ਝੂਠੇ ਦੋਸ਼ਾਂ ਲਈ ਮੱਕੜ ਵਲੋਂ ਢੇਸੀ ਭਰਾਵਾਂ ਨੂੰ ਮਾਣਹਾਨੀ ਦਾ ਨੋਟਿਸ

04/25/2019 5:41:37 PM

ਜਲੰਧਰ (ਜ.ਬ.)— ਅਕਾਲੀ ਦਲ ਦੇ ਜਲੰਧਰ ਛਾਉਣੀ ਹਲਕੇ ਦੇ ਇੰਚਾਰਜ ਸਰਬਜੀਤ ਸਿੰਘ ਮੱਕੜ ਨੇ ਢੇਸੀ ਭਰਾਵਾਂ ਜਸਪਾਲ ਸਿੰਘ ਢੇਸੀ ਤੇ ਪਰਮਜੀਤ ਸਿੰਘ ਰਾਏਪੁਰ ਉਪਰ ਉਨ੍ਹਾਂ ਵਿਰੁੱਧ ਝੂਠਾ ਪ੍ਰਚਾਰ ਕਰਨ ਦਾ ਦੋਸ਼ ਲਗਾਉਂਦਿਆਂ ਮਾਣਹਾਨੀ ਦਾ ਨੋਟਿਸ ਜਾਰੀ ਕੀਤਾ ਹੈ। ਆਪਣੇ ਵਕੀਲ ਰਾਹੀਂ ਭੇਜੇ ਨੋਟਿਸ ਵਿਚ ਮੱਕੜ ਨੇ ਕਿਹਾ ਹੈ ਕਿ ਢੇਸੀ ਭਰਾਵਾਂ ਵੱਲੋਂ ਕੀਤੇ ਝੂਠੇ ਪ੍ਰਚਾਰ ਕਾਰਨ ਉਨ੍ਹਾਂ ਦੇ ਸਮਾਜਕ ਅਤੇ ਰਾਜਸੀ ਰੁਤਬੇ ਨੂੰ ਵੱਡਾ ਹਰਜਾ ਪੁੱਜਾ ਹੈ, ਇਸ ਕਰ ਕੇ ਇਕ ਹਫਤੇ 'ਚ ਇਕ ਕਰੋੜ ਰੁਪਏ ਦਾ ਹਰਜਾਨਾ ਦਿੱਤਾ ਜਾਵੇ, ਨਹੀਂ ਤਾਂ ਉਹ ਅਦਾਲਤ ਵਿਚ ਜਾਣਗੇ। ਨੋਟਿਸ ਵਿਚ ਲਿਖਿਆ ਹੈ ਕਿ ਢੇਸੀ ਭਰਾ ਕੂਲ ਰੋਡ ਉਪਰਲੀ ਜਿਹੜੀ 55 ਮਰਲੇ ਅਤੇ 31 ਮਰਲੇ ਜਾਇਦਾਦ ਉਪਰ ਸਰਬਜੀਤ ਸਿੰਘ ਮੱਕੜ ਵਲੋਂ ਨਾਜਾਇਜ਼ ਕਬਜ਼ੇ ਕਰਨ ਦਾ ਰੌਲਾ ਪਾ ਰਹੇ ਹਨ, ਉਹ ਪੂਰੀ ਤਰ੍ਹਾਂ ਬੇਬੁਨਿਆਦ ਅਤੇ ਝੂਠਾ ਹੈ। 55 ਮਰਲੇ ਜਗ੍ਹਾ ਸ. ਮੱਕੜ ਤੇ ਤਿੰਨ ਹੋਰ ਭਾਈਵਾਲਾਂ ਨੇ ਰਮੇਸ਼ ਕੁਮਾਰ ਮੁਖਤਿਆਰ ਰਾਹੀਂ ਖਰੀਦੀ ਸੀ ਅਤੇ 8 ਸਤੰਬਰ 1997 ਨੂੰ ਇਸ ਜਗ੍ਹਾ ਦੀ ਤਹਿਸੀਲਦਾਰ ਵਲੋਂ ਰਜਿਸਟਰੀ ਹੋਈ। ਜਦਕਿ 31 ਮਰਲੇ ਜਗ੍ਹਾ ਡਾ. ਇੰਦਰਬੀਰ ਸਿੰਘ ਪੁੱਤਰ ਗੁਰਜੇਪਾਲ ਸਿੰਘ ਸਾਬਕਾ ਪੁਲਸ ਅਧਿਕਾਰੀ ਤੋਂ ਸ. ਮੱਕੜ ਨੇ 11.9.2006 ਨੂੰ ਖਰੀਦੀ ਤੇ ਰਜਿਸਟਰੀ ਕਰਵਾਈ। 


ਇਸ ਰਜਿਸਟਰੀ ਲਈ ਮੱਕੜ ਵੱਲੋਂ 81 ਲੱਖ 46 ਹਜ਼ਾਰ 860 ਰੁਪਏ ਸਟੇਟ ਬੈਂਕ ਪਟਿਆਲਾ ਰਾਹੀਂ ਅਦਾਇਗੀ ਕੀਤੀ ਗਈ। ਉਨ੍ਹਾਂ ਲਿਖਿਆ ਹੈ ਕਿ 55 ਮਰਲੇ ਜਗ੍ਹਾ ਦਾ ਅਦਾਲਤੀ ਕੇਸ ਕੇ. ਕੇ. ਗੋਇਲ ਸਿਵਲ ਜੱਜ ਦੀ ਅਦਾਲਤ ਵਿਚ ਚਲਦਾ ਸੀ ਅਤੇ 2.11.2006 ਨੂੰ ਅਦਾਲਤੀ ਫੈਸਲੇ ਤਹਿਤ ਮੱਕੜ ਤੇ ਭਾਈਵਾਲਾਂ ਨੇ 6 ਲੱਖ ਰੁਪਏ ਅਦਾ ਕੀਤੇ ਸਨ। ਮਾਲ ਵਿਭਾਗ ਅਤੇ ਅਦਾਲਤੀ ਫੈਸਲਿਆਂ ਮੁਤਾਬਕ ਕੂਲ ਰੋਡ ਉਪਰਲੀ 55 ਮਰਲੇ ਤੇ 31 ਮਰਲੇ ਜਗ੍ਹਾ ਕਿਸੇ ਵੀ ਤਰ੍ਹਾਂ ਵਿਵਾਦ ਵਾਲੀ ਨਹੀਂ ਅਤੇ ਨਾ ਹੀ ਸ. ਮੱਕੜ ਅਤੇ ਉਨ੍ਹਾਂ ਦੇ ਭਾਈਵਾਲਾਂ ਨੇ ਕਿਸੇ ਜਾਇਦਾਦ ਉਪਰ ਨਾਜਾਇਜ਼ ਕਬਜ਼ਾ ਕੀਤਾ ਹੈ। ਉਨ੍ਹਾਂ ਲਿਖਿਆ ਕਿ ਢੇਸੀ ਪਰਿਵਾਰ ਦੀ ਫਰਮ ਟੀ. ਐੱਸ. ਐੱਸ. ਦੇ ਕੁਝ ਬੰਦੇ 9.4.2005 ਨੂੰ ਕੂਲ ਰੋਡ ਉਪਰਲੀ ਜਗ੍ਹਾ 'ਤੇ ਜਬਰੀ ਕਬਜ਼ਾ ਕਰਨ ਲਈ ਆਏ। ਉਨ੍ਹਾਂ ਵਿਅਕਤੀਆਂ ਖਿਲਾਫ ਥਾਣਾ ਡਵੀਜ਼ਨ ਨੰਬਰ 6 'ਚ 72 ਨੰ. ਐੱਫ. ਆਈ. ਆਰ. ਦਰਜ ਹੋਈ। ਇਹ ਕੇਸ ਧਾਰਾ 447, 448, 452, 380, 427, 506, 148 ਅਤੇ 149 ਆਈ. ਪੀ. ਸੀ. ਤਹਿਤ ਦਰਜ ਹੈ ਜੋ ਅਜੇ ਵੀ ਚੱਲ ਰਿਹਾ ਹੈ। ਇਨ੍ਹਾਂ ਪਲਾਟਾਂ 'ਚ 8 ਤੇ 2 ਕਮਰੇ ਬਣੇ ਹੋਏ ਹਨ। ਉਸੇ ਵੇਲੇ ਤੋਂ ਬਿਜਲੀ ਦੇ ਕੁਨੈਕਸ਼ਨ ਲੱਗੇ ਹੋਏ ਹਨ। ਸ. ਮੱਕੜ ਨੇ ਕਿਹਾ ਕਿ ਸ. ਪ੍ਰਕਾਸ਼ ਸਿੰਘ ਬਾਦਲ ਵਲੋਂ ਇਸ ਮਾਮਲੇ 'ਚ ਕਦੇ ਕੋਈ ਦਖਲ ਨਹੀਂ ਦਿੱਤਾ ਗਿਆ ਤੇ ਨਾ ਹੀ ਕੋਈ ਕਮੇਟੀ ਬਣਾਈ ਗਈ । ਇਸ ਬਾਰੇ ਕੀਤਾ ਜਾ ਰਿਹਾ ਪ੍ਰਚਾਰ ਵੀ ਝੂਠਾ ਹੈ।


shivani attri

Content Editor

Related News