ਨੂਰਪੁਰਬੇਦੀ: ਸੜਕ ਹਾਦਸੇ ਨੇ ਤਬਾਹ ਕੀਤੀਆਂ ਘਰ ਦੀਆਂ ਖ਼ੁਸ਼ੀਆਂ, ਮਾਪਿਆਂ ਦੇ ਇਕਲੌਤੇ ਪੁੱਤਰ ਦੀ ਮੌਤ
Thursday, Dec 09, 2021 - 06:24 PM (IST)
ਨੂਰਪੁਰਬੇਦੀ (ਭੰਡਾਰੀ)-ਅੱਜ ਸਵੇਰੇ ਨੂਰਪੁਰਬੇਦੀ-ਗਡ਼੍ਹਸ਼ੰਕਰ ਮੁੱਖ ਮਾਰਗ ’ਤੇ ਸਥਾਨਕ ਭਾਰਤੀ ਸਟੇਟ ਬੈਂਕ ਦੇ ਲਾਗੇ ਇਕ ਤੇਲ ਦੇ ਟੈਂਕਰ ਹੇਠ ਕੁਚਲੇ ਜਾਣ ’ਤੇ ਗੰਭੀਰ ਰੂਪ ’ਚ ਜ਼ਖ਼ਮੀਂ ਹੋਏ ਇਕ ਨੌਜਵਾਨ ਮੋਟਰਸਾਈਕਲ ਚਾਲਕ ਦੀ ਮੌਤ ਹੋ ਗਈ। ਨੂਰਪੁਰਬੇਦੀ ਦਾ ਰਹਿਣ ਵਾਲਾ ਉਕਤ 35 ਸਾਲਾ ਨੌਜਵਾਨ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਨੌਜਵਾਨ ਹਰੀਸ਼ ਕੁਮਾਰ ਪੁੱਤਰ ਪ੍ਰਕਾਸ਼ ਚੰਦ ਜੋ ਨੂਰਪੁਰਬੇਦੀ ਸਬ-ਤਹਿਸੀਲ ਕੰਪਲੈਕਸ ਲਾਗੇ ਮਕਾਨਾਂ ਦੇ ਨਕਸ਼ੇ ਬਣਾਉਣ ਦਾ ਕੰਮ ਕਰਦਾ ਸੀ ਅਤੇ ਕਿਸੇ ਕੰਮ ਲਈ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਨੂਰਪੁਰਬੇਦੀ ਸ਼ਹਿਰ ਵੱਲ ਆ ਰਿਹਾ ਸੀ ਪਰ ਜਦੋਂ ਉਹ ਸਥਾਨਕ ਸਟੇਟ ਬੈਂਕ ਆਫ਼ ਇੰਡੀਆ ਤੋਂ ਥੋੜਾ ਅੱਗੇ ਪਹੁੰਚਿਆ ਤਾਂ ਊਨਾ ਤੋਂ ਅੰਬਾਲਾ ਵੱਲ ਜਾ ਰਹੇ ਇਕ ਤੇਲ ਨਾਲ ਲੱਦੇ ਟੈਂਕਰ ਨੇ ਉਸ ਦੇ ਮੋਟਰਸਾਈਕਲ ਨੂੰ ਅਚਾਨਕ ਪਿੱਛੋਂ ਟੱਕਰ ਮਾਰੀ। ਇਸ ਦੇ ਬਾਅਦ ਨੌਜਵਾਨ ਮੋਟਰਸਾਈਕਲ ਚਾਲਕ ਟਾਇਰਾਂ ਹੇਠ ਕੁਚਲੇ ਜਾਣ ’ਤੇ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ। ਘਟਨਾ ਦਾ ਪਤਾ ਚੱਲਣ ’ਤੇ ਤੁਰੰਤ ਸਥਾਨਕ ਥਾਨੇ ਤੋਂ ਏ. ਐੱਸ. ਆਈ. ਲੇਖਾ ਸਿੰਘ ਹੋਰਨਾਂ ਪੁਲਸ ਮੁਲਾਜ਼ਮਾਂ ਨਾਲ ਘਟਨਾ ਸਥਾਨ ’ਤੇ ਪਹੁੰਚ ਗਏ।
ਇਹ ਵੀ ਪੜ੍ਹੋ: ਪੰਜਾਬ ਸਰਕਾਰ ’ਤੇ ਮਜੀਠੀਆ ਦਾ ਵੱਡਾ ਹਮਲਾ, ‘ਚੰਨੀ ਸਿਰਫ਼ ਐਲਾਨਜੀਤ ਸਿੰਘ ਬਣ ਕੇ ਰਹਿ ਗਏ’
ਨੌਜਵਾਨ ਦੀ ਗੰਭੀਰ ਹਾਲਤ ਨੂੰ ਵੇਖਦਿਆਂ ਉਸ ਨੂੰ ਤੁਰੰਤ ਐਂਬੂਲੈਂਸ ਰਾਹੀਂ ਇਕ ਨਿਜੀ ਹਸਪਤਾਲ ਤੋਂ ਬਾਅਦ ਸਰਕਾਰੀ ਹਸਪਤਾਲ ਵਿਖੇ ਇਲਾਜ ਲਈ ਲਿਜਾਇਆ ਗਿਆ। ਮਗਰ ਜ਼ਖ਼ਮਾਂ ਦੀ ਤਾਬ ਨਾ ਸਹਾਰਦਿਆਂ ਉਸ ਨੇ ਰਸਤੇ ’ਚ ਹੀ ਦਮ ਤੋੜ ਦਿੱਤਾ। ਖ਼ਬਰ ਲਿਖੇ ਜਾਣ ਤੱਕ ਪੁਲਸ ਟੈਂਕਰ ਚਾਲਕ ਵਿਰੁੱਧ ਕਾਨੂੰਨੀ ਕਾਰਵਾਈ ਕਰਨ ’ਚ ਜੁਟੀ ਹੋਈ ਸੀ ਤੇ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭਾਈ ਜੈਤਾ ਜੀ ਸਿਵਲ ਹਸਪਤਾਲ ਅਨੰਦਪੁਰ ਸਾਹਿਬ ਵਿਖੇ ਭੇਜ ਦਿੱਤਾ ਗਿਆ। ਮ੍ਰਿਤਕ ਨੌਜਵਾਨ ਆਪਣੇ ਪਿੱਛੇ ਵਿਧਵਾ ਪਤਨੀ ਤੋਂ ਇਲਾਵਾ 1 ਸਾਲ ਅਤੇ 2 ਸਾਲ ਦੀ ਉਮਰ ਦੇ 2 ਨੰਨ੍ਹੇ ਬੱਚੇ ਛੱਡ ਗਿਆ ਹੈ।
ਇਹ ਵੀ ਪੜ੍ਹੋ: ਜਲੰਧਰ 'ਚ ਬਰਥ ਡੇਅ ਪਾਰਟੀ ਦੌਰਾਨ ਗੁੰਡਾਗਰਦੀ ਦਾ ਨੰਗਾ ਨਾਚ, ਚੱਲੇ ਤੇਜ਼ਧਾਰ ਹਥਿਆਰ ਤੇ ਸਾੜੇ ਮੋਟਰਸਾਈਕਲ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ