ਤਨਖ਼ਾਹ ਲੈ ਕੇ ਘਰ ਜਾ ਰਹੇ ਵਿਅਕਤੀ ਨੂੰ ਲੁਟੇਰਿਆਂ ਨੇ ਜ਼ਖ਼ਮੀ ਕਰਕੇ ਲੁੱਟੇ 20 ਹਜ਼ਾਰ ਰੁਪਏ
Saturday, Aug 10, 2024 - 03:45 PM (IST)
ਲਾਂਬੜਾ (ਵਰਿੰਦਰ)- ਥਾਣਾ ਲਾਂਬੜਾ ਦੇ ਇਲਾਕੇ ’ਚ 4 ਨੌਜਵਾਨਾਂ ਨੇ ਇਕ ਮੋਟਰਸਾਈਕਲ ਸਵਾਰ ਨੂੰ ਰੋਕ ਕੇ ਤੇਜ਼ਧਾਰ ਹਥਿਆਰਾਂ ਨਾਲ ਜ਼ਖ਼ਮੀ ਕਰ ਦਿੱਤਾ ਅਤੇ ਉਸ ਦੀ ਜੇਬ 'ਚੋਂ ਨਕਦੀ ਲੁੱਟ ਕੇ ਮੌਕੇ ਤੋਂ ਫ਼ਰਾਰ ਹੋ ਗਏ। ਜਾਣਕਾਰੀ ਦਿੰਦੇ ਹੋਏ ਗੁਰਪ੍ਰੀਤ ਸਿੰਘ ਪੁੱਤਰ ਪ੍ਰਤਾਪ ਸਿੰਘ ਵਾਸੀ ਲਾਂਬੜਾ ਨੇ ਦੱਸਿਆ ਕਿ ਉਹ ਨਕੋਦਰ ਚੌਂਕ ’ਚ ਡਰਾਈਵਰੀ ਦਾ ਕੰਮ ਕਰਦਾ ਹੈ ਅਤੇ ਬੀਤੇ ਦਿਨ ਉਸ ਨੂੰ 20 ਹਜ਼ਾਰ ਰੁਪਏ ਮਹੀਨਾ ਤਨਖ਼ਾਹ ਮਿਲੀ ਸੀ।
ਉਸ ਨੇ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਰਾਤ 8 ਵਜੇ ਦੇ ਕਰੀਬ ਕੰਮ ਤੋਂ ਛੁੱਟੀ ਕਰਕੇ ਉਹ ਮੋਟਰਸਾਈਕਲ ’ਤੇ ਆਪਣੇ ਘਰ ਲਾਂਬੜਾ ਵੱਲ ਜਾ ਰਿਹਾ ਸੀ ਅਤੇ ਜਿਵੇਂ ਹੀ ਉਹ ਪਿੰਡ ਗੋਕਲਪੁਰ ਦੇ ਮੋੜ ਤੋਂ ਥੋੜ੍ਹਾ ਅੱਗੇ ਗਿਆ ਤਾਂ ਸੜਕ ਕੰਢੇ ਇਕ ਨੌਜਵਾਨ ਪਿਸ਼ਾਬ ਕਰ ਰਿਹਾ ਸੀ। ਪਿਸ਼ਾਬ ਕਰ ਰਿਹਾ ਨੌਜਵਾਨ ਉਸ ਦੇ ਬਿਲਕੁਲ ਸਾਹਮਣੇ ਆਇਆ ਅਤੇ ਉਸ ਨੂੰ ਰੋਕ ਲਿਆ। ਉਸ ਨੇ ਦੱਸਿਆ ਕਿ ਇਸੇ ਦੌਰਾਨ ਤੇਜ਼ਧਾਰ ਹਥਿਆਰਾਂ ਨਾਲ ਲੈਸ 3 ਹੋਰ ਨੌਜਵਾਨ ਉਸ ਦੇ ਨੇੜੇ ਆ ਗਏ। ਗੁਰਪ੍ਰੀਤ ਨੇ ਦੱਸਿਆ ਕਿ ਚਾਰੋਂ ਨੌਜਵਾਨਾਂ ਨੇ ਉਸ ਨਾਲ ਧੱਕਾ-ਮੁੱਕੀ ਕਰਨੀ ਸ਼ੁਰੂ ਕਰ ਦਿੱਤੀ ਅਤੇ 2 ਨੌਜਵਾਨਾਂ ਨੇ ਉਸ ਦਾ ਬੈਗ ਖੋਹ ਲਿਆ ਅਤੇ ਉਸ ਦੀ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ- ਅਹਿਮ ਖ਼ਬਰ: ਸ਼ਾਨ-ਏ-ਪੰਜਾਬ ਸਣੇ 26 ਟਰੇਨਾਂ ਰੱਦ ਤੇ 25 ਡਾਇਵਰਟ, ਰੱਖੜੀ ਮੌਕੇ ਚੱਲਣਗੀਆਂ ਇਹ ਸਪੈਸ਼ਲ ਟਰੇਨਾਂ
ਇਕ ਨੌਜਵਾਨ ਨੇ ਉਸ ਦੀ ਪੈਂਟ ਦੀ ਜੇਬ 'ਚੋਂ 20 ਹਜ਼ਾਰ ਰੁਪਏ ਦੀ ਨਕਦੀ ਲੁੱਟ ਲਈ। ਉਸ ਨੇ ਦੱਸਿਆ ਕਿ ਜਦੋਂ ਉਸ ਨੇ ਇਸ ਗੱਲ ਦਾ ਵਿਰੋਧ ਕੀਤਾ ਤਾਂ 3 ਨੌਜਵਾਨਾਂ ਨੇ ਉਸ 'ਤੇ ਤੇਜ਼ਧਾਰ ਦਾਤਰਾਂ ਨਾਲ ਹਮਲਾ ਕਰ ਦਿੱਤਾ। ਗੁਰਪ੍ਰੀਤ ਨੇ ਦੱਸਿਆ ਕਿ ਹਮਲੇ ’ਚ ਉਸ ਦੀ ਉਂਗਲੀ ਅਤੇ ਬਾਂਹ 'ਤੇ ਸੱਟ ਲੱਗੀ ਹੈ। ਗੁਰਪ੍ਰੀਤ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਲਿਖਤੀ ਸ਼ਿਕਾਇਤ ਥਾਣਾ ਲਾਂਬੜਾ ਨੂੰ ਦੇ ਦਿੱਤੀ ਗਈ ਹੈ। ਸੂਚਨਾ ਮਿਲਣ ਤੋਂ ਬਾਅਦ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਲਾਂਬੜਾ ’ਚ ਨਹੀਂ ਰੁਕ ਰਹੀਆਂ ਲੁੱਟ-ਖੋਹ ਦੀਆਂ ਵਾਰਦਾਤਾਂ
ਪਿਛਲੇ ਕੁਝ ਦਿਨਾਂ ਤੋਂ ਥਾਣਾ ਲਾਂਬੜਾ ਦੇ ਇਲਾਕੇ 'ਚ ਲੁੱਟ-ਖੋਹ ਦੀਆਂ ਵਾਰਦਾਤਾਂ ’ਚ ਕਾਫੀ ਵਾਧਾ ਹੋਇਆ ਹੈ ਤੇ ਲੁਟੇਰੇ ਬੇਖੌਫ ਹੋ ਕੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ ਤੇ ਬਿਨਾਂ ਕਿਸੇ ਡਰ ਦੇ ਮੌਕੇ ਤੋਂ ਫਰਾਰ ਹੋ ਜਾਂਦੇ ਹਨ। ਕਈ ਵਾਰ ਪੁਲਸ ਘਟਨਾ ਤੋਂ ਬਾਅਦ ਮੌਕੇ ’ਤੇ ਵੀ ਨਹੀਂ ਜਾਂਦੀ ਤੇ ਸ਼ਿਕਾਇਤ ਲੈ ਕੇ ਮਾਮਲਾ ਟਾਲ ਦਿੱਤਾ ਜਾਂਦਾ ਹੈ। ਪਿਛਲੇ ਮਹੀਨੇ ਲਾਂਬੜਾ 'ਚ ਡੇਅਰੀ ਮਾਲਕ ਪ੍ਰਮੋਦ ਕੁਮਾਰ ਪੁੱਤਰ ਦੇਵ ਰਾਜ ਤੇ ਉਸ ਦੇ ਲੜਕੇ ਲਲਤੇਸ਼ ਕੁਮਾਰ ਵਾਸੀ ਲੱਲੀਆਂ ਖੁਰਦ ਤੋਂ ਸਮਰਾ ਪੈਲੇਸ ਨੇੜਿਓਂ ਰਿਵਾਲਵਰ ਦੀ ਨੋਕ ’ਤੇ 32500 ਰੁਪਏ ਦੀ ਨਕਦੀ ਅਤੇ 100 ਸਾਊਦੀ ਰਿਆਲ ਲੁੱਟ ਲਏ ਸਨ। ਇਸ ਲੁੱਟ ਦੀ ਸੂਚਨਾ ਥਾਣਾ ਲਾਂਬੜਾ ਪੁਲਸ ਨੂੰ ਦਿੱਤੀ ਗਈ ਸੀ ਪਰ ਇਕ ਮਹੀਨੇ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਲਾਂਬੜਾ ਪੁਲਸ ਲੁਟੇਰਿਆਂ ਦੀ ਪਹਿਚਾਣ ਨਹੀਂ ਕਰ ਸਕੀ ਹੈ। ਅਜਿਹੀ ਢਿੱਲਮੱਠ ਕਾਰਨ ਪੁਲਸ ਦੀ ਕਾਰਜਸ਼ੈਲੀ ’ਤੇ ਸਵਾਲੀਆ ਨਿਸ਼ਾਨ ਲੱਗ ਰਿਹਾ ਹੈ।
ਇਹ ਵੀ ਪੜ੍ਹੋ- ਵੱਡਾ ਖ਼ੁਲਾਸਾ: ਸਰਹੱਦ ਪਾਰੋਂ ਹੁਣ ਹਲਕੇ ਡਰੋਨ ਆਉਣ ਲੱਗੇ, ਫੜਨ ਲਈ BSF ਨੇ ਅਪਣਾਈ ਨਵੀਂ ਰਣਨੀਤੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ