ਮਹਿਤਪੁਰ ਨਗਰ ਪੰਚਾਇਤ ਦੇ ਨੱਕ ਹੇਠ ਦੁਕਾਨਦਾਰਾਂ ਨੇ ਕੀਤੇ ਨਾਜਾਇਜ਼ ਕਬਜ਼ੇ
Friday, Mar 15, 2024 - 06:10 PM (IST)
ਮਹਿਤਪੁਰ (ਮਨੋਜ ਚੋਪੜਾ)- ਸਬ-ਤਹਿਸੀਲ ਮਹਿਤਪੁਰ ’ਚ ਟ੍ਰੈਫਿਕ ਸਮੱਸਿਆ ਨੇ ਬੜਾ ਵਿਕਰਾਲ ਰੂਪ ਧਾਰਨ ਕਰ ਲਿਆ ਹੈ। ਰੋਜ਼ਾਨਾ ਮੇਨ ਬਾਜ਼ਾਰ ’ਚ ਲੰਬਾਂ ਜਾਮ ਲੱਗਾ ਰਹਿੰਦਾ ਹੈ, ਜਿਸ ਨਾਲ ਸ਼ਹਿਰ ਵਾਸੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ‘ਜਗ ਬਾਣੀ’ ਵੱਲੋਂ ਜਦ ਲੋਕਾਂ ਨੂੰ ਆ ਰਹੀ ਮੁਸ਼ਕਿਲ ਬਾਰੇ ਜਾਣਨ ਲਈ ਮੇਨ ਬਾਜ਼ਾਰ ਦਾ ਦੌਰਾ ਕੀਤਾ ਗਿਆ ਤਾਂ ਵੇਖਿਆ ਕਿ ਮਹਿਤਪੁਰ ਦਾ ਤਾਂ ਸਾਰਾ ਬਾਜ਼ਾਰ ਤਾਂ ਦੁਕਾਨਾਂ ਦੇ ਬਾਹਰ ਸੜਕ ਕਿਨਾਰੇ ਲੱਗਾ ਹੋਇਆ ਹੈ।
ਲੋਕਾਂ ਅਨੁਸਾਰ ਸਿਆਸੀ ਰਸੂਖ ਰੱਖਣ ਵਾਲੇ ਤੇ ਨਗਰ ਪੰਚਾਇਤ ਦੇ ਮੋਹਤਬਰਾਂ ਦੇ ਕਰੀਬੀ ਲੋਕਾਂ ਵੱਲੋਂ ਸੜਕ ਦੇ ਕਿਨਾਰੇ ’ਤੇ ਨਾਜਾਇਜ਼ ਕਬਜ਼ੇ ਕਰਕੇ ਰੇਹੜੀਆਂ ਅਤੇ ਪੱਕੇ ਖੋਖੇ ਬਣਾਏ ਹੋਏ ਹਨ, ਜਿਸ ਤੋਂ ਨਗਰ ਪੰਚਾਇਤ ਦੇ ਕਰਿੰਦੇ ਮੋਟੀ ਰਕਮ ਵਸੂਲ ਰਹੇ ਹਨ। ਦੱਸਣਯੋਗ ਹੈ ਕਿ ਮਹਿਤਪੁਰ ਦਾ ਮੇਨ ਬਾਜ਼ਾਰ ਮਹਿਤਪੁਰ-ਨਕੋਦਰ-ਜਗਰਾਓਂ ਜੀ. ਟੀ. ਰੋਡ ਦੇ ਦੋਵਾਂ ਪਾਸੇ ਹੈ। ਜੀ. ਟੀ. ਰੋਡ ਹੋਣ ਕਾਰਨ ਬੱਸ ਸਟੈਂਡ ਤੋਂ ਲੈ ਕੇ ਆਦਰਾਮਾਨ ਮੋੜ ਤੱਕ ਕਾਫੀ ਆਵਾਜਾਈ ਰਹਿੰਦੀ ਹੈ। ਮਹਿਤਪੁਰ ਬਲਾਕ ਨੂੰ ਲੱਗਭਗ 100 ਤੋਂ ਉਪਰ ਪਿੰਡ ਲੱਗਦੇ ਹਨ, ਜਿਨ੍ਹਾਂ ਨੇ ਆਪਣੀ ਖ਼ਰੀਦਦਾਰੀ ਕਰਨ ਲਈ ਮੇਨ ਬਾਜ਼ਾਰ ’ਚ ਹੀ ਆਉਣਾ ਹੁੰਦਾ ਹੈ। ਮੇਨ ਬਾਜ਼ਾਰ ਦਾ ਹਾਲ ਇਹ ਹੈ ਕਿ ਗੱਡੀ ਤਾਂ ਦੂਰ ਦੀ ਗੱਲ ਤੁਸੀਂ ਮੋਟਰਸਾਈਕਲ ਵੀ ਨਹੀਂ ਲਗਾ ਸਕਦੇ, ਜੇਕਰ ਕਿਸੇ ਨੇ ਖ਼ਰੀਦਦਾਰੀ ਕਰਨੀ ਹੋਵੇ ਤਾਂ ਉਸ ਨੂੰ ਅਪਣੀ ਗੱਡੀ ਸੜਕ ’ਤੇ ਲਾ ਕੇ ਹੀ ਜਾਣਾ ਪੈਂਦਾ ਹੈ, ਜਿਸ ਨਾਲ ਲੰਬਾ ਜਾਮ ਲੱਗ ਜਾਂਦਾ ਹੈ।
ਇਹ ਵੀ ਪੜ੍ਹੋ: ਹੁਣ ਜਲੰਧਰ 'ਚ ਦੂਜੇ ਸ਼ਹਿਰਾਂ ਤੋਂ ਆਉਣ ਵਾਲੀਆਂ ਗੱਡੀਆਂ ਦੇ ਨਹੀਂ ਕੱਟੇ ਜਾਣਗੇ ਚਲਾਨ, ਖ਼ਾਸ ਹਦਾਇਤਾਂ ਜਾਰੀ
ਸਥਾਨਕ ਦੁਕਾਨਦਾਰਾਂ ਨੇ ਅਾਪਣੀਆਂ ਸਾਰੀਆਂ ਦੁਕਾਨਾਂ ਬਾਹਰ ਸੜਕ ਕਿਨਾਰੇ ਹੀ ਲਾਈਆਂ ਹੋਈਆਂ ਹਨ। ਸੂਤਰਾਂ ਅਨੁਸਾਰ ਕੁਝ ਦੁਕਾਨਦਾਰਾਂ ਨੇ ਤੇ ਆਪਣੀਆਂ ਦੁਕਾਨਾਂ ਦੇ ਬਾਹਰ ਫਰੂਟ, ਸਬਜ਼ੀਆਂ, ਜੂਸ ਤੇ ਫਾਸਟ ਫੂਡ ਦੀਆਂ ਰੇਹੜੀਆਂ ਲਾ ਕੇ ਮੋਟੀ ਕਮਾਈ ਕਰ ਰਹੇ ਹਨ ਪਤਾ ਲੱਗਾ ਕਿ ਦੁਕਾਨਦਾਰ ਰੇਹੜੀ ਵਾਲਿਆਂ ਤੋਂ ਰੋਜ਼ਾਨਾ 200 ਤੋਂ 500 ਰੁਪਏ ਲੈ ਰਹੇ ਹਨ ਪਰ ਨਗਰ ਪੰਚਾਇਤ ਮੂਕ ਦਰਸ਼ਕ ਬਣ ਤਮਾਸ਼ਾ ਦੇਖ ਰਹੀ ਹੈ। ਕੁਝ ਤਾਂ ਨਗਰ ਪੰਚਾਇਤ ਦੇ ਮੋਹਤਬਰਾਂ ਦੇ ਕਰੀਬੀ ਲੋਕਾਂ ਨੇ ਬੇਖੌਫ ਸੜਕਾਂ ’ਤੇ ਕਬਜ਼ੇ ਕੀਤੇ ਹੋਏ ਹਨ, ਜੋ ਟ੍ਰੈਫਿਕ ’ਚ ਵਿਘਨ ਪਾ ਰਹੇ ਹਨ। ਲੋਕਾਂ ਦਾ ਕਹਿਣਾ ਹੈ ਨਗਰ ਪੰਚਾਇਤ ਵੱਲੋਂ ਬੱਸ ਸਟੈਂਡ ’ਤੇ ਪੱਕੀਆਂ ਰੇਹੜੀਆਂ ਲਾ ਕੇ ਮੋਟੇ ਪੈਸੇ ਵਸੂਲੇ ਜਾ ਰਹੇ ਹਨ। ਬੱਸਾਂ ਮੇਨ ਸੜਕ ’ਤੇ ਖੜ੍ਹੀਆਂ ਹੋਣ ਕਾਰਨ ਵੀ ਟ੍ਰੈਫਿਕ ਦੀ ਸਮੱਸਿਆਂ ਦਿਨ-ਬ-ਦਿਨ ਵਧ ਰਹੀ ਹੈ।
ਸਵਾਲ ਤਾਂ ਇਹ ਹੈ ਕਿ ਨਗਰ ਪੰਚਾਇਤ ਦੇ ਅਧਿਕਾਰੀਆਂ ਦੀ ਦੁਕਾਨਦਾਰਾਂ ਵੱਲੋਂ ਕੀਤੇ ਨਾਜਾਇਜ਼ ਕਬਜ਼ਿਆਂ ’ਤੇ ਨਜ਼ਰ ਕਿਉਂ ਨਹੀਂ ਪੈਂਦੀ? ਕਿਉਂ ਅੱਜ ਤੱਕ ਆਪਣੀਆਂ ਦੁਕਾਨਾਂ ਦੇ ਬਾਹਰ ਰੇਹੜੀਆਂ, ਖੋਖੇ ਲਾ ਕੇ ਮੋਟੀ ਕਮਾਈ ਕਰ ਰਹੇ ਦੁਕਾਨਦਾਰਾਂ ’ਤੇ ਕੋਈ ਕਾਰਵਾਈ ਕਿਉਂ ਨਹੀਂ ਕੀਤੀ, ਕਿ ਦਾਲ ’ਚ ਕੁਝ ਕਾਲਾ ਹੈ ਕਿ ਜਾਂ ਫਿਰ ਦਾਲ ਹੀ ਕਾਲੀ ਹੈ। ਨਗਰ ਪੰਚਾਇਤ ਨੂੰ ਲੋੜ ਹੈ ਸ਼ਹਿਰ ’ਚ ਸਰਕਾਰੀ ਪਾਰਕਿੰਗ ਬਣਾਉਣ ਦੀ, ਜਿਸ ਨਾਲ ਨਗਰ ਪੰਚਾਇਤ ਨੂੰ ਆਮਦਨ ਵੀ ਹੋਵੇਗੀ ਤੇ ਸ਼ਹਿਰ ’ਚ ਵੱਧ ਰਹੀ ਟ੍ਰੈਫਿਕ ਸਮੱਸਿਆ ਵੀ ਦੂਰ ਹੋਵੇਗੀ। ਨਗਰ ਪੰਚਾਇਤ ਅਧਿਕਾਰੀ ਵੀ ਸਿਆਸੀ ਦਬਾਅ ਕਾਰਨ ਚੁੱਪਚਾਪ ਅਣਦੇਖਿਆ ਕਰ ਅਪਣੀ ਡਿਊਟੀ ਕਰੀ ਜਾ ਰਹੇ ਹਨ। ਵੇਖਣਾ ਹੁਣ ਇਹ ਹੋਵੇਗਾ ਕਿ ਨਗਰ ਪੰਚਾਇਤ ਅਧਿਕਾਰੀਆਂ ਇਨ੍ਹਾਂ ਕਬਜ਼ਾਧਾਰੀਆਂ ’ਤੇ ਬਣਦੀ ਕਾਰਵਾਈ ਕਰ ਕੇ ਕਬਜ਼ੇ ਛੁਡਵਾਉਣਗੇ ਜਾ ਫ਼ਿਰ ਮੂਕ ਦਰਸ਼ਕ ਬਣ ਤਮਾਸ਼ਾ ਵੇਖਦੇ ਰਹਿਣਗੇ।
ਇਹ ਵੀ ਪੜ੍ਹੋ: ਲੋਕ ਸਭਾ ਚੋਣਾਂ: ‘ਆਪ’ ਨੇ ਉਮੀਦਵਾਰਾਂ ਦੇ ਐਲਾਨ ’ਚ ਮਾਰੀ ਬਾਜ਼ੀ, ਹੋਰ ਪਾਰਟੀਆਂ ਅਜੇ ਸ਼ਸ਼ੋਪੰਜ ’ਚ
ਕੀ ਕਹਿੰਦੇ ਹਨ ਕਾਰਜਸਾਧਕ ਅਫ਼ਸਰ?
ਇਸ ਬਾਰੇ ਜਦ ਕਾਰਜਸਾਧਕ ਅਫਸਰ ਸੁਖਦੇਵ ਸਿੰਘ ਰੰਧਾਵਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਮੰਨਿਆ ਕਿ ਦੁਕਾਨਦਾਰਾਂ ਵੱਲੋਂ ਕੀਤੇ ਨਾਜਾਇਜ਼ ਕਬਜ਼ਿਆਂ ਕਾਰਨ ਸ਼ਹਿਰ ਦੀ ਟ੍ਰੈਫਿਕ ਵਿਵਸਥਾ ਖਰਾਬ ਹੋ ਰਹੀ ਹੈ। ਉਨ੍ਹਾਂ ਬਹੁਤ ਜਲਦ ਮੁਨਿਆਦੀ ਕਰਵਾ ਕੇ ਬਣਦੀ ਕਾਰਵਾਈ ਕਰਨ ਦੀ ਗੱਲ ਆਖੀ, ਜਦ ਉਨ੍ਹਾਂ ਨੂੰ ਪੁੱਛਿਆ ਕਿ ਦੁਕਾਨਦਾ ਬਾਹਰ ਰੇਹੜੀਆਂ ਲਾ ਕੇ ਮੋਟੀ ਕਮਾਈ ਕਰ ਰਹੇ ਹਨ ਤਾਂ ਉਨ੍ਹਾਂ ਕਿਹਾ ਉਨ੍ਹਾਂ ਨੂੰ ਸਿਰਫ਼ ਦੋ-ਚਾਰ ਦਿਨ ਦੇ ਦਿਓ, ਬਣਦੀ ਕਾਰਵਾਈ ਕਰਾਂਗਾ।
ਇਹ ਵੀ ਪੜ੍ਹੋ: ਲੋਕ ਸਭਾ ਚੋਣਾਂ ਲਈ ਸੁਸ਼ੀਲ ਰਿੰਕੂ ਫਿਰ ਤੋਂ 'ਆਪ' ਦੇ ਉਮੀਦਵਾਰ, ਕਾਂਗਰਸ 'ਚੋਂ ਚੰਨੀ ਆਏ ਤਾਂ ਵਧੇਗੀ ਚੁਣੌਤੀ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8