ਸਕੂਲ ਖੋਲ੍ਹਣ ਦੀ ਮੰਗ ਨੂੰ ਲੈ ਕੇ ਟਾਂਡਾ ਵਿਖੇ ਸਕੂਲ ਪ੍ਰਬੰਧਕਾਂ ਤੇ ਟਰਾਂਸਪੋਰਟਰਾਂ ਨੇ ਫਿਰ ਕੀਤਾ ਪ੍ਰਦਰਸ਼ਨ

Saturday, Feb 05, 2022 - 03:25 PM (IST)

ਟਾਂਡਾ ਉੜਮੁੜ (ਪੰਡਿਤ, ਮੋਮੀ)-ਟਾਂਡਾ ਇਲਾਕੇ ’ਚ ਸਰਕਾਰ ਦੇ ਹੁਕਮਾਂ ਅਨੁਸਾਰ ਬੰਦ ਕਰ ਦਿੱਤੇ ਗਏ ਸਕੂਲਾਂ ਨੂੰ ਖੋਲ੍ਹਣ ਲਈ ਸੰਘਰਸ਼ ਵਧਦਾ ਜਾ ਰਿਹਾ ਹੈ। 3 ਫਰਵਰੀ ਨੂੰ ਹਾਈਵੇਅ ਜਾਮ ਕਰਨ ਤੋਂ ਬਾਅਦ ਅੱਜ ਫਿਰ ਸਰਕਾਰੀ ਹਸਪਤਾਲ, ਚੌਕ ਟਾਂਡਾ ਅਤੇ ਚੌਲਾਂਗ ਟੋਲ ਪਲਾਜ਼ਾ ‘ਤੇ ਧਰਨਾ ਦਿੰਦੇ ਹੋਏ ਪ੍ਰਸ਼ਾਸਨ ਅਤੇ ਸਰਕਾਰ ਦੇ ਪੁਤਲੇ ਫੂਕ ਕੇ ਸਕੂਲ ਖੋਲ੍ਹਣ ਦੀ ਆਵਾਜ਼ ਬੁਲੰਦ ਕੀਤੀ ਗਈ। ਇਸ ਅਰਥੀ ਫੂਕ ਮੁਜ਼ਾਹਰੇ ’ਚ ਪ੍ਰਾਈਵੇਟ ਸਕੂਲਾਂ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਧੂਰੀ ਦੇ ਸੱਦੇ ’ਤੇ 12 ਦੇ ਕਰੀਬ ਸਕੂਲ ਪ੍ਰਬੰਧਕਾਂ, ਅਧਿਆਪਕਾਂ, ਟਰਾਂਸਪੋਰਟਰਾਂ, ਬੱਚਿਆਂ ਦੇ ਮਾਪਿਆਂ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਮੈਂਬਰਾਂ ਨੇ ਇਸ ਪ੍ਰਦਰਸ਼ਨ ’ਚ ਸਮੂਲੀਅਤ ਕੀਤੀ। ਸਕੂਲ ਫੈਡਰੇਸ਼ਨ ਦੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਅਰੋੜਾ, ਰਜਿੰਦਰ ਸਿੰਘ ਮਾਰਸ਼ਲ, ਪਰਮਜੀਤ ਸਿੰਘ ਭੁੱਲਾ, ਪ੍ਰਿੰਸੀਪਲ ਰਾਕੇਸ਼ ਸ਼ਰਮਾ, ਬਿਕਰਮਜੀਤ ਸਿੰਘ ਭੇਲਾ, ਸੰਜੀਵ ਸ਼ਰਮਾ, ਜਤਿੰਦਰ ਕੌਰ ਅਰੋੜਾ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਕੋਰੋਨਾ ਮਹਾਮਾਰੀ ਦਾ ਹਵਾਲਾ ਦੇ ਕੇ ਸਕੂਲ ਨੂੰ ਲਗਾਤਾਰ ਬੰਦ ਰੱਖਣ ਦੇ ਫਰਮਾਨ ਨਾਲ ਜਿੱਥੇ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਹੈ, ਉੱਥੇ ਹੀ ਸਕੂਲ ਮੈਨੇਜਮੈਂਟ, ਅਧਿਆਪਕ, ਟਰਾਂਸਪੋਰਟਰ ਤਬਾਹੀ ਦੇ ਕਿਨਾਰੇ ਪਹੁੰਚ ਗਏ ਹਨ।

PunjabKesari

ਸਮੂਹ ਬੁਲਾਰਿਆਂ ਨੇ ਸਰਕਾਰ ਖ਼ਿਲਾਫ ਨਾਅਰੇਬਾਜ਼ੀ ਕਰਦਿਆਂ ਸਕੂਲ ਖੋਲ੍ਹਣ ਦੀ ਆਵਾਜ਼ ਬੁਲੰਦ ਕਰਦਿਆਂ ਕਿਹਾ ਕਿ ਜਦੋਂ ਤੱਕ ਉਨ੍ਹਾਂ ਦੀ ਮੰਗ ਪੂਰੀ ਨਹੀਂ ਹੁੰਦੀ, ਉਦੋਂ ਤੱਕ ਉਹ ਸੰਘਰਸ਼ ਜਾਰੀ ਰੱਖਣਗੇ। ਪ੍ਰਧਾਨ ਅਰੋੜਾ ਨੇ ਕਿਹਾ ਕਿ ਇਸ ਮੰਗ ਤਹਿਤ ਕਿਸਾਨ ਜਥੇਬੰਦੀਆਂ 7 ਫਰਵਰੀ ਨੂੰ ਸੰਘਰਸ਼ ਕਰਨਗੀਆਂ ਅਤੇ ਜੇਕਰ 8 ਫਰਵਰੀ ਤੱਕ ਸਕੂਲ ਨਾ ਖੁੱਲ੍ਹੇ ਤਾਂ ਉਹ 9 ਫਰਵਰੀ ਨੂੰ ਬਿਜਲੀ ਘਰ ਚੌਕ ਵਿਖੇ ਮੁੜ ਹਾਈਵੇ ਜਾਮ ਕਰਨਗੇ। ਇਸ ਦੌਰਾਨ ਤਰਨ ਸੈਣੀ, ਪਰਵਿੰਦਰ ਕੌਰ, ਰੁਪਿੰਦਰ ਕੌਰ, ਅਵਤਾਰ ਸਿੰਘ, ਜਗਬੰਧਨ, ਪ੍ਰਦੀਪ ਸਿੰਘ, ਸਾਰਦਾ ਦੱਤ, ਅਨਿਲ ਮਹਿਤਾ, ਕੁਲਵੰਤ ਸਿੰਘ ਆਦਿ ਹਾਜ਼ਰ ਸਨ। 


Manoj

Content Editor

Related News