ਸੰਤ ਸੀਚੇਵਾਲ ਨੇ ਪ੍ਰਵਾਸੀ ਪੰਜਾਬੀਆਂ ਨੂੰ ਕੀਤੀ ਇਹ ਅਪੀਲ

03/26/2023 10:55:07 PM

ਸੁਲਤਾਨਪੁਰ ਲੋਧੀ (ਸੋਢੀ) : ਪਵਿੱਤਰ ਕਾਲੀ ਵੇਈਂ ਦੀ ਕਾਰਸੇਵਾ ਨਾਲ 23 ਸਾਲਾਂ ਤੋਂ ਹੀ ਜੁੜੇ ਹੋਏ ਪ੍ਰਵਾਸੀ ਪੰਜਾਬੀ ਇੰਗਲੈਂਡ ਤੋਂ ਮੋਤਾ ਸਿੰਘ ਸਰਾਏ ਅਤੇ ਆਸਟਰੇਲੀਆ ਤੋਂ ਸੁਖਜਿੰਦਰ ਸਿੰਘ ਨੇ ਵਾਤਾਵਰਣ ਅਤੇ ਸਿੱਖਿਆ ਦੇ ਖੇਤਰ ਵਿਚ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਕੀਤੇ ਜਾ ਰਹੇ ਕਾਰਜਾਂ ਵਿਚ ਵਿੱਤੀ ਯੋਗਦਾਨ ਪਾਇਆ। ਪੰਜਾਬੀ ਸੱਥ ਦੇ ਮੁੱਢਲੇ ਆਗੂਆਂ ਵਿਚ ਸ਼ੁਮਾਰ ਮੋਤਾ ਸਿੰਘ ਸਰਾਏ ਨੇ ਪਵਿੱਤਰ ਕਾਲੀ ਵੇਈਂ ਵਿਚ ਕਾਰਸੇਵਾ ਲਈ ਚੱਲਦੀਆਂ ਕਿਸ਼ਤੀਆਂ ਵਾਸਤੇ 2 ਲੱਖ ਰੁਪਏ ਦਾਨ ਕੀਤੇ, ਪਹਿਲਾਂ ਵੀ ਉਹ ਕਿਸ਼ਤੀਆਂ ਲਈ 4 ਲੱਖ ਰੁਪਏ ਦਾ ਯੋਗਦਾਨ ਦੇ ਚੁੱਕੇ ਹਨ।

ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਚਲਾਏ ਜਾ ਰਹੇ ਵਿੱਦਿਅਕ ਅਦਾਰਿਆਂ ’ਚ ਆਸਟਰੇਲੀਆ ਤੋਂ ਆਏ ਸੁਖਜਿੰਦਰ ਸਿੰਘ ਨੇ 2 ਲੱਖ ਦੀ ਸਹਾਇਤਾ ਕੀਤੀ ਤਾਂ ਜੋ ਲੋੜਵੰਦ ਬੱਚਿਆਂ ਨੂੰ ਕਿਤਾਬਾਂ ਅਤੇ ਉਨ੍ਹਾਂ ਦੀਆਂ ਫੀਸਾਂ ਦਾ ਪ੍ਰਬੰਧ ਹੋ ਸਕੇ। ਸੰਤ ਸੀਚੇਵਾਲ ਨੇ ਦੱਸਿਆ ਕਿ ਸੁਖਜਿੰਦਰ ਹਰ ਸਾਲ ਆਪਣੀਆਂ ਕਿਰਤ ’ਚੋਂ ਵਿੱਦਿਆ ਲਈ ਦਸਵੰਧ ਕੱਢਦੇ ਆ ਰਹੇ ਹਨ।

ਇਸ ਮੌਕੇ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਮੋਤਾ ਸਿੰਘ ਸਰਾਏ ਤੇ ਸੁਖਜਿੰਦਰ ਸਿੰਘ ਨੂੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ। ਉਨ੍ਹਾਂ ਕਿਹਾ ਕਿ ਸਮਾਜ ਸੇਵਾ ਦੇ ਕਾਰਜ ਲੋਕਾਂ ਦੇ ਸਹਿਯੋਗ ਨਾਲ ਚੱਲ ਰਹੇ ਹਨ ਤੇ ਉਨ੍ਹਾਂ ਵਿਚ ਪ੍ਰਵਾਸੀ ਪੰਜਾਬੀਆਂ ਦਾ ਵੱਡਾ ਯੋਗਦਾਨ ਹੈ। ਉਨ੍ਹਾਂ ਐੱਨ. ਆਰ. ਆਈਜ਼ ਨੂੰ ਅਪੀਲ ਕਰਦਿਆ ਕਿਹਾ ਕਿ ਉਹ ਆਪਣੇ-ਆਪਣੇ ਪਿੰਡਾਂ ਨੂੰ ਗੋਦ ਲੈਣ ਤਾਂ ਜੋ ਪਿੰਡਾਂ ਦੇ ਗੰਦੇ ਪਾਣੀਆਂ ਦੇ ਨਿਕਾਸੀ ਦਾ ਪ੍ਰਬੰਧ ਹੋ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਧਰਤੀ ਹੇਠਲੇ ਪਾਣੀ ਦਾ ਸੰਕਟ ਡੂੰਘਾ ਹੁੰਦਾ ਜਾ ਰਿਹਾ ਹੈ ਤੇ ਆਲਮੀ ਤਪਸ਼ ਕਾਰਨ ਮੌਸਮ ਵਿਚ ਵੱਡੇ ਵਿਗਾੜ ਆ ਰਹੇ ਹਨ ਤੇ ਹੱਦੋਂ ਵੱਧ ਮੌਸਮ ਗਰਮ ਹੁੰਦਾ ਜਾ ਰਿਹਾ ਹੈ।

ਇਸ ਮੌਕੇ ਉਨ੍ਹਾਂ ਨਾਲ  ਅਮਰਜੀਤ ਸਿੰਘ ਸਰਾਏ, ਅੰਮ੍ਰਿਤਪਾਲ ਸਿੰਘ ਸਰਾਏ ਅਤੇ ਵਿਨੋਦ ਕੁਮਾਰ ਪਵਿੱਤਰ ਵੇਈਂ ਦੇ ਦਰਸ਼ਨਾਂ ਲਈ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਆਏ ਸੰਤ ਸੀਚੇਵਾਲ ਵੱਲੋਂ ਉਨ੍ਹਾਂ ਨੂੰ ਕਿਸ਼ਤੀ ਨਾਲ ਵੇਈਂ ਦੀ ਸੈਰ ਕਰਵਾਈ ਗਈ।
 


Manoj

Content Editor

Related News