''ਟੁੱਟੀਆਂ ਸੜਕਾਂ ਕਾਰਨ ਪ੍ਰੇਸ਼ਾਨ ਦਿਸੇ ਸੰਸਦ ਮੈਂਬਰ ਤੇ ਵਿਧਾਇਕ

Wednesday, Mar 06, 2019 - 11:24 AM (IST)

''ਟੁੱਟੀਆਂ ਸੜਕਾਂ ਕਾਰਨ ਪ੍ਰੇਸ਼ਾਨ ਦਿਸੇ ਸੰਸਦ ਮੈਂਬਰ ਤੇ ਵਿਧਾਇਕ

ਜਲੰਧਰ (ਖੁਰਾਣਾ)— ਲੋਕ ਸਭਾ ਚੋਣਾਂ ਸਿਰ 'ਤੇ ਹਨ ਤੇ ਅਜਿਹੇ ਸਮੇਂ ਵਿਚ ਸ਼ਹਿਰ ਦੀਆਂ ਤਮਾਮ ਸੜਕਾਂ ਟੁੱਟੀਆਂ ਹੋਈਆਂ ਹਨ। ਉਸ ਨੂੰ ਲੈ ਕੇ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਜੋ ਕਿ ਦੁਬਾਰਾ ਲੋਕ ਸਭਾ ਚੋਣਾਂ ਲੜਨ ਦੀ ਪਲਾਨਿੰਗ ਕਰ ਰਹੇ ਹਨ ਅਤੇ ਸ਼ਹਿਰ ਦੇ ਵਿਧਾਇਕਾਂ 'ਚ ਕਾਫੀ ਘਬਰਾਹਟ ਪਾਈ ਜਾ ਰਹੀ ਹੈ ਕਿਉਂਕਿ ਟੁੱਟੀਆਂ ਸੜਕਾਂ ਦਾ ਮੁੱਦਾ ਚੋਣਾਂ 'ਚ ਜਨਤਾ ਦੀ ਨਾਰਾਜ਼ਗੀ ਦਾ ਕਾਰਨ ਬਣ ਰਿਹਾ ਹੈ। ਟੁੱਟੀਆਂ ਸੜਕਾਂ ਦੇ ਮੁੱਦੇ 'ਤੇ ਚੌਧਰੀ ਸੰਤੋਖ ਸਿੰਘ ਨੇ ਬੀਤੇ ਦਿਨ ਫਿਰ ਮੇਅਰ ਜਗਦੀਸ਼ ਰਾਜਾ ਨਾਲ ਇਕ ਮੀਟਿੰਗ ਕੀਤੀ, ਜਿਸ 'ਚ ਵਿਧਾਇਕ ਰਾਜਿੰਦਰ ਬੇਰੀ, ਵਿਧਾਇਕ ਬਾਵਾ ਹੈਨਰੀ, ਨਿਗਮ ਕਮਿਸ਼ਨਰ ਦੀਪਰਵ ਲਾਕੜਾ ਤੋਂ  ਇਲਾਵਾ ਐੈੱਸ. ਈ. ਅਸ਼ਵਨੀ ਚੌਧਰੀ, ਐੱਸ. ਈ. ਰਜਨੀਸ਼ ਡੋਗਰਾ ਅਤੇ ਹੋਰ ਅਧਿਕਾਰੀ ਮੌਜੂਦ ਸਨ। ਮੀਟਿੰਗ ਦੌਰਾਨ ਮੇਅਰ ਨੇ ਕਿਹਾ ਕਿ ਪਿਛਲੇ ਦਿਨੀਂ ਹੋਈ ਬਰਸਾਤ ਕਾਰਨ ਸੜਕਾਂ ਟੁੱਟ ਗਈਆਂ ਹਨ। ਮੌਸਮ ਸਾਫ ਹੁੰਦਿਆਂ ਹੀ ਅਗਲੇ ਸੋਮਵਾਰ ਹੌਟ ਮਿਕਸ ਪਲਾਂਟ ਚੱਲ ਸਕਦੇ ਹਨ ਅਤੇ ਉਨ੍ਹਾਂ ਦੇ ਚੱਲਦਿਆਂ ਹੀ ਨਵੀਆਂ ਸੜਕਾਂ ਬਣਾਉਣ ਦਾ ਕੰਮ ਸ਼ੁਰੂ ਕਰਵਾ ਦਿੱਤਾ ਜਾਵੇਗਾ, ਜਿਸ ਦੇ ਲਈ ਪੂਰੀ ਤਿਆਰੀ ਹੋ ਚੁੱਕੀ ਹੈ। ਵਰਕ ਆਰਡਰ ਜਾਰੀ ਹੋ ਚੁੱਕੇ ਹਨ ਤੇ ਮੌਕੇ 'ਤੇ ਕੰਮ ਵੀ ਚੱਲ ਰਹੇ ਹਨ। ਵਿਸਾਖੀ ਤੱਕ ਸ਼ਹਿਰ ਦੀਆਂ ਸੜਕਾਂ ਨੂੰ ਬਿਲਕੁਲ ਦਰੁਸਤ ਕਰ ਲਿਆ  ਜਾਵੇਗਾ। 
ਠੇਕੇਦਾਰਾਂ ਦੀ ਦੇਣੀ ਹੋਵੇਗੀ ਪੇਮੈਂਟ
ਇਸ ਦੌਰਾਨ ਪਤਾ ਲੱਗਾ ਹੈ ਕਿ ਨਿਗਮ ਵਿਚ ਠੇਕੇਦਾਰ ਪੇਮੈਂਟ ਨਾ ਮਿਲਣ ਕਾਰਨ ਕਾਫੀ ਪ੍ਰੇਸ਼ਾਨ ਹਨ। ਜਿਸ ਕਾਰਨ ਉਨ੍ਹਾਂ ਦੇ ਕਈ ਕੰਮ ਰੁਕੇ ਹੋਏ ਹਨ ਤੇ ਕਈ ਕੰਮ ਹੌਲੀ-ਹੌਲੀ ਕੀਤੇ ਜਾ ਰਹੇ ਹਨ। ਸੂਤਰਾਂ ਨੇ ਦੱਸਿਆ ਕਿ ਲੁੱਕ-ਬੱਜਰੀ ਵਾਲੇ ਮੁੱਖ ਠੇਕੇਦਾਰ ਅਗਰਵਾਲ ਨੇ ਹੀ ਨਿਗਮ ਕੋਲੋਂ 2 ਕਰੋੜ ਤੋਂ ਵੱਧ  ਲੈਣੇ ਹਨ। ਪੇਮੈਂਟ ਮਿਲਣ ਤੋਂ ਬਾਅਦ ਹੀ ਠੇਕੇਦਾਰਾਂ ਵੱਲੋਂ ਅੱਗੇ ਕੰਮ ਸ਼ੁਰੂ ਕੀਤੇ ਜਾਣ ਦੀ ਸੰਭਾਵਨਾ ਹੈ। ਅੱਜ ਹੋਈ ਮੀਟਿੰਗ ਦੌਰਾਨ ਫੰਡ 'ਤੇ ਵੀ ਚਰਚਾ ਹੋਈ ਤੇ ਫੈਸਲਾ ਲਿਆ ਗਿਆ  ਕਿ ਮਾਰਚ ਮਹੀਨੇ ਵਿਚ ਸ਼ੁਰੂ ਹੋਣ ਵਾਲੀ ਰਿਕਵਰੀ ਦੇ ਪੈਸਿਆਂ ਨਾਲ ਠੇਕੇਦਾਰਾਂ ਨੂੰ  ਭੁਗਤਾਨ ਕਰ ਕੇ ਜਲਦੀ ਨਵੀਆਂ ਸੜਕਾਂ ਬਣਾ ਲਈਆਂ ਜਾਣਗੀਆਂ।


author

shivani attri

Content Editor

Related News