''ਸ਼ੂਟਰ'' ਫਿਲਮ ''ਤੇ ਬੈਨ ਵਾਂਗ ਅੱਤਵਾਦੀ ਸੰਗਠਨਾਂ ''ਤੇ ਸ਼ਿਕੰਜਾ ਕੱਸੇ ਸਰਕਾਰ : ਸ਼ਿਵ ਸੈਨਾ

02/11/2020 10:34:48 AM

ਜਲੰਧਰ (ਪੁਨੀਤ)— ਗੈਂਗਸਟਰ ਸੁੱਖਾ ਕਾਹਲਵਾਂ 'ਤੇ ਬਣਾਈ ਗਈ ਪੰਜਾਬੀ ਫਿਲਮ 'ਸ਼ੂਟਰ' ਨੂੰ ਪੰਜਾਬ ਸਰਕਾਰ ਵੱਲੋਂ ਬੈਨ ਕੀਤੇ ਜਾਣ 'ਤੇ ਸ਼ਿਵ ਸੈਨਾ ਸਮਾਜਵਾਦੀ ਨੇ ਆਪਣੇ ਵਿਚਾਰ ਰੱਖਦੇ ਕਿਹਾ ਕਿ ਉਕਤ ਫਿਲਮ ਨੂੰ ਬੈਨ ਕਰਨਾ ਚੰਗਾ ਕਦਮ ਹੈ। ਇਹ ਫਿਲਮ ਪੰਜਾਬ ਦੇ ਨੌਜਵਾਨਾਂ ਨੂੰ ਗਲਤ ਰਸਤੇ 'ਤੇ ਤੋਰਣ ਦੀ ਸਾਜਿਸ਼ ਜਾਪ ਰਹੀ ਹੈ। ਮਧੂਬਨ ਕਾਲੋਨੀ 'ਚ ਸ਼ਿਵ ਸੈਨਾ ਦੇ ਉੱਤਰ ਭਾਰਤ ਦੇ ਸੀਨੀਅਰ ਉੱਪ ਪ੍ਰਮੁੱਖ ਰਾਜੇਸ਼ ਰਿੰਕੂ ਦੀ ਪ੍ਰਧਾਨਗੀ 'ਚ ਹੋਈ ਮੀਟਿੰਗ 'ਚ ਅਹੁਦੇਦਾਰਾਂ ਨੇ ਵਿਚਾਰ ਰੱਖਦੇ ਹੋਏ ਕਿਹਾ ਕਿ ਜਿਸ ਤਰ੍ਹਾਂ 'ਸ਼ੂਟਰ' ਫਿਲਮ ਨੂੰ ਬੈਨ ਕੀਤਾ ਗਿਆ, ਉਸੇ ਤਰ੍ਹਾਂ ਪੰਜਾਬ ਸਰਕਾਰ ਅੱਤਵਾਦੀ ਸੰਗਠਨਾਂ 'ਤੇ ਸ਼ਿਕੰਜਾ ਕੱਸੇ।

ਰਿੰਕੂ ਨੇ ਕਿਹਾ ਕਿ ਵਿਦੇਸ਼ਾਂ 'ਚ ਬੈਠੇ ਅੱਤਵਾਦੀ ਸੰਗਠਨ ਪੈਸੇ ਅਤੇ ਹੋਰ ਤਰ੍ਹਾਂ ਦੇ ਲਾਲਚ ਦੇ ਕੇ ਨੌਜਵਾਨਾਂ ਨੂੰ ਆਪਣੇ ਜਾਲ 'ਚ ਫਸਾ ਕੇ ਗਲਤ ਰਸਤੇ 'ਤੇ ਲੈ ਕੇ ਜਾ ਰਹੇ ਹਨ। ਇਸ ਸਿਲਸਿਲੇ 'ਚ ਸ਼ਿਵ ਸੈਨਾ ਵੱਲੋਂ ਨੌਜਵਾਨਾਂ ਨੂੰ ਜਾਗਰੂਕ ਕਰਨ ਦੇ ਉਦੇਸ਼ ਨਾਲ ਆਉਣ ਵਾਲੇ ਦਿਨਾਂ 'ਚ ਜਲੰਧਰ 'ਚ ਸੂਬਾ ਪੱਧਰੀ ਰੈਲੀ ਕੱਢੀ ਜਾ ਰਹੀ ਹੈ, ਜਿਸ ਦੇ ਲਈ ਅਹੁਦੇਦਾਰਾਂ ਦੀਆਂ ਡਿਊਟੀਆਂ ਲਾ ਕੇ ਕੈਂਪ ਲਾਉਣ ਨੂੰ ਕਿਹਾ ਜਾ ਰਿਹਾ ਹੈ। ਇਨ੍ਹਾਂ ਕੈਂਪਾਂ 'ਚ ਨੌਜਵਾਨਾਂ ਤੱਕ ਅਪ੍ਰੋਚ ਕਰ ਕੇ ਉਨ੍ਹਾਂ ਨੂੰ ਪਾਰਟੀ ਨਾਲ ਜੋੜ ਕੇ ਪਾਰਟੀ ਦੇ ਹੱਥ ਮਜ਼ਬੂਤ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਨੌਜਵਾਨ ਦੇਸ਼ ਦੀ ਰੀੜ੍ਹ ਦੀ ਹੱਡੀ ਹਨ, ਇਸ ਲਈ ਜ਼ਰੂਰਤ ਹੈ ਕਿ ਸਾਰੀਆਂ ਸਿਆਸੀ ਪਾਰਟੀਆਂ ਨੌਜਵਾਨਾਂ ਨੂੰ ਅੱਗੇ ਆਉਣ ਦਾ ਮੌਕਾ ਦੇਣ ਤਾਂ ਜੋ ਦੇਸ਼ ਤਰੱਕੀ ਦੀ ਰਾਹ 'ਤੇ ਅੱਗੇ ਵਧ ਸਕੇ ਅਤੇ ਨੌਜਵਾਨ ਗਲਤ ਰਾਹ 'ਤੇ ਚੱਲਣ ਦੀ ਬਜਾਏ ਸਹੀ ਰਾਹ ਚੁਣਨ। ਇਸ ਮੀਟਿੰਗ 'ਚ ਪ੍ਰਿੰਸ ਨਖਵਾਲ, ਦੀਪ ਨਖਵਾਲ, ਦੀਪਕ ਕੁਮਾਰ, ਮਨੂ ਨਾਹਰ, ਸੋਨੂੰ ਕੁਮਾਰ, ਪਰਬਲ, ਆਕਾਸ਼ ਅਤੇ ਹੋਰ ਮੌਜੂਦ ਸਨ।

ਦੱਸਣਯੋਗ ਹੈ ਕਿ ਫਿਲਮ ਨਿਰਮਾਤਾ ਕੇ. ਵੀ. ਢਿੱਲੋਂ ਅਤੇ ਹੋਰਨਾਂ ਖਿਲਾਫ ਧਾਰਾ- 153, 153 ਏ, 153 ਬੀ, 160, 107, 505 ਦੇ ਤਹਿਤ ਮੋਹਾਲੀ 'ਚ ਐੱਫ. ਆਈ. ਆਰ. ਨੰਬਰ 3 ਦਰਜ ਕੀਤੀ ਗਈ ਹੈ, ਜਿਸ 'ਚ ਕਿਹਾ ਗਿਆ ਹੈ ਕਿ ਫਿਲਮ 'ਸ਼ੂਟਰ' ਰਾਹੀਂ ਨੌਜਵਾਨਾਂ ਨੂੰ ਹਥਿਆਰ ਚੁੱਕਣ ਲਈ ਭੜਕਾਇਆ ਜਾ ਸਕਦਾ ਹੈ ਅਤੇ ਇਸ ਨਾਲ ਅਮਨ-ਸ਼ਾਂਤੀ ਨੂੰ ਖਤਰਾ ਪੈਦਾ ਹੋ ਸਕਦਾ ਹੈ।
ਉਥੇ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਡੀ. ਜੀ. ਪੀ. ਦਿਨਕਰ ਗੁਪਤਾ ਨੂੰ ਕਿਹਾ ਹੈ ਕਿ, ''ਉਹ ਫਿਲਮ ਦੇ ਨਿਰਮਾਤਾ ਕੇ. ਵੀ. ਢਿੱਲੋਂ ਖਿਲਾਫ ਕਾਰਵਾਈ ਦੀ ਸੰਭਾਵਨਾ ਦਾ ਜਾਇਜ਼ਾ ਲੈਣ, ਜਿਨ੍ਹਾਂ ਨੇ ਪਿਛਲੇ ਸਾਲ ਲਿਖਤੀ ਤੌਰ 'ਤੇ ਫਿਲਮ ਬਾਰੇ ਭਰੋਸਾ ਦਿੱਤਾ ਸੀ। ਮੁੱਖ ਮੰਤਰੀ ਨੇ ਡੀ. ਜੀ. ਪੀ. ਨੂੰ ਇਹ ਵੀ ਕਿਹਾ ਹੈ ਕਿ ਉਹ ਫਿਲਮ ਦੇ ਪ੍ਰਚਾਰਕਾਂ, ਨਿਰਦੇਸ਼ਕਾਂ ਅਤੇ ਅਦਾਕਾਰਾਂ ਬਾਰੇ ਵੀ ਪੜਤਾਲ ਕਰਨ।'' ਫਿਲਮ ਨਿਰਮਾਤਾ ਕੇ. ਵੀ. ਢਿੱਲੋਂ ਨੇ ਮੋਹਾਲੀ ਦੇ ਐੱਸ. ਐੱਸ. ਪੀ. ਨੂੰ ਲਿਖੀ ਚਿੱਠੀ 'ਚ ਭਰੋਸਾ ਦਿੱਤਾ ਸੀ ਕਿ ਉਹ ਫਿਲਮ ਨਿਰਮਾਣ ਰੋਕ ਰਹੇ ਹਨ ਪਰ ਇਸ ਨੂੰ ਜਾਰੀ ਰੱਖਿਆ ਗਿਆ ਅਤੇ ਇਹ ਫਿਲਮ 21 ਫਰਵਰੀ ਨੂੰ ਰਿਲੀਜ਼ ਕਰਨ ਜਾ ਰਹੇ ਸਨ।


shivani attri

Content Editor

Related News