ਡੀ. ਸੀ. ਸਾਹਿਬ! ਸਹੀ ਢੰਗ ਨਾਲ ਲਾਗੂ ਨਹੀਂ ਹੋ ਰਹੀ ‘ਸੇਫ ਸਕੂਲ ਵਾਹਨ’ ਪਾਲਿਸੀ

Monday, Sep 10, 2018 - 01:24 AM (IST)

ਤਲਵਾੜਾ,  (ਜ. ਬ.)–  ‘ਮਿਸ਼ਨ ਤੰਦਰੁਸਤ ਪੰਜਾਬ’ ਸੂਬਾ ’ਚ ਵਿਗੜੇ ਹੋਏ ਸਰਕਾਰੀ ਤੰਤਰ ਨਾਲ ਆਮ ਲੋਕਾਂ ਦੀ ਜ਼ਿੰਦਗੀ ਨਾਲ ਹੋ ਰਹੇ ਤਰ੍ਹਾਂ-ਤਰ੍ਹਾਂ ਦੇ ਖਿਲਵਾੜ ਦੇ ਖਾਤਮੇ ਲਈ ਸਰਕਾਰ ਦੀ ਇਕ ਸ਼ਲਾਘਾਯੋਗ ਮੁਹਿੰਮ ਹੈ। ਜ਼ਿਲਾ ਹੁਸ਼ਿਆਰਪੁਰ ਪ੍ਰਸ਼ਾਸਨ ਨੇ ਇਸ ਮੁਹਿੰਮ ਨੂੰ ਗਤੀ ਦੇ ਕੇ ਸਰਕਾਰ ਦੀ ਮਨਸ਼ਾ ਪ੍ਰਤੀ ਸੰਜੀਦਗੀ ਤਾਂ ਦਿਖਾਉਣੀ ਸ਼ੁਰੂ ਕਰ ਦਿੱਤੀ ਹੈ ਪਰ ਅਫਸੋਸ ਇਸ ਗੱਲ ਦਾ ਹੈ ਕਿ ਪ੍ਰਸ਼ਾਸਨ ਉਪ ਮੰਡਲ ਮੁਕੇਰੀਆਂ ਦਾ ਬਲਾਕ ਤਲਵਾੜਾ ਵੱਲੋਂ ਆਪਣੀ ਜਾਂਚ ਦਾ ਕਦਮ ਇਸ  ਦਿਸ਼ਾ ਵਿਚ ਗੰਭੀਰਤਾ ਨਾਲ ਵਧਾਉਂਦਾ ਨਜ਼ਰ ਨਹੀਂ ਆ ਰਿਹਾ। ਮੌਜੂਦਾ ਸਮੇਂ  ਸਰਕਾਰ ਦੀ ‘ਸੇਫ ਸਕੂਲ ਵਾਹਨ’ ਪਾਲਿਸੀ ਬਹੁਤ ਬੀਮਾਰ ਹੈ। ਕ੍ਰਾਂਤੀਕਾਰੀ ਮੁਹਿੰਮ ‘ਮਿਸ਼ਨ ਤੰਦਰੁਸਤ ਪੰਜਾਬ’  ਦੀ ਇਸ  ਇਲਾਕੇ  ’ਚ ਕੋਈ  ਹੋਂਦ ਨਾ ਹੋਣ ਕਾਰਨ ਇਲਾਕੇ ਭਰ ਦੇ ਬੱਚਿਆਂ ਨੂੰ ਸਕੂਲ ਲਿਜਾਣ ਤੇ ਵਾਪਸ ਲਿਆਉਣ ਵਾਲੀਆਂ ਬੱਸਾਂ ਟਰੈਫਿਕ  ਨਿਯਮਾਂ  ਦੀ  ਉਲੰਘਣਾ  ਕਰਦਿਆਂ  ਸੜਕਾਂ  ’ਤੇ ਦੌੜ ਰਹੀਆਂ   ਹਨ ਪਰ ਕੀ ਮਜਾਲ  ਹੈ ਕਿ ‘ਸੇਫ ਸਕੂਲ ਵਾਹਨ’ ਪਾਲਿਸੀ ’ਚ ਸ਼ਾਮਲ  ਵਿਭਾਗਾਂ ਦੇ  ਅਧਿਕਾਰੀ ਸਕੂਲਾਂ  ਦੇ  ਵਾਹਨਾਂ  ਦੀ  ਜਾਂਚ  ਕਰ  ਕੇ  ਆਪਣੇ  ਫਰਜ਼ਾਂ  ਦੀ  ਪਾਲਣਾ  ਕਰਨ। ਪ੍ਰ੍ਰਸ਼ਾਸਨਿਕ ਅਧਿਕਾਰੀਆਂ  ਦਾ ‘ਸੇਫ ਸਕੂਲ ਵਾਹਨ’ ਪਾਲਿਸੀ ਪ੍ਰਤੀ ਉਦਾਸੀਨ ਰਵੱਈਆ ਕਦੋਂ ਤੇ ਕਿੱਥੇ ਕਿਸੇ  ਹਾਦਸੇ ਦਾ ਕਾਰਨ ਬਣ ਜਾਵੇ,  ਕੁਝ ਕਿਹਾ ਨਹੀਂ ਜਾ ਸਕਦਾ। ‘ਸੇਫ ਸਕੂਲ ਵਾਹਨ ਪਾਲਿਸੀ’ ਦੇ ਨਿਯਮਾਂ ਦੀ ਸੜਕਾਂ ’ਤੇ ਉੱਡਦੀ  ਧੂੜ ਬੱਚਿਆਂ ਦੀ ਜ਼ਿੰਦਗੀ ’ਤੇ ਹਮੇਸ਼ਾ ਖਤਰਾ ਬਣੀ ਰਹਿੰਦੀ ਹੈ।
ਕਿਵੇਂ ਉੱਡ ਰਹੀਆਂ ਹਨ ਨਿਯਮਾਂ ਦੀਆਂ ਧੱਜੀਆਂ

ਅਮਰੋਹ, ਰਾਮਗੜ੍ਹ, ਤਲਵਾੜਾ, ਬਹਿਮਾਵਾ, ਕਮਾਹੀ ਦੇਵੀ, ਕਰਾੜੀ, ਦਾਤਾਰਪੁਰ, ਝੀਰ ਦਾ ਖੂਹ, ਦਲਵਾਲੀ, ਚੌਂਕੀ, ਕੰਢੀ ਨਹਿਰ, ਸਥਵਾਂ, ਚੱਕ ਪੰਡਾਇਣ ਆਦਿ  ਪੇਂਡੂ ਇਲਾਕਿਆਂ ਦੀਆਂ ਸੜਕਾਂ ’ਤੇ ‘ਸੇਫ ਸਕੂਲ ਵਾਹਨ’ ਪਾਲਿਸੀ ਦੀ ਪਾਲਣਾ ਬਹੁਤ ਨਿਰਾਸ਼ਾਜਨਕ ਹੈ। ਅਜਿਹਾ ਨਹੀਂ ਕਿ ਸਾਰੇ ਸਕੂਲਾਂ ਨਾਲ  ਜੁੜੇ ਵਾਹਨ ਪਾਲਿਸੀ ਦੇ ਨਿਯਮਾਂ ਨਾਲ ਮੇਲ ਨਹੀਂ ਖਾ ਰਹੇ, ਸਗੋਂ ਕੁਝ ਨਾਮਵਰ ਸਕੂਲਾਂ ਵੱਲੋਂ ਚਲਾਏ ਜਾ ਰਹੇ ਵਾਹਨ  ਹਰੇਕ ਨਜ਼ਰੀਏ ਤੋਂ ਵਿਦਿਆਰਥੀਆਂ ਦੀ ਜ਼ਿੰਦਗੀ ਸੁਰੱਖਿਅਤ ਬਣਾਈ ਰੱਖਣ ਲਈ  ਤੈਅ ਮਾਪਦੰਡਾਂ ’ਤੇ ਪੂਰਾ ਉਤਰਦੇ  ਹਨ। ਪੱਤਰਕਾਰਾਂ ਨੇ ਦੇਖਿਆ  ਕਿ ਉਕਤ ਇਲਾਕੇ ਦੀਆਂ ਸੜਕਾਂ ’ਤੇ ਚੱਲਦੇ ਸਕੂਲ ਵਾਹਨ ਜਿਨ੍ਹਾਂ ’ਚ ਬੱਸਾਂ, ਆਟੋ, ਜੀਪ ਆਦਿ ਸ਼ਾਮਲ ਹਨ, ਦੀ ਹਾਲਤ ਇੰਨੀ ਖਸਤਾ  ਹੈ ਕਿ ਦੇਖਣ ਵਾਲਿਆਂ ਦਾ ਕਲੇਜਾ ਮੂੰਹ ਨੂੰ ਆਉਂਦਾ ਹੈ। ਬਹੁਤ ਸਾਰੇ ਸਕੂਲ ਵਾਹਨ ਅਜਿਹੇ ਹਨ ਕਿ ਉਨ੍ਹਾਂ ’ਚ ਖਿੜਕੀਆਂ ’ਤੇ ਹੋਰੀਜੈਂਟਲ ਲੋਹੇ ਦੀਆਂ ਗਰਿੱਲਾਂ ਹੀ ਨਹੀਂ ਹਨ। ਜੋ ਆਟੋ ਬੱਚਿਆਂ ਨੂੰ ਸਕੂਲ ਲਿਜਾਂਦੇ ਹਨ, ਉਹ ਵੀ ਹਮੇਸ਼ਾ ਖਤਰਾ ਹੀ ਬਣੇ ਰਹਿੰਦੇ ਹਨ। ਆਟੋ ਦੇ ਬਾਹਰੀ ਪਾਸੇ ਲੱਗੀ ਇਕ ਕੁੰਡੀ ਨਾਲ ਬੱਚਿਆਂ ਦੇ ਬੈਗ ਲਟਕ ਰਹੇ ਹੁੰਦੇ ਹਨ, ਜੋ ਕਦੇ ਵੀ ਹਾਦਸੇ ਦਾ ਕਾਰਨ ਬਣ ਸਕਦੇ ਹਨ। ਪੇਂਡੂ ਸੰਪਰਕ ਸੜਕਾਂ ’ਤੇ ਹਰ ਤਰ੍ਹਾਂ ਦੇ  ਸਕੂਲ  ਵਾਹਨ ਬੱਚਿਆਂ ਤੁੰਨ-ਤੁੰਨ ਕੇ ਲਿਜਾਂਦੇ  ਅਕਸਰ  ਦੇਖੇ  ਜਾਂਦੇ ਹਨ। 
 


Related News