ਕਾਂਗਰਸ ਪਾਰਟੀ ਪੂਰੀ ਤਰ੍ਹਾਂ ਇਕਜੁੱਟ : ਸੁੰਦਰ ਸ਼ਾਮ ਅਰੋੜਾ

Monday, Apr 08, 2019 - 05:44 PM (IST)

ਕਾਂਗਰਸ ਪਾਰਟੀ ਪੂਰੀ ਤਰ੍ਹਾਂ ਇਕਜੁੱਟ : ਸੁੰਦਰ ਸ਼ਾਮ ਅਰੋੜਾ

ਹੁਸ਼ਿਆਰਪੁਰ (ਘੁੰਮਣ)— ਕਾਂਗਰਸ ਪਾਰਟੀ 'ਚ ਪੂਰੀ ਤਰ੍ਹਾਂ ਇਕਜੁੱਟਤਾ ਹੈ ਅਤੇ 9 ਵਿਧਾਨ ਸਭਾ ਹਲਕਿਆਂ ਦੇ ਸਾਰੇ ਲੀਡਰ ਡਾ. ਰਾਜ ਕੁਮਾਰ ਚੱਬੇਵਾਲ ਨਾਲ ਪੂਰੀ ਤਰ੍ਹਾਂ ਖੜ੍ਹੇ ਹਨ ਅਤੇ ਪਾਰਟੀ ਵੱਲੋਂ ਜੋ ਫੈਸਲਾ ਕੀਤਾ ਗਿਆ ਹੈ ਉਹ ਸਾਨੂੰ ਸਿਰ ਮੱਥੇ ਪ੍ਰਵਾਨ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸੁੰਦਰ ਸ਼ਾਮ ਅਰੋੜਾ ਕੈਬਨਿਟ ਮੰਤਰੀ ਨੇ ਇਕ ਮੀਟਿੰਗ ਉਪਰੰਤ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਇਕਜੁੱਟ ਹੈ ਕੋਈ ਵੀ ਮੱਤਭੇਦ ਨਹੀਂ ਹੈ। ਉਨ੍ਹਾਂ ਨੇ ਸੰਤੋਸ਼ ਚੌਧਰੀ ਸਾਬਕਾ ਕੇਂਦਰੀ ਰਾਜ ਮੰਤਰੀ ਦੀ ਨਰਾਜ਼ਗੀ ਸਬੰਧੀ ਪੁੱਛੇ ਗਏ ਸਵਾਲ 'ਚ ਕਿਹਾ ਕਿ ਸੰਤੋਸ਼ ਚੌਧਰੀ ਦੀ ਟਿਕਟ ਇਸ ਵਾਰ ਨਹੀਂ ਇਸ ਤੋਂ ਪਿਛਲੀ ਵਾਰ ਕੱਟੀ ਗਈ ਸੀ। ਜਦ ਸੰਤੋਸ਼ ਚੌਧਰੀ ਨੂੰ ਪਾਰਟੀ ਵੱਲੋਂ ਆਪਣਾ ਉਮੀਦਵਾਰ ਬਣਾਇਆ ਸੀ ਉਸ ਸਮੇਂ ਅਸੀਂ ਉਨ੍ਹਾਂ ਨਾਲ ਪੂਰੀ ਤਰ੍ਹਾਂ ਸਾਥ ਦਿੱਤਾ ਸੀ ਅਤੇ ਉਨ੍ਹਾਂ ਨੂੰ ਸੰਸਦ ਮੈਂਬਰ ਬਣਾਇਆ ਸੀ ਜੋ ਕੇਂਦਰ 'ਚ ਰਾਜ ਮੰਤਰੀ ਬਣੇ। ਉਨ੍ਹਾਂ ਕਿਹਾ ਕਿ ਅਸੀਂ ਉਨ੍ਹਾਂ ਨੂੰ ਮਨਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ ਸਾਨੂੰ ਉਮੀਦ ਹੈ ਕਿ ਅਸੀਂ ਇਸ ਕੋਸ਼ਿਸ਼ 'ਚ ਸਫਲ ਰਹਾਂਗੇ। ਅਰੋੜਾ ਨੇ ਕਿਹਾ ਕਿ 23 ਅਪ੍ਰੈਲ ਨੂੰ ਡਾ. ਰਾਜ ਕੁਮਾਰ ਦੇ ਪੇਪਰ ਦਾਖਲ ਕੀਤੇ ਜਾਣਗੇ ਉਸ ਸਮੇਂ ਕਾਂਗਰਸ ਪੂਰੀ ਤਰ੍ਹਾਂ ਇਕਜੁੱਟ ਦਿਖਾਈ ਦੇਵੇਗੀ।

ਇਸ ਮੌਕੇ ਡਾ. ਰਾਜ ਕੁਮਾਰ ਨੇ ਕਿਹਾ ਕਿ ਪਾਰਟੀ ਵੱਲੋਂ ਉਨ੍ਹਾਂ ਨੂੰ ਟਿਕਟ ਦੇ ਕਾਬਲ ਸਮਝਿਆ, ਜਿਸ ਵਿਸ਼ਵਾਸ ਨਾਲ ਇਹ ਟਿਕਟ ਦਿੱਤੀ ਹੈ ਮੈਂ ਉਸ ਨੂੰ ਪੂਰੀ ਤਰ੍ਹਾਂ ਬਰਕਰਾਰ ਰੱਖਾਂਗਾ ਅਤੇ ਪਾਰਟੀ ਨੂੰ ਹਮੇਸ਼ਾ ਲਈ ਮਜ਼ਬੂਤ ਕਰਨ ਲਈ ਆਪਣਾ ਅਹਿਮ ਯੋਗਦਾਨ ਪਾਵਾਂਗਾ। ਉਨ੍ਹਾਂ ਕਿਹਾ ਕਿ ਲੋਕ ਸਭਾ ਸੀਟ ਅੰਦਰ ਪੈਂਦੇ ਸਾਰੇ ਵਿਧਾਨ ਸਭਾ ਹਲਕਿਆਂ ਦੇ ਐੱਮ. ਐੱਲ. ਏ. ਅਤੇ ਹਲਕਿਆਂ ਇੰਚਾਰਜਾਂ ਵੱਲੋਂ ਪੂਰੀ ਤਰ੍ਹਾਂ ਸਹਿਯੋਗ ਦਿੱਤਾ ਜਾ ਰਿਹਾ ਹੈ ਅਤੇ ਬਲਾਕ ਪੱਧਰ ਤੱਕ ਦੇ ਸਾਰੇ ਲੀਡਰ ਉਨ੍ਹਾਂ ਦਾ ਸਾਥ ਦੇ ਰਹੇ ਹਨ।

ਇਸ ਮੌਕੇ ਵਰਿੰਦਰ ਸਿੰਘ ਬਾਜਵਾ ਸਾਬਕਾ ਰਾਜ ਸਭਾ ਮੈਂਬਰ, ਸੰਗਤ ਸਿੰਘ ਗਿਲਜੀਆਂ ਵਿਧਾਇਕ ਟਾਂਡਾ, ਪਵਨ ਕੁਮਾਰ ਆਦੀਆ ਵਿਧਾਇਕ ਹਲਕਾ ਸ਼ਾਮਚੁਰਾਸੀ, ਅਰੁਣ ਮਿੱਕੀ ਡੋਗਰਾ ਵਿਧਾਇਕ, ਹਰਸਿਮਰਨ ਸਿੰਘ ਹਰਜੀ ਬਾਜਵਾ ਯੂਥ ਕਾਂਗਰਸ ਆਗੂ, ਡਾ. ਕੁਲਦੀਪ ਨੰਦਾ ਜ਼ਿਲਾ ਪ੍ਰਧਾਨ, ਤਰਨਜੀਤ ਕੌਰ ਸੇਠੀ ਜ਼ਿਲਾ ਪ੍ਰਧਾਨ ਮਹਿਲਾ ਵਿੰਗ ਆਦਿ ਕਾਂਗਰਸੀ ਵਰਕਰ ਹਾਜ਼ਰ ਸਨ।


author

shivani attri

Content Editor

Related News