ਜਲੰਧਰ ਸ਼ਹਿਰ ’ਚ ਵਿਗੜਨ ਲੱਗੇ ਸਾਫ਼-ਸਫ਼ਾਈ ਦੇ ਹਾਲਾਤ, ਮੇਨ ਸੜਕਾਂ ’ਤੇ ਲੱਗੇ ਰਹਿੰਦੇ ਹਨ ਕੂੜੇ ਦੇ ਢੇਰ

Thursday, Jan 04, 2024 - 11:42 AM (IST)

ਜਲੰਧਰ ਸ਼ਹਿਰ ’ਚ ਵਿਗੜਨ ਲੱਗੇ ਸਾਫ਼-ਸਫ਼ਾਈ ਦੇ ਹਾਲਾਤ, ਮੇਨ ਸੜਕਾਂ ’ਤੇ ਲੱਗੇ ਰਹਿੰਦੇ ਹਨ ਕੂੜੇ ਦੇ ਢੇਰ

ਜਲੰਧਰ (ਖੁਰਾਣਾ)- ਜਲੰਧਰ ਸ਼ਹਿਰ ’ਚ ਇਕ ਵਾਰ ਫਿਰ ਸਾਫ਼-ਸਫ਼ਾਈ ਦੇ ਹਾਲਾਤ ਵਿਗੜਨੇ ਸ਼ੁਰੂ ਹੋ ਗਏ ਹਨ ਅਤੇ ਸ਼ਹਿਰ ਦੀਆਂ ਮੇਨ ਸੜਕਾਂ ’ਤੇ ਸਾਰਾ-ਸਾਰਾ ਦਿਨ ਕੂੜੇ ਦੇ ਢੇਰ ਲੱਗੇ ਵੇਖੇ ਜਾ ਸਕਦੇ ਹਨ। ਜ਼ਿਕਰਯੋਗ ਹੈ ਕਿ ਨਗਰ ਨਿਗਮ ਦੇ ਕਮਿਸ਼ਨਰ ਆਦਿੱਤਿਆ ਉੱਪਲ ਨੇ ਸ਼ਹਿਰ ਦੀਆਂ ਸੈਨੀਟੇਸ਼ਨ ਵਿਵਸਥਾ ਬਾਰੇ ਸਾਰੀ ਫੀਡਬੈਕ ਤਾਂ ਲੈ ਲਈ ਹੈ ਪਰ ਉਨ੍ਹਾਂ ਤੋਂ ਵੀ ਸਾਫ਼-ਸਫ਼ਾਈ ਵਿਵਸਥਾ ਦੇ ਹਾਲਾਤ ਕਾਬੂ ’ਚ ਨਹੀਂ ਆ ਰਹੇ। ਖ਼ਾਸ ਗੱਲ ਇਹ ਹੈ ਕਿ ਇਸ ਸਮੇਂ ਸ਼ਹਿਰ ਦੇ ਕਈ ਵਾਰਡਾਂ ’ਚ ਸਫ਼ਾਈ ਦਾ ਕੰਮ ਕਰਨ ਵਾਲੇ ਪ੍ਰਾਈਵੇਟ ਠੇਕੇਦਾਰ ਸਤਪਾਲ ਨੇ ਆਪਣਾ ਕੰਮ ਬੰਦ ਕਰ ਰੱਖਿਆ ਹੈ।

ਦੋਸ਼ ਹੈ ਕਿ ਨਿਗਮ ਅਧਿਕਾਰੀ ਉਸ ਠੇਕੇਦਾਰ ਨੂੰ ਲੱਗਭਗ ਡੇਢ ਕਰੋੜ ਰੁਪਏ ਦੀ ਪੇਮੈਂਟ ਨਹੀਂ ਕਰ ਰਹੇ, ਜਿਸ ਕਾਰਨ ਉਸ ਨੇ 13 ਟਰਾਲੀਆਂ ਤੇ ਅੱਧਾ ਦਰਜਨ ਟਿੱਪਰਾਂ ਜ਼ਰੀਏ ਕੂੜੇ ਦੀ ਲਿਫਟਿੰਗ ਦਾ ਕੰਮ ਕਈ ਦਿਨਾਂ ਤੋਂ ਠੱਪ ਕਰ ਰੱਖਿਆ ਹੈ। ਨਗਰ ਨਿਗਮ ਦਾ ਆਪਣਾ ਸਟਾਫ਼ ਅਤੇ ਦੂਜੇ ਠੇਕੇਦਾਰ ਦੀਆਂ ਗੱਡੀਆਂ ਪੂਰੇ ਸ਼ਹਿਰ ਦਾ ਕੂੜਾ ਚੁੱਕਣ ’ਚ ਫੇਲ ਸਾਬਿਤ ਹੋ ਰਹੀਆਂ ਹਨ। ਅਜਿਹੇ ’ਚ ਲੋਕ ਗੰਦਗੀ ਤੋਂ ਕਾਫ਼ੀ ਪ੍ਰੇਸ਼ਾਨ ਵੀ ਹੋ ਰਹੇ ਹਨ।

ਇਹ ਵੀ ਪੜ੍ਹੋ : ਇਕੱਠਿਆਂ ਹੋਇਆ ਸਸਕਾਰ, ਪੋਸਟਮਾਸਟਰ ਵੱਲੋਂ ਪਰਿਵਾਰ ਨੂੰ ਖ਼ਤਮ ਕਰਨ ਦੇ ਮਾਮਲੇ ’ਚ ਹੈਰਾਨੀਜਨਕ ਗੱਲ ਆਈ ਸਾਹਮਣੇ

ਨਿਗਮ ਦੇ ਆਊਟਸੋਰਸ ਕਰਮਚਾਰੀ ਵੀ ਰੋਸ ਪ੍ਰਦਰਸ਼ਨ ’ਤੇ ਉਤਰੇ
ਨਗਰ ਨਿਗਮ ਦੇ ਆਊਟਸੋਰਸ ਆਧਾਰ ’ਤੇ ਕੰਮ ਕਰਨ ਵਾਲੇ ਡਰਾਈਵਰ ਤੇ ਹੋਰ ਸਟਾਫ ਮੈਂਬਰਾਂ ਨੇ ਅੱਜ ਪ੍ਰਧਾਨ ਸ਼ੰਮੀ ਲੂਥਰ ਦੀ ਅਗਵਾਈ ’ਚ ਨਿਗਮ ਜਾ ਕੇ ਰੋਸ ਪ੍ਰਦਰਸ਼ਨ ਕੀਤਾ। ਇਹ ਕਰਮਚਾਰੀ ਆਪਣੀਆਂ ਕੂੜੇ ਨਾਲ ਭਰੀਆਂ ਗੱਡੀਆਂ ਨੂੰ ਨਿਗਮ ਕੰਪਲੈਕਸ ਤਕ ਲੈ ਆਏ, ਜਿਸ ਕਾਰਨ ਨਿਗਮ ਦੀ ਅਕਸ ’ਤੇ ਵੀ ਅਸਰ ਪਿਆ। ਇਨ੍ਹਾਂ ਆਊਟਸੋਰਸ ਕਰਮਚਾਰੀਆਂ ਨੇ ਨਿਗਮ ਕੰਪਲੈਕਸ ’ਚ ਜਦੋਂ ਰੋਸ ਪ੍ਰਦਰਸ਼ਨ ਕੀਤਾ ਤਾਂ ਜੁਆਇੰਟ ਕਮਿਸ਼ਨਰ ਨੇ ਉਨ੍ਹਾਂ ਨੂੰ ਭਰੋਸਾ ਦੇ ਕੇ ਮੋੜ ਦਿੱਤਾ। ਇਹ ਕਰਮਚਾਰੀ ਦੋਸ਼ ਲਾ ਰਹੇ ਸਨ ਕਿ ਉਨ੍ਹਾਂ ਨੂੰ ਪਿਛਲੇ 6 ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ, ਜਿਸ ਕਾਰਨ ਉਨ੍ਹਾਂ ਦੇ ਪਰਿਵਾਰਾਂ ਦਾ ਗੁਜ਼ਾਰਾ ਨਹੀਂ ਚੱਲ ਰਿਹਾ।

ਆਗਾਮੀ ਚੋਣਾਂ ’ਤੇ ਪੈ ਸਕਦੈ ਅਸਰ
ਸ਼ਹਿਰ ’ਚ ਲਗਾਤਾਰ ਵਿਗੜ ਰਹੀ ਸਾਫ਼-ਸਫ਼ਾਈ ਦੇ ਪ੍ਰਬੰਧ ਨੂੰ ਲੈ ਕੇ ਲੋਕਾਂ ’ਚ ਭਾਰੀ ਰੋਸ ਹੈ। ਅਜਿਹੇ ’ਚ ਆਉਣ ਵਾਲੀਆਂ ਸੰਸਦੀ ਚੋਣਾਂ ਤੇ ਨਗਰ ਨਿਗਮ ਚੋਣਾਂ ’ਚ ਇਸ ਸਥਿਤੀ ’ਤੇ ਅਸਰ ਪੈ ਸਕਦਾ ਹੈ ਤੇ ‘ਆਪ’ ਉਮੀਦਵਾਰਾਂ ਲਈ ਮੁਸ਼ਕਲ ਹਾਲਾਤ ਪੈਦਾ ਹੋ ਸਕਦੇ ਹਨ। ਜ਼ਿਕਰਯੋਗ ਹੈ ਕਿ ਕੁਝ ਮਹੀਨੇ ਪਹਿਲਾਂ ਜਦੋਂ ਜਲੰਧਰ ’ਚ ਲੋਕ ਸਭਾ ਦੇ ਉਪ ਚੋਣ ਹੋਈ ਸੀ ਤਦ ਵੀ ਸ਼ਹਿਰ ਦੀ ਸਫ਼ਾਈ ਵਿਵਸਥਾ ਕਾਫ਼ੀ ਗੜਬੜਾਈ ਹੋਈ ਸੀ। ਤਦ ‘ਆਪ’ ਆਗੂਆਂ ਨੇ ਹੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਨਿਗਮ ਅਧਿਕਾਰੀਆਂ ਦੀ ਸ਼ਿਕਾਇਤ ਲਾਈ ਸੀ, ਜਿਸ ਤੋਂ ਬਾਅਦ ਉਸ ਸਮੇਂ ਦੇ ਕਮਿਸ਼ਨਰ ਅਭਿਜੀਤ ਕਪਲਿਸ਼ ਨੇ ਸ਼ਹਿਰ ’ਚ ਵਿਸ਼ੇਸ਼ ਸਫ਼ਾਈ ਮੁਹਿੰਮ ਚਲਾਈ ਸੀ।
ਉਨ੍ਹਾਂ ਦੇ ਤਬਾਦਲੇ ਤੋਂ ਬਾਅਦ ਸ਼ਹਿਰ ਦੀ ਸੈਨੀਟੇਸ਼ਨ ਵਿਵਸਥਾ ਫਿਰ ਵਿਗੜਨੀ ਸ਼ੁਰੂ ਹੋ ਗਈ ਪਰ ਸਾਬਕਾ ਕਮਿਸ਼ਨਰ ਡਾ. ਰਿਸ਼ੀਪਾਲ ਨੇ ਵੀ ਉਸ ਨੂੰ ਕੰਟਰੋਲ ਕਰ ਲਿਆ ਸੀ। ਹੁਣ ਮੌਜੂਦਾ ਕਮਿਸ਼ਨਰ ਆਦਿੱਤਿਆ ਉੱਪਲ ਦੇ ਸਾਹਮਣੇ ਕਈ ਚੈਲੇਂਜ ਪੈਦਾ ਹੋ ਰਹੇ ਹਨ ਤੇ ਸ਼ਹਿਰ ਦੀ ਸੈਨੀਟੇਸ਼ਨ ਵਿਵਸਥਾ ਚੋਣਾਂ ਤੋਂ ਠੀਕ ਪਹਿਲਾਂ ਵਿਗੜਨੀ ਸ਼ੁਰੂ ਹੋ ਗਈ ਹੈ, ਜਿਸ ਕਾਰਨ ‘ਆਪ’ ਦੀ ਅਗਵਾਈ ’ਚ ਮੱਥੇ ’ਤੇ ਚਿੰਤਾ ਦੀ ਲਕੀਰਾਂ ਤਕ ਦੇਖੀਆਂ ਜਾ ਰਹੀਆਂ ਹਨ।

ਇਹ ਵੀ ਪੜ੍ਹੋ : ਤਲਾਕ ਤੋਂ ਬਾਅਦ ਵੀ ਸਹੁਰਿਆਂ ਨੂੰ 15 ਲੱਖ ਦਾ ਚੂਨਾ ਲਾ ਗਈ ਨੂੰਹ, ਕਰਤੂਤ ਨੇ ਉਡਾਏ ਹੋਸ਼

 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

shivani attri

Content Editor

Related News