ਚੰਡੀਗੜ੍ਹ ਤੋਂ ਅੰਮ੍ਰਿਤਸਰ ਤੱਕ ਦੀ 200 ਕਿਲੋਮੀਟਰ ਦੌੜ ਦੇ ਦੌੜਾਕ ਪੁੱਜੇ ਭੁਲੱਥ

11/26/2019 7:24:03 PM

ਭੁਲੱਥ (ਰਜਿੰਦਰ)— ਬੀਤੇ ਕੱਲ੍ਹ ਚੰਡੀਗੜ੍ਹ ਤੋਂ ਅੰਮ੍ਰਿਤਸਰ ਤੱਕ ਲਈ ਸ਼ੁਰੂ ਹੋਈ 'ਦਾ ਗਰੇਟ ਰਨ ਆਫ ਪੰਜਾਬ' ਦੇ ਦੌੜਾਕ ਦੇਰ ਸ਼ਾਮ ਭੁਲੱਥ ਸ਼ਹਿਰ ਪੁੱਜੇ। 200 ਕਿਲੋਮੀਟਰ ਦੀ ਇਸ ਦੌੜ ਦਾ ਦੂਜੇ ਦਿਨ ਦਾ ਟੀਚਾ ਦੇਰ ਸ਼ਾਮ ਤੱਕ ਭੁਲੱਥ ਪਹੁੰਚ ਕੇ ਪੂਰਾ ਹੋਇਆ। ਇਸ ਮੌਕੇ ਇਨ੍ਹਾਂ ਦੌੜਾਕਾਂ ਅਤੇ ਟੀਮ ਦਾ ਭੁਲੱਥ ਸ਼ਹਿਰ 'ਚ ਖੇਡ ਪ੍ਰੇਮੀ ਸੁਨੀਲ ਸ਼ਰਮਾ ਵੱਲੋਂ ਸਵਾਗਤ ਕੀਤਾ ਗਿਆ। ਜਿਸ ਉਪਰੰਤ ਇਸ ਟੀਮ ਨੇ ਇਥੇ ਕੁਝ ਸਮੇਂ ਲਈ ਆਰਾਮ ਕੀਤਾ। ਇਸ ਮੌਕੇ ਦੌੜ ਦੀ ਆਰਗੇਨਾਈਜ਼ਰ ਮਹਿਕ ਖੰਨਾ ਨੇ ਦਸਿਆ ਕਿ ਇਸ ਦੌੜ ਦਾ ਮਕਸਦ ਇਹ ਹੈ ਕਿ ਅਸੀ ਲੋਕਾਂ ਨੂੰ ਜਾਗਰੂਕ ਕਰੀਏ ਕਿ ਪਰਾਲੀ ਨਾ ਸਾੜੀਏ ਅਤੇ ਕਿਸਾਨ ਦੇ ਹੱਕ ਦੀ ਗੱਲ ਕਰਦੇ ਹੋਏ ਪੰਜਾਬ ਦੀ ਖੂਬਸੂਰਤੀ ਤੇ ਫਿਟਨੈਸ ਦੀ ਗੱਲ ਕਰੀਏ। 

PunjabKesari

ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਨੂੰ ਫਿਟਨੈੱਸ ਵੱਲ ਲਿਜਾਣਾ ਚਾਹੁੰਦੇ ਹਨ। ਇਹੋ ਜਿਹੀ ਦੌੜ ਭਾਰਤ 'ਚ ਕਦੇ ਨਹੀਂ ਹੋਈ। ਇਹ ਸਾਡੀ ਦੂਜੇ ਸਾਲ ਦੀ ਦੌੜ ਹੈ। ਇਸ ਦੌੜ 'ਚ ਕੁਝ ਚੋਣਵੇਂ ਦੌੜਾਕ ਚੰਡੀਗੜ੍ਹ ਤੋਂ ਅੰਮ੍ਰਿਤਸਰ ਤੱਕ ਦੌੜਦੇ ਹੋਏ ਪਹੁੰਚਦੇ ਹਨ। ਇਹ 200 ਕਿਲੋਮੀਟਰ ਤੱਕ ਦੌੜ ਤਿੰਨ ਦਿਨਾਂ 'ਚ ਪੂਰੀ ਕਰਨੀ ਹੁੰਦੀ ਹੈ। ਇਸ ਵਿਚ ਦੌੜਾਕ ਰੋਜ਼ਾਨਾਂ 70 ਤੋਂ 80 ਕਿਲੋਮੀਟਰ ਦੌੜਦੇ ਹਨ। 

ਉਨ੍ਹਾਂ ਦਸਿਆ ਕਿ ਚੰਡੀਗੜ੍ਹ ਤੋਂ ਜਦੋਂ ਇਹ ਦੌੜ ਸ਼ੁਰੂ ਹੋਈ ਅਤੇ ਉਸ 'ਚ ਵੱਡੀ ਗਿਣਤੀ 'ਚ ਲੋਕਾਂ ਨੇ ਹਿੱਸਾ ਲਿਆ। ਜਿਸ 'ਚ ਅਨੇਕਾਂ ਲੋਕ 3, 10 ਅਤੇ 21 ਕਿਲੋਮੀਟਰ ਤੱਕ ਦੌੜੇ, ਜਦਕਿ ਵਧੇਰੇ ਲੋਕਾਂ ਨੇ ਚੰਡੀਗੜ• ਤੋਂ ਰੋਪੜ ਤੱਕ 50 ਕਿਲੋਮੀਟਰ ਤੱਕ ਦੀ ਦੌੜ ਪੂਰੀ ਕੀਤੀ। ਉਨ੍ਹਾਂ ਦਸਿਆ ਕਿ ਦੌੜਾਕਾਂ 'ਚ ਪੂਰਾ ਜੋਸ਼ ਹੈ , ਇਹ ਦੌੜ ਅੰਮ੍ਰਿਤਸਰ ਦੇ ਰੋਜ਼ ਗਾਰਡਨ ਜਾ ਕੇ ਸਮਾਪਤ ਹੋਵੇਗੀ। ਉਨ੍ਹਾਂ ਕਿਹਾ ਕਿ 200 ਕਿਲੋਮੀਟਰ ਦੀ ਦੌੜ ਪੂਰੀ ਕਰਨ ਵਾਲਿਆਂ ਨੂੰ 'ਟੀ. ਜੀ. ਆਰ. ਪੀ. ਸ਼ੇਰੇ ਪੰਜਾਬ' ਦਾ ਖਿਤਾਬ ਦਿੱਤਾ ਜਾਵੇਗਾ। ਇਸ ਮੌਕੇ ਬਲਵਿੰਦਰ ਸਿੰਘ ਨੇ ਕਿਹਾ ਕਿ ਜਿਹੜੀ ਦੌੜ 42 ਕਿਲੋਮੀਟਰ ਤੋਂ ਵੱਧ ਹੁੰਦੀ ਹੈ, ਉਸ ਨੂੰ ਅਲਟਰਾ ਦੌੜ ਕਿਹਾ ਜਾਂਦਾ ਹੈ। ਇਹ ਮਲਟੀਸਿਟੀ ਅਤੇ ਮਲਟੀਸਟੇਜ ਦੌੜ ਹੈ। ਇਥੇ ਦੱਸਣਯੋਗ ਹੈ ਕਿ ਇਸ ਦੌੜ 'ਚ 8 ਦੌੜਾਕ ਸ਼ਾਮਲ ਹਨ, ਜੋ ਚੰਡੀਗੜ੍ਹ ਤੋਂ ਅੰਮ੍ਰਿਤਸਰ ਤੱਕ ਦੌੜ ਰਹੇ ਹਨ।


shivani attri

Edited By shivani attri