ਜਲੰਧਰ ਦੇ ਕਿਲਾ ਮੁਹੱਲਾ ’ਚ ਚੱਲੀਆਂ ਗੋਲੀਆਂ; ਇਲਾਕੇ ’ਚ ਦਹਿਸ਼ਤ ਦਾ ਮਾਹੌਲ

Wednesday, Oct 26, 2022 - 04:15 AM (IST)

ਜਲੰਧਰ ਦੇ ਕਿਲਾ ਮੁਹੱਲਾ ’ਚ ਚੱਲੀਆਂ ਗੋਲੀਆਂ; ਇਲਾਕੇ ’ਚ ਦਹਿਸ਼ਤ ਦਾ ਮਾਹੌਲ

ਜਲੰਧਰ (ਮਹੇਸ਼) : ਥਾਣਾ ਨੰਬਰ 3 ਦੇ ਇਲਾਕੇ ਕਿਲਾ ਮੁਹੱਲਾ 'ਚ ਦੀਵਾਲੀ ਵਾਲੀ ਰਾਤ ਗੁੰਡਾ ਅਨਸਰਾਂ ਵੱਲੋਂ ਸ਼ਰੇਆਮ ਚਲਾਈਆਂ ਗੋਲੀਆਂ ਕਾਰਨ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਪਟਾਕੇ ਚਲਾ ਕੇ ਦੀਵਾਲੀ ਦਾ ਜਸ਼ਨ ਮਨਾ ਰਹੇ ਇਲਾਕੇ ਦੇ ਲੋਕ ਤਣਾਅਪੂਰਨ ਬਣੀ ਸਥਿਤੀ ਨੂੰ ਦੇਖਦਿਆਂ ਆਪਣੇ ਘਰਾਂ ਵਿਚ ਜਾ ਵੜੇ। ਗੁੰਡਾ ਅਨਸਰਾਂ ਨੇ ਪਹਿਲਾਂ ਸ਼ਿਵ ਸੈਨਾ (ਹਿੰਦ) ਦੇ ਰਾਸ਼ਟਰੀ ਬੁਲਾਰੇ ਸੁਭਾਸ਼ ਮਹਾਜਨ ਪੁੱਤਰ ਬਾਬੂ ਰਾਮ ਮਹਾਜਨ ਦੇ ਘਰ ਦੇ ਬਾਹਰ ਗੋਲੀਆਂ ਚਲਾਈਆਂ ਅਤੇ ਭੰਨ-ਤੋੜ ਵੀ ਕੀਤੀ ਤੇ ਹੋਰ ਘਰਾਂ ਦੇ ਬਾਹਰ ਖੜ੍ਹੇ ਵਾਹਨਾਂ ਦੀ ਭੰਨ-ਤੋੜ ਵੀ ਕੀਤੀ।

ਇਹ ਵੀ ਪੜ੍ਹੋ : ਹੁਸ਼ਿਆਰਪੁਰ ’ਚ ਵਾਪਰੀ ਦਿਲ ਦਹਿਲਾਉਣ ਵਾਲੀ ਘਟਨਾ, ਪੌਣੇ 3 ਸਾਲ ਦੀ ਬੱਚੀ ਨਾਲ ਜਬਰ-ਜ਼ਿਨਾਹ ਕਰ ਕੀਤਾ ਕਤਲ

ਹਮਲਾਵਰਾਂ ਨੇ ਫਰਾਰ ਹੋਣ ਤੋਂ ਪਹਿਲਾਂ ਸ਼ਿਵ ਸੈਨਾ ਆਗੂ ਸੁਭਾਸ਼ ਮਹਾਜਨ ਅਤੇ ਉਨ੍ਹਾਂ ਦੇ ਬੇਟੇ ਦਿਨੇਸ਼ ਮਹਾਜਨ ’ਤੇ ਦਾਤ ਨਾਲ ਜਾਨਲੇਵਾ ਹਮਲਾ ਕਰਦਿਆਂ ਉਨ੍ਹਾਂ ਨੂੰ ਗੰਭੀਰ ਰੂਪ ਵਿਚ ਜ਼ਖ਼ਮੀ ਕਰ ਦਿੱਤਾ, ਜਿਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ। ਕਿਲਾ ਮੁਹੱਲਾ ਵਿਚ ਗੋਲੀਆਂ ਚਲਾਉਣ ਦੀ ਸੂਚਨਾ ਮਿਲਦੇ ਹੀ ਕਮਿਸ਼ਨਰੇਟ ਪੁਲਸ ਦੇ ਅਧਿਕਾਰੀ ਅਤੇ ਥਾਣਾ ਨੰਬਰ 3 ਦੇ ਐੱਸ. ਐੱਚ. ਓ. ਕਮਲਜੀਤ ਸਿੰਘ ਪੁਲਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ ਪਰ ਪੁਲਸ ਦੇ ਪਹੁੰਚਣ ਤੋਂ ਪਹਿਲਾਂ ਹੀ ਹਮਲਾਵਰ ਮੌਕੇ ਤੋਂ ਫਰਾਰ ਹੋ ਚੁੱਕੇ ਸਨ। ਜਾਂਚ ਦੌਰਾਨ ਪੁਲਸ ਨੂੰ 2 ਖੋਲ ਬਰਾਮਦ ਹੋਏ, ਜਦੋਂ ਕਿ ਕਿਹਾ ਜਾ ਰਿਹਾ ਹੈ ਕਿ ਗੁੰਡਿਆਂ ਨੇ 5 ਗੋਲੀਆਂ ਸੁਭਾਸ਼ ਮਹਾਜਨ ਦੇ ਘਰ ਵੱਲ ਚਲਾਈਆਂ ਸਨ। ਸੀ. ਸੀ. ਟੀ. ਵੀ. ਫੁਟੇਜ ਚੈੱਕ ਕਰਨ ’ਤੇ ਉਸ ਵਿਚ ਗੋਲੀਆਂ ਚਲਾਉਂਦਾ ਸ਼ਿਵਮ ਚੌਹਾਨ ਦਿਖਾਈ ਦੇ ਰਿਹਾ ਹੈ। ਪੁਲਸ ਨੇ ਇਸ ਫੁਟੇਜ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਹੈ।

PunjabKesari

ਥਾਣਾ ਨੰਬਰ 3 'ਚ ਧਾਰਾ 307 ਦਾ ਕੇਸ ਦਰਜ

ਕਿਲਾ ਮੁਹੱਲਾ 'ਚ ਚਲਾਈਆਂ ਗਈਆਂ ਗੋਲੀਆਂ ਨੂੰ ਲੈ ਕੇ ਥਾਣਾ ਨੰਬਰ 3 ਵਿਚ ਸ਼ਿਵ ਸੈਨਾ (ਹਿੰਦ) ਦੇ ਆਗੂ ਸੁਭਾਸ਼ ਮਹਾਜਨ ਦੇ ਬਿਆਨਾਂ ’ਤੇ ਸ਼ਿਵਮ ਚੌਹਾਨ ਉਰਫ ਤੋਤਾ ਅਤੇ ਉਸ ਦੇ ਹੋਰ ਸਾਥੀਆਂ ਖ਼ਿਲਾਫ਼ 307 ਤੇ ਆਈ. ਪੀ. ਸੀ. ਦੀਆਂ ਹੋਰ ਧਾਰਾਵਾਂ ਤੋਂ ਇਲਾਵਾ ਆਰਮਜ਼ ਐਕਟ ਤਹਿਤ 123 ਨੰਬਰ ਐੱਫ. ਆਈ. ਆਰ. ਦਰਜ ਕੀਤੀ ਗਈ ਹੈ। ਕੇਸ ਦਰਜ ਕੀਤੇ ਜਾਣ ਦੀ ਪੁਸ਼ਟੀ ਕਰਦਿਆਂ ਥਾਣਾ ਨੰਬਰ 3 ਦੇ ਐੱਸ. ਐੱਚ. ਓ. ਕਮਲਜੀਤ ਸਿੰਘ ਨੇ ਕਿਹਾ ਕਿ ਹਮਲਾਵਰਾਂ ਨੂੰ ਗ੍ਰਿਫ਼ਤਾਰ ਕਰਨ ਲਈ ਰੇਡ ਕੀਤੀ ਜਾ ਰਹੀ ਹੈ। ਸਾਰੇ ਮੁਲਜ਼ਮ ਜਲਦ ਬੇਨਕਾਬ ਕੀਤੇ ਜਾਣਗੇ।

ਦਿਨੇਸ਼ ਢੱਲ ਦੀ ਮਦਦ ਕਰਨ ’ਤੇ ਕੀਤਾ ਗਿਆ ਹਮਲਾ : ਸੁਭਾਸ਼ ਮਹਾਜਨ

ਸ਼ਿਵ ਸੈਨਾ (ਹਿੰਦ) ਦੇ ਆਗੂ ਸੁਭਾਸ਼ ਮਹਾਜਨ ਨੇ ਕਿਹਾ ਕਿ ਚਰਨਜੀਤਪੁਰਾ ਮੁਹੱਲੇ 'ਚ ਉਨ੍ਹਾਂ ਦੀ ਸਵੀਟ ਸ਼ਾਪ ਹੈ। ਦੀਵਾਲੀ ਦੀ ਰਾਤ ਉਹ 11.30 ਵਜੇ ਆਪਣੀ ਦੁਕਾਨ ਬੰਦ ਕਰਨ ਤੋਂ ਬਾਅਦ ਘਰ ਪਹੁੰਚੇ ਸਨ। ਖਾਣਾ ਖਾਣ ਤੋਂ ਬਾਅਦ ਉਹ ਸੌਣ ਲਈ ਚਲੇ ਗਏ। ਇੰਨੇ 'ਚ ਜਦੋਂ ਬਾਹਰੋਂ ਉੱਚੀਆਂ ਆਵਾਜ਼ਾਂ ਸੁਣਾਈ ਦਿੱਤੀਆਂ ਤਾਂ ਉਨ੍ਹਾਂ ਉੱਠ ਕੇ ਦੇਖਿਆ ਤਾਂ ਘਰ ਦੇ ਬਾਹਰ ਗੁੰਡਾਗਰਦੀ ਦਾ ਨੰਗਾ ਨਾਚ ਹੋ ਰਿਹਾ ਸੀ।

ਮਹਾਜਨ ਨੇ ਕਿਹਾ ਕਿ ਉੱਤਰੀ ਹਲਕੇ ਦੇ ਇਕ ਵੱਡੇ ਕਾਂਗਰਸੀ ਆਗੂ ਦੇ ਨਜ਼ਦੀਕੀ ਤੋਤਾ ਦੇ ਹੱਥ 'ਚ ਰਿਵਾਲਵਰ ਫੜੀ ਹੋਈ ਸੀ ਅਤੇ ਉਹ ਤਾਬੜਤੋੜ ਉਨ੍ਹਾਂ ਦੇ ਘਰ ਵੱਲ ਫਾਇਰ ਕਰ ਰਿਹਾ ਸੀ। ਉਸ ਦੇ ਨਾਲ 8-10 ਹੋਰ ਅਣਪਛਾਤੇ ਨੌਜਵਾਨ ਵੀ ਸਨ, ਜਿਨ੍ਹਾਂ ਦੇ ਹੱਥਾਂ ਵਿਚ ਤੇਜ਼ਧਾਰ ਹਥਿਆਰ ਸਨ। ਸ਼ਿਵ ਸੈਨਾ ਆਗੂ ਨੇ ਕਿਹਾ ਕਿ ਉਸ ਨੇ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਦੇ ਉੱਤਰੀ ਹਲਕੇ ਤੋਂ ਉਮੀਦਵਾਰ ਦਿਨੇਸ਼ ਢੱਲ ਦੀ ਖੁੱਲ੍ਹ ਕੇ ਮਦਦ ਕੀਤੀ ਸੀ, ਜਿਸ ਨੂੰ ਲੈ ਕੇ ਕਾਂਗਰਸੀ ਉਸ ਨਾਲ ਰੰਜਿਸ਼ ਰੱਖਦੇ ਸਨ। ਇਸੇ ਰੰਜਿਸ਼ ਕਾਰਨ ਉਨ੍ਹਾਂ ’ਤੇ ਹਮਲਾ ਕੀਤਾ ਗਿਆ।

PunjabKesari

ਇਕ ਮਹੀਨਾ ਪਹਿਲਾਂ ਪੁਲਸ ਕਮਿਸ਼ਨਰ ਨੂੰ ਦਿੱਤੀ ਸੀ ਸ਼ਿਕਾਇਤ

ਸੁਭਾਸ਼ ਮਹਾਜਨ ਨੇ ਦੱਸਿਆ ਕਿ ਉਨ੍ਹਾਂ ਇਕ ਮਹੀਨਾ ਪਹਿਲਾਂ ਪੁਲਸ ਕਮਿਸ਼ਨਰ ਜਲੰਧਰ ਨੂੰ ਮਿਲ ਕੇ ਲਿਖਤੀ ਸ਼ਿਕਾਇਤ ਦਿੰਦਿਆਂ ਕਿਹਾ ਸੀ ਕਿ ਕਾਂਗਰਸੀ ਆਗੂ ਦੇ ਕਈ ਗੁੰਡੇ ਉਨ੍ਹਾਂ ਦੀ ਜਾਨ ਦੇ ਦੁਸ਼ਮਣ ਬਣੇ ਹੋਏ ਹਨ, ਜਿਹੜੇ ਕਿ ਕਦੀ ਵੀ ਉਨ੍ਹਾਂ ਦੇ ਘਰ ਅਤੇ ਪਰਿਵਾਰ ’ਤੇ ਹਮਲਾ ਕਰ ਸਕਦੇ ਹਨ, ਜਿਸ ਕਾਰਨ ਉਨ੍ਹਾਂ ਨੂੰ ਸੁਰੱਖਿਆ ਮੁਹੱਈਆ ਕਰਵਾਈ ਜਾਵੇ ਪਰ ਪੁਲਸ ਨੇ ਉਨ੍ਹਾਂ ਦੀ ਸ਼ਿਕਾਇਤ ’ਤੇ ਕੋਈ ਧਿਆਨ ਨਹੀਂ ਦਿੱਤਾ। ਗੁੰਡਿਆਂ ਨੇ ਅੱਜ ਉਨ੍ਹਾਂ ਦੇ ਘਰ ਤੱਕ ਪਹੁੰਚ ਕਰਕੇ ਉਨ੍ਹਾਂ ’ਤੇ ਜਾਨਲੇਵਾ ਹਮਲਾ ਕਰ ਦਿੱਤਾ।

295-ਏ ਧਾਰਾ ਵੀ ਲਾਈ ਜਾਵੇ

ਸੁਭਾਸ਼ ਮਹਾਜਨ ਨੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਨ੍ਹਾਂ ’ਤੇ ਕੀਤੇ ਗਏ ਹਮਲੇ ਨੂੰ ਲੈ ਕੇ ਦਰਜ ਕੀਤੀ ਐੱਫ. ਆਈ. ਆਰ. ਨੰਬਰ 123 ਵਿਚ ਆਈ. ਪੀ. ਸੀ. ਦੀ ਧਾਰਾ 295-ਏ ਵੀ ਲਾਈ ਜਾਵੇ ਕਿਉਂਕਿ ਗੁੰਡਿਆਂ ਵੱਲੋਂ ਉਨ੍ਹਾਂ ਦੇ ਘਰ ਦੇ ਨਾਲ ਹੀ ਸਥਿਤ ਪ੍ਰਾਚੀਨ ਸ਼ਿਵ ਮੰਦਰ 'ਚ ਵੀ ਭੰਨ-ਤੋੜ ਕੀਤੀ ਗਈ ਹੈ, ਜਿਸ ਕਾਰਨ ਹਿੰਦੂ ਸਮਾਜ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪੁੱਜੀ ਹੈ। ਮਹਾਜਨ ਨੇ ਕਿਹਾ ਕਿ ਉਹ ਉਕਤ ਸ਼ਿਵ ਮੰਦਰ ਦੇ ਪ੍ਰਧਾਨ ਵੀ ਹਨ।

PunjabKesari

ਹੁਣ ਆਮ ਆਦਮੀ ਪਾਰਟੀ ਦੀ ਸਰਕਾਰ, ਉੱਤਰੀ ਹਲਕੇ ’ਚ ਗੁੰਡਾਗਰਦੀ ਨਹੀਂ ਹੋਵੇਗੀ ਬਰਦਾਸ਼ਤ : ਦਿਨੇਸ਼ ਢੱਲ

ਸ਼ਹਿਰ ਦੇ ਅੰਦਰੂਨੀ ਇਲਾਕੇ ਕਿਲਾ ਮੁਹੱਲਾ 'ਚ ਦੇਰ ਰਾਤ ਹੋਈ ਗੁੰਡਾਗਰਦੀ ਦੌਰਾਨ ਬੁਰੀ ਤਰ੍ਹਾਂ ਜ਼ਖ਼ਮੀ ਹੋਏ ਆਮ ਆਦਮੀ ਪਾਰਟੀ ਦੇ ਸਮਰਥਕਾਂ ਦਾ ਹਾਲ ਜਾਣਨ ਲਈ ਅੱਜ ਉੱਤਰੀ ਵਿਧਾਨ ਸਭਾ ਹਲਕੇ ਦੇ ਇੰਚਾਰਜ ਦਿਨੇਸ਼ ਢੱਲ ਨੇ ਇਲਾਕੇ ਦਾ ਦੌਰਾ ਕੀਤਾ ਅਤੇ ਉਨ੍ਹਾਂ ਸਾਫ ਸ਼ਬਦਾਂ ਵਿਚ ਸੰਦੇਸ਼ ਦਿੱਤਾ ਕਿ ਹੁਣ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਇਸ ਲਈ ਉੱਤਰੀ ਵਿਧਾਨ ਸਭਾ ਹਲਕੇ 'ਚ ਗੁੰਡਾਗਰਦੀ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਇਸ ਮੌਕੇ ਉਨ੍ਹਾਂ ਨਾਲ ਅਮਿਤ ਢੱਲ, ਅਨਿਲ ਢੱਲ ਬੌਬੀ, ਵਾਰਡ 53 ਵਿਚ ਆਮ ਆਦਮੀ ਪਾਰਟੀ ਦੇ ਸਰਗਰਮ ਆਗੂ ਨਵਦੀਪ ਮਦਾਨ ਨੈਡੀ, ਪੰਕਜ ਢੱਲ, ਰਾਜ ਕੁਮਾਰ ਸ਼ਰਮਾ ਅਤੇ ਵਿਮਲ ਵੀ ਸਨ। ਦਿਨੇਸ਼ ਢੱਲ ਨੇ ਕਿਹਾ ਕਿ ਉੱਤਰੀ ਵਿਧਾਨ ਸਭਾ ਹਲਕੇ ਵਿਚ ਸਾਬਕਾ ਕਾਂਗਰਸੀ ਮੰਤਰੀ ਨੇ ਹਮੇਸ਼ਾ ਗੁੰਡਾ ਅਨਸਰਾਂ ਨੂੰ ਖੁੱਲ੍ਹ ਕੇ ਸਮਰਥਨ ਦਿੱਤਾ। ਆਪਣੇ ਬੱਚਿਆਂ ਨੂੰ ਤਾਂ ਬਚਾਈ ਰੱਖਿਆ ਪਰ ਦੂਜਿਆਂ ਦੇ ਬੱਚਿਆਂ ਨੂੰ ਗੈਂਗਵਾਰ ਅਤੇ ਗੁੰਡਾਗਰਦੀ ਵਿਚ ਧੱਕ ਦਿੱਤਾ।

PunjabKesari

ਇਸ ਦੌਰਾਨ ‘ਆਪ’ ਆਗੂ ਨਵਦੀਪ ਮਦਾਨ ਨੈਡੀ ਨੇ ਕਿਹਾ ਕਿ ਜਿਸ ਤਰ੍ਹਾਂ ਛੋਟੀ ਉਮਰ ਦੇ ਨੌਜਵਾਨ ਨੇ ਫਾਇਰਿੰਗ ਕਰਕੇ ਅਤੇ ਤਲਵਾਰਾਂ ਨਾਲ ਦੂਜੀ ਧਿਰ ਦੇ ਲੋਕਾਂ ਨੂੰ ਜ਼ਖ਼ਮੀ ਕਰਕੇ ਸ਼ਰੇਆਮ ਗੁੰਡਾਗਰਦੀ ਕੀਤੀ ਹੈ, ਉਸ ਨਾਲ ਪੂਰੇ ਇਲਾਕੇ ਵਿਚ ਗੁੱਸਾ ਅਤੇ ਦਹਿਸ਼ਤ ਹੈ। ‘ਆਪ’ ਆਗੂਆਂ ਨੇ ਕਿਹਾ ਕਿ ਹਮਲਾਵਰਾਂ ਦੀ ਪਛਾਣ ਹੋ ਗਈ ਹੈ ਅਤੇ ਉਨ੍ਹਾਂ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News