿਕਰਯੋਗ ਹੈ ਕਿ ਇਸ ਸਮੇਂ ਟ੍ਰੈਫਿਕ ਦੀ ਦ੍ਰਿਸ਼ਟੀ ਨਾਲ ਸ੍ਰੀ ਗੁਰੂ ਰਵਿਦਾਸ ਚੌਕ ਨੂੰ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ ਕਿ ਕਿਉਂਕਿ ਪੂਰੇ ਨਕੋਦਰ ਸ਼ਹਿਰ ਦੀ 120 ਫੁੱਟੀ ਰੋਡ ਅਤੇ ਮਾਡਲ ਟਾਊਨ ਦੇ ਇਕ ਵੱਡੇ ਹਿੱਸੇ ਦਾ ਟ੍ਰੈਫਿਕ ਇਸ ਚੌਕ ਵਿਚੋਂ ਹੋ ਕੇ ਲੰਘਦਾ ਹੈ, ਜਿਸ ਕਾਰਨ ਇਥੇ ਹਮੇਸ਼ਾ ਟ੍ਰੈਫਿਕ ਜਾਮ ਰਹਿੰਦਾ ਹੈ। ਸਮਾਰਟ ਸਿਟੀ ਤਹਿਤ ਸ਼ੁਰੂ ਹੋਏ ਪ੍ਰਾਜੈਕਟ ਦੌਰਾਨ ਮੰਗ ਉੱਠ ਰਹੀ ਹੈ ਕਿ ਚੌਕ ਨੂੰ ਸੰਵਾਰਨ ਦੇ ਨਾਲ-ਨਾਲ ਇਸ ਨੂੰ ਰੀ-ਡਿਜ਼ਾਈਨ ਵੀ ਕੀਤਾ ਜਾਵੇ ਤਾਂ ਜੋ ਟ੍ਰੈਫਿਕ ਦੀ ਸਮੱਸਿਆ ਦਾ ਹੱਲ ਹੋ ਸਕੇ ਅਤੇ ਪੂਰੇ ਇਲਾਕੇ ਨੂੰ ਟ੍ਰੈਫਿਕ ਜਾਮ ਅਤੇ ਹੋਰ ਸਮੱਸਿਆਵਾਂ ਤੋਂ ਮੁਕਤੀ ਮਿਲ ਸਕੇ। ਇਸ ਮੰਗ ਲਈ ਕਾਂਗਰਸੀ ਆਗੂ ਮੇਜਰ ਸਿੰਘ ਨੇ ਬੀਤੇ ਦਿਨ ਮੇਅਰ ਜਗਦੀਸ਼ ਰਾਜਾ ਅਤੇ ਹੋਰ ਨਿਗਮ ਅਧਿਕਾਰੀਆਂ ਨਾਲ ਗੱਲ ਕੀਤੀ।

ਉਨ੍ਹਾਂ ਦਾ ਕਹਿਣਾ ਹੈ ਕਿ ਸਮਾਰਟ ਸਿਟੀ ਤਹਿਤ ਹੋਣ ਵਾਲੇ ਕੰਮਾਂ ਨਾਲ ਸ਼ਹਿਰੀਆਂ ਨੂੰ ਸਹੂਲਤ ਮਿਲਣੀ ਚਾਹੀਦੀ ਹੈ। ਇਸ ਦੀ ਬਜਾਏ ਚੌਕ ਨੂੰ ਹੋਰ ਵੱਡਾ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ, ਜਿਸ ਨਾਲ ਟ੍ਰੈਫਿਕ ਨੂੰ ਹੋਰ ਸਮੱਸਿਆ ਆਵੇਗੀ। ਉਨ੍ਹਾਂ ਕਿਹਾ ਕਿ ਇਸ ਚੌਕ ਨਾਲ ਧਾਰਮਿਕ ਭਾਵਨਾਵਾਂ ਵੀ ਜੁੜੀਆਂ ਹੋਈਆਂ ਹਨ। ਇਸ ਲਈ ਅਜਿਹੇ ਸੰਗਠਨਾਂ ਨੂੰ ਵੀ ਚਾਹੀਦਾ ਹੈ ਕਿ ਇਲਾਕੇ ਦੀ ਖੂਬਸੂਰਤੀ ਵਧਾਉਣ ਅਤੇ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਚੌਕ ਨੂੰ ਇਸ ਤਰ੍ਹਾਂ ਰੀ-ਡਿਜ਼ਾਈਨ ਕਰਵਾਉਣ ਕਿ ਆਉਣ ਵਾਲੇ ਸਮੇਂ ਵਿਚ ਟ੍ਰੈਫਿਕ ਦੀ ਸਮੱਸਿਆ ਖਤਮ ਹੋ ਸਕੇ।


shivani attri

Content Editor

Related News