ਰੂਪਨਗਰ ਦੇ ਲੋਕਾਂ ਨੂੰ ਮੀਂਹ ਪੈਣ ’ਤੇ ਗਰਮੀ ਤੋਂ ਮਿਲੀ ਰਾਹਤ, ਹਨੇਰੀ ਨੇ ਵਧਾਈਆਂ ਮੁਸ਼ਕਲਾਂ

05/24/2022 6:58:45 PM

ਰੂਪਨਗਰ (ਕੈਲਾਸ਼) - ਬੀਤੀ ਦੇਰ ਸ਼ਾਮ ਚੱਲੀ ਤੇਜ਼ ਹਨੇਰੀ ਦੇ ਨਾਲ ਹੋਈ ਤੇਜ਼ ਬਾਰਿਸ਼ ਨਾਲ ਸ਼ਹਿਰ ਦੇ ਤਾਪਮਾਨ ’ਚ ਭਾਰੀ ਗਿਰਾਵਟ ਦਰਜ ਕੀਤੀ ਗਈ। ਤਾਪਮਾਨ ’ਚ ਗਿਰਾਵਟ ਆਉਣ ਕਾਰਨ ਜਿੱਥੇ ਮੌਸਮ ਸੁਹਾਵਨਾ ਹੋ ਗਿਆ, ਉੱਥੇ ਲੋਕਾਂ ਦੇ ਏ.ਸੀ. ਬੰਦ ਹੋ ਗਏ। ਸੂਤਰਾਂ ਅਨੁਸਾਰ ਤਪਦੀ ਗਰਮੀ ਦੌਰਾਨ ਤਾਪਮਾਨ 44-45 ਡਿਗਰੀ ਚੱਲ ਰਿਹਾ ਸੀ, ਉਹ ਹੁਣ ਦਿਨ ’ਚ ਵੱਧ ਤੋਂ ਵੱਧ 36 ਡਿਗਰੀ ਅਤੇ ਦੇਰ ਸ਼ਾਮ 30 ਡਿਗਰੀ ਤਕ ਸਿਮਟ ਕੇ ਰਹਿ ਗਿਆ, ਜਿਸ ਨਾਲ ਲੋਕਾਂ ਨੇ ਗਰਮੀ ਤੋਂ ਭਾਰੀ ਰਾਹਤ ਮਹਿਸੂਸ ਕੀਤੀ। ਇਸ ਦੇ ਨਾਲ ਹੀ ਅੱਜ ਸਵੇਰ ਦੇ ਸਮੇਂ ਪਈ ਬਾਰਿਸ਼ ਤੋਂ ਬਾਅਦ ਸਾਰਾ ਦਿਨ ਮੌਸਮ ਠੰਡਾ ਰਿਹਾ। ਅੱਜ ਦਾ ਵੱਧ ਤੋਂ ਵੱਧ ਤਾਪਮਾਨ 30 ਡਿਗਰੀ ਅਤੇ ਰਾਤ ਦਾ ਘੱਟੋ ਘੱਟ ਤਾਪਮਾਨ 21 ਡਿਗਰੀ ਰਹਿਣ ਦੀ ਸੰਭਾਵਨਾ ਹੈ। ਖੇਤੀ ਮਾਹਰਾਂ ਦਾ ਮੰਨਣਾ ਹੈ ਕਿ ਦੋ ਦਿਨਾਂ ’ਚ ਹੋਈ ਬਾਰਿਸ਼ ਆਉਣ ਵਾਲੀ ਝੋਨੇ ਦੀ ਫ਼ਸਲ ਲਈ ਲਾਹੇਵੰਦ ਰਹੇਗੀ।

ਪੜ੍ਹੋ ਇਹ ਵੀ ਖ਼ਬਰ: ਤਰਨਤਾਰਨ ਵਿਖੇ ਪ੍ਰੇਮੀ ਜੋੜੇ ਨੇ ਕੀਤੀ ਖ਼ੁਦਕੁਸ਼ੀ, ਨੌਜਵਾਨ ਦਾ ਡੇਢ ਮਹੀਨਾ ਪਹਿਲਾਂ ਹੋਇਆ ਸੀ ਵਿਆਹ

ਤੇਜ਼ ਹਨੇਰੀ ਅਤੇ ਮੀਂਹ ਦੇ ਕਾਰਨ ਬਿਜਲੀ ਸਪਲਾਈ ਹੋ ਗੁੱਲ 
ਤੇਜ਼ ਹਨੇਰੀ ਅਤੇ ਮੀਂਹ ਦੇ ਕਾਰਨ ਕਈ ਥਾਵਾਂ ’ਤੇ ਬਿਜਲੀ ਸਪਲਾਈ ਗੁੱਲ ਹੋ ਗਈ। ਜਿਸ ਨਾਲ ਬਿਜਲੀ ਵਿਭਾਗ ਦੇ ਕੋਲ ਸ਼ਿਕਾਇਤਾਂ ਦਾ ਅੰਬਾਰ ਲੱਗ ਗਿਆ। ਲੋਕਾਂ ਨੂੰ ਵਾਰ ਵਾਰ ਸ਼ਿਕਾਇਤ ਕਰਨ ਦੇ ਬਾਵਜੂਦ ਬਿਜਲੀ ਵਿਭਾਗ ਦੇ ਸ਼ਿਕਾਇਤ ਘਰ ਦੇ ਮੁਲਾਜ਼ਮ ਫੋਨ ਨਹੀਂ ਚੁੱਕ ਰਹੇ ਸਨ, ਜਿਸ ਨਾਲ ਲੋਕਾਂ ਦਾ ਗੁੱਸਾ ਵੇਖਣ ਨੂੰ ਮਿਲਿਆ। ਇਸ ਸਬੰਧੀ ਵਿਭਾਗ ਦੇ ਜੇ.ਈ. ਅਵਤਾਰ ਸਿੰਘ ਨੇ ਦੱਸਿਆ ਕਿ ਹਨੇਰੀ ਕਾਰਨ ਭਾਵੇਂ ਕੋਈ ਮੇਜਰ ਬ੍ਰੇਕ ਡਾਊਨ ਨਹੀਂ ਹੋਇਆ ਪਰ ਸ਼ਿਕਾਇਤਾਂ ਔਸਤਨ ਢਾਈ ਗੁਣਾ ਤੋਂ ਵੱਧ ਗਈਆਂ ਹਨ। ਰੂਟੀਨ ’ਚ ਉਨ੍ਹਾਂ ਕੋਲ 30-40 ਸ਼ਿਕਾਇਤਾਂ 24 ਘੰਟਿਆਂ ’ਚ ਆਉਂਦੀਆਂ ਹਨ, ਜੋ ਬੀਤੀ ਦੇਰ ਸ਼ਾਮ 100 ਤੋਂ ਵੱਧ ਸਨ।


rajwinder kaur

Content Editor

Related News